ਸਿੱਧੂ ਮੂਸੇ ਵਾਲਾ ਤੇ ਬੱਬੂ ਮਾਨ ਤੋਂ ਬਾਅਦ ਹੁਣ ਕਿਸਾਨਾਂ ਨਾਲ ਡਟੇ ਹਰਭਜਨ ਮਾਨ, ਦਿੱਲੀ ਜਾਣ ਦਾ ਕੀਤਾ ਐਲਾਨ
Tuesday, Dec 01, 2020 - 01:19 PM (IST)
ਜਲੰਧਰ (ਵੈੱਬ ਡੈਸਕ) : ਕਿਸਾਨਾਂ ਦੀ ਇਸ ਲਹਿਰ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹੁਣ ਪੰਜਾਬੀ ਅਦਾਕਾਰ ਤੇ ਗਾਇਕ ਹਰਭਜਨ ਮਾਨ ਵੀ ਇਸ ਅੰਦੋਲਨ 'ਚ ਹਿੱਸਾ ਲੈਣ ਜਾ ਰਹੇ ਹਨ। ਹਾਲ ਹੀ 'ਚ ਹਰਭਜਨ ਮਾਨ ਨੇ ਇਕ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਕਿਸਾਨੀ ਅੰਦੋਲਨ 'ਚ ਆਪਣੀ ਸ਼ਮੂਲੀਅਤ ਦਾ ਐਲਾਨ ਕਰਦਿਆਂ ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਟਵੀਟ 'ਚ ਲਿਖਿਆ, 'ਮੈਂ ਆਪਣੇ ਕਿਸਾਨਾਂ ਨਾਲ ਸ਼ਾਂਤਮਈ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਲਈ ਦਿੱਲੀ ਰਵਾਨਾ ਹੋ ਰਿਹਾ ਹਾਂ। ਲੋਕਾਂ ਦੀ ਇਸ ਲਹਿਰ ਨੂੰ ਵੱਡੀ ਗਿਣਤੀ 'ਚ ਲੋਕਾਂ ਦਾ ਸਮਰਥਨ ਮਿਲਦੇ ਦੇਖ ਕੇ ਬਹੁਤ ਖੁਸ਼ੀ ਹੋਈ। ਕਿਸਾਨ ਨਾ ਸਿਰਫ਼ ਸਾਡੀ ਜਾਂ ਕਿਸੇ ਕੌਮ ਦੀ ਰੀੜ ਦੀ ਹੱਡੀ ਹਨ ਸਗੋਂ ਸਾਡੀਆਂ ਅਨੇਕਾਂ ਪਹਿਚਾਨਾਂ ਦਾ ਹਿੱਸਾ ਵੀ ਹਨ।'
Off to Delhi to participate in the peaceful protests with our farmers. It's heartening to see a wide array of the public join & support this cause. Farmers are not just the backbone of our or any nation, but also a part of many of our’s identity 🙏🏽#farmerprotest #supportfarmers
— Harbhajan Mann (@harbhajanmann) December 1, 2020
ਦੱਸ ਦਈਏ ਇਸ ਤੋਂ ਪਹਿਲਾਂ ਰਣਜੀਤ ਬਾਵਾ, ਬੱਬੂ ਮਾਨ ਤੇ ਸਿੱਧੂ ਮੁਸੇ ਵਾਲਾ, ਆਰ. ਨੇਤ, ਹਰਫ ਚੀਮਾ, ਕੰਵਰ ਗਰੇਵਾਲ ਨੇ ਦਿੱਲੀ ਜਾ ਕਿਸਾਨਾਂ ਦਾ ਹੌਂਸਲਾ ਵਧਾਇਆ ਸੀ। ਉੱਧਰ, ਮਾਨਸਾ ਜ਼ਿਲ੍ਹੇ ਨਾਲ ਸਬੰਧਤ ਗਾਇਕ ਆਰ. ਨੇਤ ਕਿਸਾਨਾਂ ਨਾਲ ਦਿੱਲੀ ਮੋਰਚੇ 'ਤੇ ਡਟੇ ਹੋਏ ਹਨ। ਪੰਜਾਬੀ ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਗਾਏ ਜੋਸ਼ੀਲੇ ਗੀਤਾਂ ਨੇ ਨੌਜਵਾਨ ਪੀੜ੍ਹੀ ਨੂੰ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ ਕਿ ਉਹ ਵੀ ਕਿਸਾਨਾਂ ਦੇ ਮੋਰਚਿਆਂ 'ਚ ਸ਼ਾਮਲ ਹੀ ਨਹੀਂ ਸਗੋਂ ਹਰਿਆਣਾ ਪੁਲਸ ਵੱਲੋਂ ਲਾਏ ਨਾਕਿਆਂ ਨੂੰ ਵੀ ਕੁਝ ਹੀ ਸਮੇਂ 'ਚ ਤੋੜ ਕੇ ਅੱਗੇ ਵਧ ਗਏ। ਗਾਇਕ ਬੱਬੂ ਮਾਨ ਨੇ ਵੀ ਦਿੱਲੀ ਮੋਰਚੇ 'ਚ ਪੁੱਜ ਕੇ ਕਿਸਾਨਾਂ ਨੂੰ ਸੰਬੋਧਨ ਕੀਤਾ ਹੈ। ਗਾਇਕ ਭਰਾਵਾਂ ਦੀਪਾ ਘੋਲੀਆ ਤੇ ਬੂਟਾ ਭਾਈਰੂਪਾ ਦੇ ਗੀਤ ਵੀ ਕਿਸਾਨਾਂ 'ਚ ਖ਼ੂਬ ਜੋਸ਼ ਭਰ ਰਹੇ ਹਨ। ਗਾਇਕਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਕਿਸਾਨਾਂ ਦੇ ਸੰਘਰਸ਼ 'ਚ ਅੱਗੇ ਆਏ ਹਨ।
ਸਿੱਧੂ ਮੂਸੇ ਵਾਲਾ ਮੰਚ ਤੋਂ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹਰ ਇਨਸਾਨ ਆਪਣਾ ਧਰਮ ਭੁਲਾ ਕੇ ਇੱਥੇ ਆਪਣੇ ਹੱਕਾਂ ਲਈ ਇਕਜੁਟ ਹੋਇਆ ਹੈ ਕਿਉਂਕਿ ਅੱਜ ਸਾਡੇ ਤੋਂ ਸਾਡੀ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਡੇ ਹੱਕਾਂ 'ਤੇ ਪੈਣ ਵਾਲੇ ਇਸ ਡਾਕੇ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਹੈ ਕਿ ਅੱਜ ਹਰਿਆਣਾ ਦੇ ਕਿਸਾਨ ਵੀ ਵਧਾਈ ਦੇ ਪਾਤਰ ਹਨ, ਜਿਹੜੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਅੱਜ ਹਰ ਕੋਈ ਆਪਸੀ ਖਿੱਚੋਤਾਣ ਭੁਲਕੇ ਕਿਸਾਨਾਂ ਨਾਲ ਖੜਾ ਹੈ।