ਕੰਗਨਾ ਨੇ ਦਿਲਜੀਤ ’ਤੇ ਲਾਏ ਦੇਸ਼ ’ਚ ਅੱਗ ਲਗਾਉਣ ਦੇ ਦੋਸ਼, ਦਿਲਜੀਤ ਨੇ ਇੰਝ ਕਰਾਇਆ ਚੁੱਪ

01/04/2021 7:06:54 PM

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਦੀ ਟਵਿਟਰ ਵਾਰ ਮੁੜ ਸ਼ੁਰੂ ਹੋ ਗਈ ਹੈ। ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ਠੰਡ ਦਾ ਆਨੰਦ ਮਾਣਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਰੀ-ਟਵੀਟ ਕਰਦਿਆਂ ਕੰਗਨਾ ਨੇ ਵੱਡਾ ਹਮਲਾ ਬੋਲਿਆ ਹੈ।

ਕੰਗਨਾ ਰਣੌਤ ਨੇ ਦਿਲਜੀਤ ਦੀਆਂ ਤਸਵੀਰਾਂ ’ਤੇ ਲਿਖਿਆ, ‘ਵਾਹ ਭਰਾ!! ਦੇਸ਼ ’ਚ ਅੱਗ ਲਗਾ ਕੇ ਕਿਸਾਨਾਂ ਨੂੰ ਸੜਕਾਂ ’ਤੇ ਬਿਠਾ ਕੇ ਲੋਕਲ ਕ੍ਰਾਂਤੀਕਾਰੀ ਵਿਦੇਸ਼ ’ਚ ਠੰਡ ਦਾ ਮਜ਼ਾ ਲੈ ਰਹੇ ਹਨ, ਵਾਹ!! ਇਸ ਨੂੰ ਕਹਿੰਦੇ ਹਨ ਲੋਕ ਕ੍ਰਾਂਤੀ।’

ਜਦੋਂ ਦਿਲਜੀਤ ਦੋਸਾਂਝ ਨੇ ਕੰਗਨਾ ਦਾ ਇਹ ਟਵੀਟ ਦੇਖਿਆ ਤਾਂ ਉਨ੍ਹਾਂ ਮਿੰਟ ’ਚ ਉਸ ਨੂੰ ਰਿਪਲਾਈ ਦੇ ਦਿੱਤਾ। ਦਿਲਜੀਤ ਨੇ ਲਿਖਿਆ, ‘ਕਿਸਾਨ ਨਿਆਣੇ ਨਹੀਂ ਕਿ ਤੇਰੇ-ਮੇਰੇ ਵਰਗਿਆਂ ਦੇ ਕਹਿਣ ’ਤੇ ਸੜਕਾਂ ’ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਜ਼ਿਆਦਾ ਹੈ ਆਪਣੇ ਬਾਰੇ। ਪੰਜਾਬ ਨਾਲ ਸੀ, ਹਾਂ ਤੇ ਰਹਾਂਗੇ। ਤੂੰ ਵੀ ਹੱਟਦੀ ਨਹੀਂ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਹੈ। ਇਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ। ਇਹ ਨਾ ਸੋਚੀ ਅਸੀਂ ਭੁੱਲ ਗਏ।’

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਲਜੀਤ ਨੇ ਅੱਜ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਕੰਗਨਾ ਰਣੌਤ ਦੇ ਕੁਰਸੀ ’ਤੇ ਬੈਠਣ ਦੇ ਅੰਦਾਜ਼ ਦਾ ਮਜ਼ਾਕ ਉਡਾਇਆ ਸੀ। ਉਂਝ ਸੋਸ਼ਲ ਮੀਡੀਆ ’ਤੇ ਅਕਸਰ ਦੋਵਾਂ ਦੀ ਬਹਿਸਬਾਜ਼ੀ ਕਿਸਾਨ ਅੰਦੋਲਨ ਨੂੰ ਲੈ ਕੇ ਚੱਲਦੀ ਰਹਿੰਦੀ ਹੈ।

ਨੋਟ– ਦਿਲਜੀਤ ਤੇ ਕੰਗਨਾ ਦੇ ਨਵੇਂ ਵਿਵਾਦ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News