ਵੱਡੀ ਖ਼ਬਰ ; ਮਸ਼ਹੂਰ ਪੰਜਾਬੀ ਗਾਇਕ ਹੋਇਆ ਗ੍ਰਿਫ਼ਤਾਰ, 10 ਸਾਲਾਂ ਤੋਂ ...
Thursday, Aug 07, 2025 - 10:14 AM (IST)

ਐਂਟਰਟੇਨਮੈਂਟ ਡੈਸਕ- ਮਿਊਜ਼ਿਕ ਇੰਡਸਟਰੀ ਤੋਂ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਏਜੰਸੀ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਦੋਸ਼ੀ ਜਗੀਰ ਸਿੰਘ ਉਰਫ਼ ਬਾਜ਼ ਸਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ 36 ਕਿਲੋ ਅਫੀਮ ਦੀ ਤਸਕਰੀ ਦੇ ਇੱਕ ਪੁਰਾਣੇ ਮਾਮਲੇ ਵਿੱਚ 10 ਸਾਲਾਂ ਤੋਂ ਭਗੌੜਾ ਸੀ।
ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਜਗੀਰ ਸਿੰਘ, ਜਿਸਨੂੰ 'ਬਾਜ਼' ਵੀ ਕਿਹਾ ਜਾਂਦਾ ਹੈ, 2016 ਵਿੱਚ ਇੱਕ ਡਰੱਗਜ਼ ਮਾਮਲੇ ਵਿੱਚ ਪੁਲਸ ਨੂੰ ਚਕਮਾ ਕੇ ਫਰਾਰ ਹੋ ਗਿਆ ਸੀ। ਉਸ ਸਮੇਂ ਉਸ ਵਿਰੁੱਧ 36 ਕਿਲੋ 150 ਗ੍ਰਾਮ ਅਫੀਮ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਫਰਾਰ ਹੋਣ ਤੋਂ ਬਾਅਦ ਜਗੀਰ ਸਿੰਘ ਨੇ ਆਪਣਾ ਨਾਮ ਅਤੇ ਪਛਾਣ ਬਦਲ ਲਈ ਅਤੇ ਸੋਸ਼ਲ ਮੀਡੀਆ 'ਤੇ ਇੱਕ ਗਾਇਕ ਵਜੋਂ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ। ਉਸ ਨੇ ਵੱਖ-ਵੱਖ ਨਾਵਾਂ ਨਾਲ ਗੀਤ ਬਣਾਏ ਅਤੇ ਉਨ੍ਹਾਂ ਨੂੰ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਪਲੋਡ ਕੀਤਾ। ਉਸਦੇ ਗੀਤਾਂ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਸੁਣਿਆ, ਜਿਸ ਨਾਲ ਉਹ ਇੱਕ ਪ੍ਰਸਿੱਧ ਕਲਾਕਾਰ ਬਣ ਗਿਆ। ਉਸਦੀ ਨਵੀਂ ਪਛਾਣ ਦੇ ਕਾਰਨ, ਕਿਸੇ ਨੂੰ ਵੀ ਉਸ 'ਤੇ ਸ਼ੱਕ ਨਹੀਂ ਹੋਇਆ।
NCB ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ। ਉਸ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪਵਾਈਆਂ ਗਈਆਂ ਅਤੇ ਉਸ 'ਤੇ ₹50,000 ਦਾ ਇਨਾਮ ਵੀ ਐਲਾਨਿਆ ਗਿਆ। ਉਸਨੂੰ ਆਖਰਕਾਰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਨਸੀਬੀ ਅਧਿਕਾਰੀਆਂ ਦੇ ਅਨੁਸਾਰ, ਇਹ ਗ੍ਰਿਫਤਾਰੀ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਦੋਸ਼ੀ, ਜੋ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਪਣੀ ਅਸਲ ਪਛਾਣ ਲੁਕਾ ਕੇ ਖੁੱਲ੍ਹ ਕੇ ਕੰਮ ਕਰ ਰਿਹਾ ਸੀ, ਹੁਣ ਕਾਨੂੰਨ ਦੇ ਸ਼ਿਕੰਜੇ ਵਿੱਚ ਹੈ।