ਦਿਲੀਪ ਕੁਮਾਰ ਨੂੰ ਮਿਲੇਗੀ ਹਸਪਤਾਲ ਤੋਂ ਛੁੱਟੀ, ਤਬੀਅਤ ’ਚ ਸੁਧਾਰ ਆਉਣ ਤੋਂ ਬਾਅਦ ਡਾਕਟਰਾਂ ਨੇ ਦਿੱਤੀ ਘਰ ਜਾਣ ਦੀ ਆਗਿਆ
Friday, Jun 11, 2021 - 01:26 PM (IST)
ਮੁੰਬਈ: ਅਦਾਕਾਰ ਦਿਲੀਪ ਕੁਮਾਰ ਨੂੰ ਐਤਵਾਰ ਨੂੰ ਸਵੇਰੇ ਸਾਹ ਲੈਣ ’ਚ ਤਕਲੀਫ ਹੋਈ। ਜਿਸ ਦੇ ਚੱਲਦੇ ਅਦਾਕਾਰ ਨੂੰ ਮੁੰਬਈ ਦੇ ਖਾਰ ਸਥਿਤ ਹਿੰਦੂਜਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਦਿਲੀਪ ਦੇ ਫੇਫੜਿਆਂ ’ਚ ਪਾਣੀ ਭਰ ਗਿਆ ਸੀ। ਅਦਾਕਾਰ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਸੀ। ਦਿਲੀਪ ਦੇ ਫੇਫੜਿਆਂ ’ਚੋਂ ਪਾਣੀ ਕੱਢ ਦਿੱਤਾ ਗਿਆ ਸੀ। ਹੁਣ ਅਦਾਕਾਰ ਦੀ ਤਬੀਅਤ ਠੀਕ ਹੈ। ਅੱਜ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਅਦਾਕਾਰ ਹੁਣ ਘਰ ਵਾਪਸ ਆ ਰਹੇ ਹਨ।
ਦਿਲੀਪ ਨੂੰ ਹਸਪਤਾਲ ’ਚ ਦਾਖ਼ਲ ਹੋਣ ਤੋਂ ਬਾਅਦ ਪਲੁਪਲ ਐਸੀਪਰੇਸ਼ਨ ਦੀ ਪ੍ਰਤੀਕਿਰਿਆ ’ਚੋਂ ਲੰਘਣਾ ਪੈਂਦਾ ਸੀ। ਇਸ ਪ੍ਰਕਿਰਿਆ ਦੇ ਰਾਹੀਂ ਉਨ੍ਹਾਂ ਦੇ ਫੇਫੜੇ ਅਤੇ ਛਾਤੀ ਦੀ ਕੰਧ ਦੇ ਵਿਚਕਾਰ ਦੀ ਜਗ੍ਹਾ ’ਚ ਇਕ ਛੋਟੀ ਸੂਈ ਅਤੇ ਟਿਊਬ ਪਾਈ ਗਈ ਅਤੇ ਫੇਫੜਿਆਂ ਦੇ ਆਲੇ-ਦੁਆਲੇ ਜਮ੍ਹਾ ਹੋਏ ਤਰਲ ਪਦਾਰਥਾਂ ਨੂੰ ਹਟਾਇਆ ਗਿਆ। ਡਾਕਟਰ ਜਲੀਲ ਪਾਰਕਰ ਨੇ ਦੱਸਿਆ ਸੀ ਕਿ ਬੁੱਧਵਾਰ ਨੂੰ ਦੋ ਵਜੇ ਦਿਨ ’ਚ ਉਨ੍ਹਾਂ ਦੇ ਖੱਬੇ ਫੇਫੜੇ ’ਚ ਜਮ੍ਹਾ 350 ਮਿਲੀ ਲੀਟਰ ਪਾਣੀ ਨੂੰ ਹਟਾਇਆ ਗਿਆ। ਦਿਲੀਪ ਸਾਹਿਬ ਦਾ ਆਕਸੀਜਨ ਲੈਵਲ ਵੀ ਹੁਣ 100 ਫੀਸਦੀ ਹੈ।
ਦਿਲੀਪ ਨੂੰ ਡਿਸਚਾਰਜ ਕਰਨ ਨੂੰ ਲੈ ਕੇ ਡਾਕਟਰ ਜਲੀਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਭਾਵ ਅੱਜ ਡਿਸਚਾਰਜ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਅਦਾਕਾਰ ਵੀਰਵਾਰ ਨੂੰ ਡਿਸਚਾਰਜ ਹੋਣਗੇ ਪਰ ਅਜਿਹਾ ਨਹੀਂ ਹੋਇਆ ਹੁਣ ਡਾਕਟਰ ਮੁਤਾਬਕ ਉਨ੍ਹਾਂ ਨੂੰ ਅੱਜ ਡਿਸਚਾਰਜ ਕਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਹਸਪਤਾਲ ਤੋਂ ਦਿਲੀਪ ਦੀ ਤਸਵੀਰ ਵੀ ਸਾਹਮਣੇ ਆਈ ਸੀ ਜਿਸ ’ਚ ਅਦਾਕਾਰ ਦੀ ਪਤਨੀ ਸਾਇਰਾ ਬਾਨੋ ਉਨ੍ਹਾਂ ਦਾ ਧਿਆਨ ਰੱਖਦੀ ਨਜ਼ਰ ਆਈ ਸੀ। ਹਸਪਤਾਲ ’ਚ ਦਾਖ਼ਲ ਹੋਣ ਤੋਂ ਬਾਅਦ ਦਿਲੀਪ ਦੇ ਦਿਹਾਂਤ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ ਜਿਸ ਨੂੰ ਸਾਇਰਾ ਨੇ ਝੂਠਾ ਕਰਾਰ ਦਿੱਤਾ ਸੀ ਅਤੇ ਕਿਹਾ ਸੀ ‘ਕਿਸੇ ਵੀ ਤਰ੍ਹਾਂ ਦੇ ਵ੍ਹਹਟਐਪ ਫਾਰਵਰਡ ’ਤੇ ਭਰੋਸਾ ਨਾ ਕਰੋ। ਸਾਹਿਬ ਬਿਲਕੁੱਲ ਠੀਕ ਹਨ। ਤੁਹਾਡੇ ਦਿਲ ਤੋਂ ਨਿਕਲੀਆਂ ਦੁਆਵਾਂ ਲਈ ਬਹੁਤ-ਬਹੁਤ ਧੰਨਵਾਦ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ 2-3 ਦਿਨ ਦੇ ਅੰਦਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।