ਮਸ਼ਹੂਰ ਸਿੰਗਰ ਦਾ ਪੁੱਤ ਜੰਗ ਦੇ ਵਿਚਕਾਰ ਦੁਬਈ 'ਚ ਫਸਿਆ ! ਭਾਰਤ ਸਰਕਾਰ ਨੂੰ ਲਾਈ ਮਦਦ ਦੀ ਗੁਹਾਰ
Wednesday, Mar 04, 2026 - 07:00 PM (IST)
ਮਨੋਰੰਜਨ ਡੈਸਕ : ਮਿਡਲ ਈਸਟ ਵਿੱਚ ਇਜ਼ਰਾਈਲ, ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦੇ ਭਿਆਨਕ ਹਾਲਾਤ ਦਰਮਿਆਨ ਮਸ਼ਹੂਰ ਬਾਲੀਵੁੱਡ ਗਾਇਕ ਅਭਿਜੀਤ ਭੱਟਾਚਾਰੀਆ ਦਾ ਪੁੱਤਰ ਜੈ ਭੱਟਾਚਾਰੀਆ ਦੁਬਈ ਵਿੱਚ ਫਸ ਗਿਆ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਗਾਇਕ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਆਪਣੇ ਪੁੱਤਰ ਦੀ ਸੁਰੱਖਿਅਤ ਘਰ ਵਾਪਸੀ ਲਈ ਤੁਰੰਤ ਮਦਦ ਦੀ ਅਪੀਲ ਕੀਤੀ ਹੈ।
ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਦਰਦ
ਅਭਿਜੀਤ ਭੱਟਾਚਾਰੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੈ ਇਸ ਵੇਲੇ ਦੁਬਈ ਵਿੱਚ ਹੈ, ਜਿੱਥੇ ਹਾਲਾਤ ਬਹੁਤ ਖਰਾਬ ਹਨ। ਉਨ੍ਹਾਂ ਮੁਤਾਬਕ ਦੁਬਈ ਦੇ ਅਸਮਾਨ ਵਿੱਚ ਕਈ ਡਰੋਨ ਦੇਖੇ ਗਏ ਹਨ, ਜਿਸ ਕਾਰਨ ਪਰਿਵਾਰ ਕਾਫੀ ਚਿੰਤਤ ਹੈ। ਅਭਿਜੀਤ ਨੇ ਲਿਖਿਆ, "ਇੱਕ ਪਿਤਾ ਹੋਣ ਦੇ ਨਾਤੇ ਇਹ ਸਾਡੇ ਪਰਿਵਾਰ ਲਈ ਬਹੁਤ ਮੁਸ਼ਕਲ ਸਮਾਂ ਹੈ। ਮੈਂ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਉਸ ਨੂੰ ਸੁਰੱਖਿਅਤ ਘਰ ਲਿਆਉਣ ਵਿੱਚ ਮਦਦ ਕਰਨ ਦੀ ਗੁਜ਼ਾਰਿਸ਼ ਕਰਦਾ ਹਾਂ"।
ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ
ਆਪਣੀ ਪੋਸਟ ਵਿੱਚ ਅਭਿਜੀਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰਾਲੇ ਅਤੇ ਏਅਰਲਾਈਨਜ਼ ਨੂੰ ਵੀ ਟੈਗ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਤੁਰੰਤ ਸਹਿਯੋਗ ਮਿਲੇਗਾ। ਜੰਗ ਦੇ ਇਨ੍ਹਾਂ ਹਾਲਾਤਾਂ ਕਾਰਨ ਸਿਰਫ਼ ਆਮ ਲੋਕ ਹੀ ਨਹੀਂ, ਸਗੋਂ ਕਈ ਫਿਲਮੀ ਸਿਤਾਰੇ ਵੀ ਯੂ.ਏ.ਈ. (UAE) ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਸ ਗਏ ਸਨ। ਅਦਾਕਾਰਾ ਸੋਨਲ ਚੌਹਾਨ ਅਤੇ ਈਸ਼ਾ ਗੁਪਤਾ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਫਸੇ ਹੋਣ ਦੀ ਜਾਣਕਾਰੀ ਦਿੱਤੀ ਸੀ, ਹਾਲਾਂਕਿ ਇਹ ਦੋਵੇਂ ਅਦਾਕਾਰਾਵਾਂ ਹੁਣ ਭਾਰਤ ਪਰਤ ਆਈਆਂ ਹਨ।
ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕੀਤਾ ਸੀ, ਜਿਸ ਦਾ ਉਦੇਸ਼ ਈਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣਾ ਦੱਸਿਆ ਗਿਆ ਸੀ। ਇਸ ਦੇ ਜਵਾਬ ਵਿੱਚ ਈਰਾਨ ਨੇ ਮਿਡਲ ਈਸਟ ਵਿੱਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਅਤੇ ਕਈ ਦੇਸ਼ਾਂ 'ਤੇ ਹਮਲੇ ਕੀਤੇ ਹਨ, ਜਿਸ ਕਾਰਨ ਦੁਬਈ ਸਮੇਤ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
