ਕੈਲਾਸ਼ ਖੇਰ ਨੇ ਜਦੋਂ ਬਣਾ ਲਿਆ ਸੀ ਖ਼ੁਦਕੁਸ਼ੀ ਕਰਨ ਦਾ ਮਨ! ਫਿਰ 'ਰੇਡਿਓ ਜਿੰਗਲ' ਨੇ ਬਦਲ ਦਿੱਤੀ ਜ਼ਿੰਦਗੀ
Wednesday, Jul 07, 2021 - 10:01 AM (IST)
ਮੁੰਬਈ: ਕੈਲਾਸ਼ ਖੇਰ ਉਨ੍ਹਾਂ ਸੂਫੀ ਗਾਇਕਾਂ ਵਿਚੋਂ ਇਕ ਹਨ ਜਿਨ੍ਹਾਂ ਦੀ ਆਵਾਜ਼ ਦੇ ਹਰ ਉਮਰ ਦੇ ਲੋਕ ਦੀਵਾਨੇ ਹਨ। ਉਨ੍ਹਾਂ ਨੇ ਆਪਣੀ ਰੂਹਾਨੀ ਆਵਾਜ਼ ਨਾਲ ਨਾ ਸਿਰਫ਼ ਭਾਰਤ ਵਿਚ ਬਲਕਿ ਪੂਰੀ ਦੁਨੀਆ ਵਿਚ ਬਹੁਤ ਨਾਮ ਕਮਾਇਆ ਹੈ। ਸੂਫੀਆਨਾ ਖ਼ੂਬਸੂਰਤ ਆਵਾਜ਼ ਦੇ ਰਾਜਾ, ਕੈਲਾਸ਼ ਖੇਰ ਇੰਝ ਹੀ ਨਹੀਂ ਬਣ ਗਏ। ਇਕ ਗਾਇਕ ਵਜੋਂ ਉਨ੍ਹਾਂ ਦਾ ਸੰਘਰਸ਼ 13 ਸਾਲ ਦੀ ਉਮਰ ਵਿਚ ਹੀ ਸ਼ੁਰੂ ਹੋ ਗਿਆ ਸੀ। ਮੇਰਠ, ਉੱਤਰ ਪ੍ਰਦੇਸ਼ ਵਿਚ ਜਨਮੇ ਕੈਲਾਸ਼ ਖੇਰ ਦਾ ਜਨਮ 7 ਜੁਲਾਈ 1973 ਨੂੰ ਹੋਇਆ ਸੀ।
ਕੈਲਾਸ਼ ਖੇਰ ਜੋ ਬਚਪਨ ਤੋਂ ਹੀ ਸੰਗੀਤ ਦੇ ਸ਼ੌਕੀਨ ਸਨ, ਨੇ ਛੋਟੀ ਉਮਰ 'ਚ ਹੀ ਆਪਣਾ ਘਰ ਛੱਡਣ ਦਾ ਫੈਸਲਾ ਕੀਤਾ ਅਤੇ ਆਪਣਾ ਜੀਵਨ ਸੂਫੀ ਸੰਗੀਤ ਨੂੰ ਸਮਰਪਿਤ ਕਰ ਦਿੱਤਾ। ਇਸ ਤੋਂ ਬਾਅਦ ਕੈਲਾਸ਼ ਖੇਰ ਨੇ ਸੰਗੀਤ ਦੇ ਬਹੁਤ ਸਾਰੇ ਢੰਗ ਸਿੱਖੇ ਪਰ ਜ਼ਿੰਦਗੀ ਜਿਊਣ ਲਈ ਉਨ੍ਹਾਂ ਨੂੰ ਵਿੱਤੀ ਸੰਘਰਸ਼ ਦਾ ਸਾਹਮਣਾ ਵੀ ਕਰਨਾ ਪਿਆ। ਇਹੀ ਕਾਰਨ ਸੀ ਕਿ ਕੈਲਾਸ਼ ਖੇਰ ਨੇ ਬੱਚਿਆਂ ਨੂੰ ਸੰਗੀਤ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਹਰ ਰੋਜ਼ ਅਭਿਆਸ ਵੀ ਹੋਣ ਲੱਗਾ।
ਇਸ ਤੋਂ ਬਾਅਦ ਵੀ ਸੰਘਰਸ਼ ਨੇ ਕੈਲਾਸ਼ ਖੇਰ ਦੀ ਜਾਨ ਨਹੀਂ ਛੱਡੀ। ਉਨ੍ਹਾਂ ਨੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ। 'ਅੱਲ੍ਹਾ ਕੇ ਬੰਦੇ' ਦੇ ਗਾਇਕ ਨੇ ਹਰ ਪਾਸਿਓਂ ਨਿਰਾਸ਼ ਹੋ ਕੇ ਸਾਲ 1999 ਵਿਚ ਇਕ ਦੋਸਤ ਨਾਲ ਕਾਰੋਬਾਰ ਕਰਨ ਦਾ ਫ਼ੈਸਲਾ ਕੀਤਾ। ਕਾਰੋਬਾਰ ਵਿਚ ਵੀ ਭਾਰੀ ਘਾਟਾ ਹੋਇਆ। ਇਹ ਘਾਟਾ ਕੈਲਾਸ਼ ਖੇਰ ਨੂੰ ਉਦਾਸੀ ਵੱਲ ਲੈ ਗਿਆ। ਸਥਿਤੀ ਅਜਿਹੀ ਸੀ ਕਿ ਉਨ੍ਹਾਂ ਨੇ ਖੁਦਕੁਸ਼ੀ ਕਰਨ ਦਾ ਮਨ ਬਣਾ ਲਿਆ ਸੀ।
ਇਸ ਤੋਂ ਬਾਅਦ ਸਾਲ 2001 ਵਿਚ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਕੈਲਾਸ਼ ਖੇਰ ਇਕ ਉਮੀਦ ਨਾਲ ਸ਼ਹਿਰ, ਮੁੰਬਈ ਚਲੇ ਗਏ। ਖਾਲੀ ਜੇਬ ਨਾਲ ਜੱਦੋ ਜਹਿਦ ਕਰਦਿਆਂ ਅਤੇ ਘਸੀਆਂ ਚੱਪਲਾਂ ਪਾਏ ਕੈਲਾਸ਼ ਦੇ ਸੰਗੀਤ ਦਾ ਜਨੂੰਨ ਅਨੌਖਾ ਸੀ। ਇਕ ਦਿਨ ਉਹ ਸੰਗੀਤਕਾਰ ਰਾਮ ਸੰਪਤ ਨੂੰ ਮਿਲੇ। ਉਨ੍ਹਾਂ ਨੇ ਕੈਲਾਸ਼ ਨੂੰ ਕੁਝ ਰੇਡੀਓ ਜਿੰਗਲ ਗਾਉਣ ਦਾ ਮੌਕਾ ਦਿੱਤਾ ਅਤੇ ਫਿਰ ਕਿਹਾ ਕਿ ਪ੍ਰਤਿਭਾ ਪੈਰ ਹੁੰਦੇ ਹਨ, ਉਹ ਆਪਣੀ ਮੰਜ਼ਿਲ ਤਲਾਸ਼ ਹੀ ਲੈਂਦੀ ਹੈ। ਇਸ ਨੂੰ ਵੇਖ ਕੇ ਕੈਲਾਸ਼ ਖੇਰ ਨੇ ਆਪਣੀ ਆਵਾਜ਼ ਨਾਲ ਸੰਗੀਤ ਦੀ ਦੁਨੀਆ ਨੂੰ ਜਿੱਤ ਲਿਆ।
ਕੈਲਾਸ਼ ਖੇਰ ਨੇ 'ਮੇਰੇ ਨਿਸ਼ਾਨ' (ਫਿਲਮ ਓ ਐੱਮ ਜੀ, 2012) ਜਿਹੇ ਕਈ ਸਦਾਬਹਾਰ ਗੀਤ ਗਾਏ। ਉਨ੍ਹਾਂ ਨੇ 'ਤੇਰੀ ਦੀਵਾਨੀ', 'ਸੰਈਆਂ, 'ਤੌਬਾ ਤੌਬਾ' ਅਤੇ 'ਚਾਂਦ ਸਿਫਾਰਿਸ਼' ਵਰਗੇ ਬਹੁਤ ਸਾਰੇ ਸ਼ਾਨਦਾਰ ਗਾਣੇ ਗਾਏ। ਸੂਫੀ ਤੋਂ ਇਲਾਵਾ ਕੈਲਾਸ਼ ਖੇਰ ਨੇ ਫ਼ਿਲਮੀ ਗੀਤਾਂ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਆਪਣੀ ਗਾਇਕੀ ਲਈ 'ਪਦਮ ਸ਼੍ਰੀ' ਪੁਰਸਕਾਰ ਨਾਲ ਸਨਮਾਨਿਤ ਕੈਲਾਸ਼ ਹਿੰਦੀ ਵਿਚ 500 ਤੋਂ ਵੱਧ ਗਾਣੇ ਗਾ ਚੁੱਕੇ ਹਨ। 'ਤੇਰੀ ਦੀਵਾਨੀ' ਕੈਲਾਸ਼ ਦੇ ਪ੍ਰਸਿੱਧ ਗਾਣਿਆਂ ਵਿਚੋਂ ਇਕ ਹੈ। ਕੈਲਾਸ਼ ਦਾ ਆਪਣਾ ਇਕ ਬੈਂਡ ਵੀ ਹੈ ਜਿਸਦਾ ਨਾਮ 'ਕੈਲਾਸ਼ਾ' ਹੈ ਜੋ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸ਼ੋਅ ਕਰਦਾ ਹੈ।