ਹੁਣ ਪਰਿਣੀਤੀ ਚੋਪੜਾ ਕਰੇਗੀ ਦਿਲਜੀਤ ਦੋਸਾਂਝ ਨਾਲ ਇਸ ਫ਼ਿਲਮ ''ਚ ਸਕ੍ਰੀਨ ਸ਼ੇਅਰ
Sunday, Dec 11, 2022 - 06:14 PM (IST)

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਚਮਕੀਲਾ' ਨੂੰ ਲੈ ਕੇ ਖ਼ੂਬ ਸਰੁਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਇਸ ਫ਼ਿਲਮ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਦੀ ਹੌਟ ਅਦਾਕਾਰਾ ਪਰਿਣੀਤੀ ਚੋਪੜਾ ਵੀ ਇਸ ਫ਼ਿਲਮ 'ਚ ਨਜ਼ਰ ਆਵੇਗੀ।
ਦੱਸ ਦਈਏ ਕਿ ਪਰਿਣੀਤੀ ਚੋਪੜਾ ਇਮਤਿਆਜ਼ ਅਲੀ ਦੀ ਆਉਣ ਵਾਲੀ ਇਸ ਬਾਈਓਪਿਕ ਫ਼ਿਲਮ 'ਚ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪਹਿਲੀ ਵਾਰ ਹੈ ਜਦੋਂ ਪਰਿਣੀਤ ਇਮਤਿਆਜ਼ ਅਲੀ ਨਾਲ ਕੰਮ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਦਿਲਜੀਤ ਤੇ ਪਰਿਣੀਤੀ ਚੋਪੜਾ ਇੱਕਠੇ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
ਪਰਿਣੀਤੀ ਦੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ ''ਪਰਿਣੀਤੀ ਆਪਣੇ ਕਰੀਅਰ 'ਚ ਪਹਿਲੀ ਵਾਰ ਇਮਤਿਆਜ਼ ਅਲੀ ਨਾਲ ਇਸ ਫ਼ਿਲਮ 'ਚ ਹੀਰੋਇਨ ਵਜੋਂ ਕੰਮ ਕਰਨ ਜਾ ਰਹੀ ਹੈ। ਫ਼ਿਲਮ 'ਚਮਕੀਲਾ' 'ਚ ਕੰਮ ਕਰਨਾ ਉਸ ਲਈ ਬਹੁਤ ਵੱਡਾ ਪਲ ਹੈ, ਕਿਉਂਕਿ ਉਹ ਹਮੇਸ਼ਾ ਇਮਤਿਆਜ਼ ਵਰਗੇ ਦੂਰਦਰਸ਼ੀ ਨਿਰਦੇਸ਼ਕ ਨਾਲ ਕ੍ਰੀਏਟਿਵ ਤਰੀਕੇ ਨਾਲ ਕੰਮ ਕਰਨਾ ਚਾਹੁੰਦੀ ਹੈ।"
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਫ਼ਿਲਮ ਦੀ ਚਰਚਾ 'ਚ ਦਿਲਜੀਤ ਦੋਸਾਂਝ ਨੇ ਕਿਹਾ ਕਿ ਜਲਦ ਹੀ ਇਸ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਇਮਤਿਆਜ਼ ਅਲੀ ਫ਼ਿਲਮ ਨੂੰ ਲੈ ਕੇ ਬਹੁਤ ਭਾਵੁਕ ਹਨ ਅਤੇ ਰੋਜ਼ਾਨਾ ਉਹ ਦਿਲਜੀਤ ਦੋਸਾਂਝ ਨੂੰ ਚਮਕੀਲਾ ਬਾਰੇ ਇੱਕ ਮੇਲ ਭੇਜਦੇ ਹਨ ਤਾਂ ਜੋ ਉਹ ਆਪਣੇ-ਆਪ ਨੂੰ ਉਸ ਭੂਮਿਕਾ ਤੋਂ ਜਾਣੂ ਕਰਾਉਣ, ਜੋ ਉਹ ਨਿਭਾਉਣ ਜਾ ਰਿਹਾ ਹੈ। ਦਿਲਜੀਤ ਦੋਸਾਂਝ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਪਰਿਣੀਤੀ ਚੋਪੜਾ ਇੱਕ ਵਧੀਆ ਅਦਾਕਾਰਾ ਹੈ ਅਤੇ ਉਹ ਆਉਣ ਵਾਲੀ ਬਾਇਓਪਿਕ 'ਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਵੇਗੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।