ਆਨਲਾਈਨ ਸੱਟੇਬਾਜ਼ੀ ਐਪ ਮਾਲਮਾ: ED ਨੇ ਅਦਾਕਾਰਾ ਨੇਹਾ ਸ਼ਰਮਾ ਤੋਂ ਕੀਤੀ ਪੁੱਛਗਿੱਛ
Tuesday, Dec 02, 2025 - 04:22 PM (IST)
ਨਵੀਂ ਦਿੱਲੀ (ਏਜੰਸੀ)- ਮਾਡਲ ਅਤੇ ਅਦਾਕਾਰਾ ਨੇਹਾ ਸ਼ਰਮਾ ਮੰਗਲਵਾਰ ਨੂੰ ਔਨਲਾਈਨ ਸੱਟੇਬਾਜ਼ੀ ਪਲੇਟਫਾਰਮ 1xBet ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਈ। ਅਧਿਕਾਰੀਆਂ ਅਨੁਸਾਰ, ਉਨ੍ਹਾਂ ਦਾ ਬਿਆਨ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA) ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਰਮਾ ਕੁਝ ਐਂਡੋਰਸਮੈਂਟਾਂ (ਇਸ਼ਤਿਹਾਰਾਂ) ਦੇ ਜ਼ਰੀਏ ਇਸ ਸੱਟੇਬਾਜ਼ੀ ਪਲੇਟਫਾਰਮ ਨਾਲ ਜੁੜੀ ਹੋਈ ਹੈ।
1xBet ਅਤੇ ਗੈਰ-ਕਾਨੂੰਨੀ ਕਾਰਵਾਈ
ਕੁਰਕਾਓ ਵਿੱਚ ਰਜਿਸਟਰਡ, 1xBet ਨੂੰ ਪੋਰਟਲ ਵੱਲੋਂ ਸੱਟੇਬਾਜ਼ੀ ਉਦਯੋਗ ਵਿੱਚ 18 ਸਾਲਾਂ ਦੇ ਤਜਰਬੇ ਦੇ ਨਾਲ ਦੁਨੀਆ ਭਰ ਵਿਚ ਮਾਨਤਾ ਪ੍ਰਾਪਤ ਬੁੱਕਮੇਕਰ ਦੱਸਿਆ ਗਿਆ ਹੈ। ਈਡੀ ਨੇ ਦੱਸਿਆ ਕਿ 1xBet ਭਾਰਤ ਵਿੱਚ ਬਿਨਾਂ ਅਧਿਕਾਰ ਦੇ ਕੰਮ ਕਰ ਰਿਹਾ ਸੀ। ਇਹ ਐਪ ਭਾਰਤੀ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਸਰੋਗੇਟ ਬ੍ਰਾਂਡਿੰਗ ਅਤੇ ਇਸ਼ਤਿਹਾਰਾਂ ਦੀ ਵਰਤੋਂ ਕਰਦਾ ਸੀ। ਇਹ ਇਸ਼ਤਿਹਾਰ ਸੋਸ਼ਲ ਮੀਡੀਆ, ਆਨਲਾਈਨ ਵੀਡੀਓਜ਼, ਅਤੇ ਪ੍ਰਿੰਟ ਮੀਡੀਆ ਰਾਹੀਂ ਕੀਤੇ ਜਾਂਦੇ ਸਨ। ਈਡੀ ਨੇ ਖੁਲਾਸਾ ਕੀਤਾ ਕਿ "ਐਂਡੋਰਸਮੈਂਟਾਂ ਲਈ ਭੁਗਤਾਨ, ਫੰਡ ਦੇ ਗੈਰ-ਕਾਨੂੰਨੀ ਸਰੋਤਾਂ ਨੂੰ ਲੁਕਾਉਣ ਲਈ ਵਿਦੇਸ਼ੀ ਵਿਚੋਲਿਆਂ ਦੀ ਵਰਤੋਂ ਕਰਕੇ ਲੇਅਰਡ ਟ੍ਰਾਂਜੈਕਸ਼ਨ ਰਾਹੀਂ ਕੀਤੇ ਗਏ ਸਨ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਰੀਅਲ ਮਨੀ ਆਨਲਾਈਨ ਗੇਮਿੰਗ 'ਤੇ ਪਾਬੰਦੀ ਲਗਾਉਣ ਲਈ ਇੱਕ ਕਾਨੂੰਨ ਲਿਆਂਦਾ ਹੈ।
ਹੋਰ ਮਸ਼ਹੂਰ ਹਸਤੀਆਂ 'ਤੇ ਵੀ ਹੋਈ ਕਾਰਵਾਈ
ਇਸੇ ਮਾਮਲੇ ਦੀ ਜਾਂਚ ਦੌਰਾਨ ਈਡੀ ਨੇ ਇਸ ਤੋਂ ਪਹਿਲਾਂ ਵੀ ਕਈ ਪ੍ਰਮੁੱਖ ਖੇਡ ਅਤੇ ਫਿਲਮੀ ਹਸਤੀਆਂ 'ਤੇ ਕਾਰਵਾਈ ਕੀਤੀ ਹੈ। ਫੈਡਰਲ ਜਾਂਚ ਏਜੰਸੀ ਨੇ ਇਸੇ ਮਾਮਲੇ ਵਿਚ ਪਹਿਲਾਂ ਸਾਬਕਾ ਕ੍ਰਿਕਟਰਾਂ ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਦੀ ₹11.14 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਸੀ। ਜਾਂਚ ਦੇ ਹਿੱਸੇ ਵਜੋਂ, ਈਡੀ ਨੇ ਖੇਡ ਜਗਤ ਦੀਆਂ ਹੋਰ ਮਹਾਨ ਹਸਤੀਆਂ ਜਿਵੇਂ ਕਿ ਯੁਵਰਾਜ ਸਿੰਘ ਅਤੇ ਰੌਬਿਨ ਉਥੱਪਾ ਤੋਂ ਵੀ ਪੁੱਛਗਿੱਛ ਕੀਤੀ ਹੈ। ਇਸ ਤੋਂ ਇਲਾਵਾ, ਅਦਾਕਾਰ ਸੋਨੂੰ ਸੂਦ ਅਤੇ ਅਦਾਕਾਰਾ ਉਰਵਸ਼ੀ ਰੌਤੇਲਾ (ਜੋ 1xBet ਦੀ ਭਾਰਤੀ ਬ੍ਰਾਂਡ ਅੰਬੈਸਡਰ ਰਹੀ ਹੈ) ਤੋਂ ਇਲਾਵਾ ਸਾਬਕਾ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮੀਮੀ ਚੱਕਰਵਰਤੀ ਅਤੇ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।
