Diljit Dosanjh ਦੀ ਮੈਨੇਜਰ ਨੇ ਡਾਂਸਰਾਂ ਨੂੰ ਪੈਸਾ ਨਾ ਦੇਣ ਦੇ ਦੋਸ਼ਾਂ ਨੂੰ ਕੀਤਾ ਖਾਰਜ
Saturday, Jul 20, 2024 - 04:17 PM (IST)
ਚੰਡੀਗੜ੍ਹ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ 'ਦਿਲ-ਲੁਮੀਨਾਟੀ' ਟੂਰ 'ਚ ਡਾਂਸਰਾਂ ਨੂੰ ਪੈਸੇ ਨਾ ਦੇਣ ਕਾਰਨ ਵਿਵਾਦਾਂ 'ਚ ਘਿਰ ਗਏ ਹਨ। ਇਹ ਇਲਜ਼ਾਮ ਰਜਤ ਰੌਕੀ ਬੱਟਾ ਨੇ ਲਗਾਇਆ ਸੀ। ਹੁਣ ਦਿਲਜੀਤ ਦੀ ਮੈਨੇਜਰ ਨੇ ਰਜਤ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ ਅਤੇ ਉਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।ਸੋਨਾਲੀ ਗਾਇਕ ਦਿਲਜੀਤ ਦੋਸਾਂਝ ਦੀ ਮੈਨੇਜਰ ਹੈ। ਇਸ ਵਿਵਾਦ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੋਸ਼ ਝੂਠੇ ਹਨ। ਸੋਨਾਲੀ ਨੇ ਕਿਹਾ ਕਿ ਰਜਤ ਰੌਕੀ ਬੱਟਾ ਅਤੇ ਮਨਪ੍ਰੀਤ ਤੂਰ ਨੇ ਉਸ ਦੀ ਟੀਮ ਨਾਲ ਕਦੇ ਸੰਪਰਕ ਨਹੀਂ ਕੀਤਾ ਗਿਆ। ਇਹ ਦੋਵੇਂ ਜੋ ਗੱਲਾਂ ਫੈਲਾ ਰਹੇ ਹਨ ਉਹ ਝੂਠ ਹੈ। ਦਿਲਜੀਤ ਦੀ ਮੈਨੇਜਰ ਨੇ ਸਾਫ਼ ਕਿਹਾ ਕਿ ਬੱਟਾ ਅਤੇ ਮਨਪ੍ਰੀਤ ਨੂੰ 'ਦਿਲ-ਲੁਮੀਨਾਟੀ' ਟੂਰ 'ਚ ਸ਼ਾਮਲ ਨਹੀਂ ਕੀਤਾ ਗਿਆ।
ਇਹ ਸਾਰਾ ਵਿਵਾਦ ਰਜਤ ਰੌਕੀ ਬੱਟਾ ਵੱਲੋਂ ਕੀਤੀ ਸੋਸ਼ਲ ਮੀਡੀਆ ਪੋਸਟ ਤੋਂ ਸ਼ੁਰੂ ਹੋਇਆ। ਰਜਤ ਇੱਕ ਕੋਰੀਓਗ੍ਰਾਫਰ ਹੈ ਅਤੇ ਆਰ.ਆਰ.ਬੀ. ਡਾਂਸ ਕੰਪਨੀ ਦਾ ਮਾਲਕ ਹੈ। ਬੱਟਾ ਨੇ ਦਿਲਜੀਤ ਦੋਸਾਂਝ 'ਤੇ ਆਪਣੇ 'ਦਿਲ-ਲੁਮੀਨਾਟੀ' ਟੂਰ 'ਤੇ ਆਏ ਦੇਸੀ ਡਾਂਸਰਾਂ ਨੂੰ ਪੈਸੇ ਨਾ ਦੇਣ ਦਾ ਦੋਸ਼ ਲਾਇਆ। ਉਸ ਨੇ ਲਿਖਿਆ ਕਿ ਡਾਂਸਰਾਂ ਤੋਂ ਬਿਨਾਂ ਪੈਸੇ ਦੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਜਾਂਦਾ ਸੀ। ਬੱਟਾ ਨੇ ਦੇਸੀ ਡਾਂਸਰਾਂ ਨੂੰ ਘੱਟ ਮੁੱਲ ਦਿੱਤੇ ਜਾਣ 'ਤੇ ਵੀ ਨਿਰਾਸ਼ਾ ਜ਼ਾਹਰ ਕੀਤੀ ਸੀ
ਦਿਲਜੀਤ ਦਾ 'ਦਿਲ-ਲੁਮੀਨਾਟੀ' ਟੂਰ ਦੁਨੀਆ ਭਰ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਇਸ ਟੂਰ ਰਾਹੀਂ ਉਸ ਨੇ ਅਮਰੀਕਾ ਅਤੇ ਕੈਨੇਡਾ 'ਚ ਪ੍ਰਦਰਸ਼ਨ ਕੀਤਾ ਹੈ। ਉਸ ਦਾ ਪ੍ਰਦਰਸ਼ਨ ਯੂਰਪ, ਯੂ.ਏ.ਈ. ਅਤੇ ਭਾਰਤ 'ਚ ਲੰਬਿਤ ਹੈ। ਜਲਦ ਹੀ ਉਹ ਦਿੱਲੀ 'ਚ ਇਕੱਠ ਕਰਦੇ ਨਜ਼ਰ ਆਉਣਗੇ।ਗਾਇਕੀ ਤੋਂ ਇਲਾਵਾ ਜੇਕਰ ਦਿਲਜੀਤ ਦੋਸਾਂਝ ਦੇ ਐਕਟਿੰਗ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਜਲਦ ਹੀ 'ਨੋ ਐਂਟਰੀ 2' 'ਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਅਨੀਸ ਬਜ਼ਮੀ ਕਰਨਗੇ ਅਤੇ ਬੋਨੀ ਕਪੂਰ ਇਸ ਨੂੰ ਪ੍ਰੋਡਿਊਸ ਕਰਨਗੇ। ਇਹ 2006 'ਚ ਆਈ 'ਨੋ ਐਂਟਰੀ' ਦਾ ਸੀਕਵਲ ਹੈ, ਜਿਸ 'ਚ ਅਨਿਲ ਕਪੂਰ, ਸਲਮਾਨ ਖਾਨ ਅਤੇ ਫਰਦੀਨ ਖਾਨ ਨਜ਼ਰ ਆਏ ਸਨ ਪਰ ਦੂਜੇ ਹਿੱਸੇ 'ਚ ਇਨ੍ਹਾਂ ਤਿੰਨਾਂ ਦੀ ਬਜਾਏ ਦਿਲਜੀਤ ਦੋਸਾਂਝ, ਵਰੁਣ ਧਵਨ ਅਤੇ ਅਰਜੁਨ ਕਪੂਰ ਨਜ਼ਰ ਆਉਣਗੇ।