ਦਿਲੀਪ ਕੁਮਾਰ ਦੀ ਫ਼ਿਲਮ ਦਾ ਸੀਨ ਸ਼ੇਅਰ ਕਰਕੇ ਦੁਖੀ ਹੋਏ ਧਰਮਿੰਦਰ, ਕਿਹਾ- ''ਜੋ 1952 ''ਚ ਹੋ ਰਿਹਾ ਸੀ, ਉਹੀ ਅੱਜ...''

Saturday, May 15, 2021 - 09:13 AM (IST)

ਦਿਲੀਪ ਕੁਮਾਰ ਦੀ ਫ਼ਿਲਮ ਦਾ ਸੀਨ ਸ਼ੇਅਰ ਕਰਕੇ ਦੁਖੀ ਹੋਏ ਧਰਮਿੰਦਰ, ਕਿਹਾ- ''ਜੋ 1952 ''ਚ ਹੋ ਰਿਹਾ ਸੀ, ਉਹੀ ਅੱਜ...''

ਨਵੀਂ ਦਿੱਲੀ (ਬਿਊਰੋ) : ਦੇਸ਼ ਇਸ ਸਮੇਂ ਇਕ ਵੱਡੀ ਆਫ਼ਤ ਨਾਲ ਜੂਝ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਨੇ ਸਾਹਾਂ ਲਈ ਵੀ ਮੁਥਾਜ ਕਰ ਦਿੱਤਾ ਹੈ। ਉਥੇ ਹੀ ਦਵਾਈ ਦੀ ਕਿੱਲਤ, ਕਿਤੇ ਹਸਪਤਾਲ 'ਚ ਬੈੱਡ ਨਹੀਂ, ਕਿਤੇ ਆਕਸੀਜਨ ਲਈ ਮਾਰਾਮਾਰੀ। ਦੂਜੇ ਪਾਸੇ ਦਵਾਈਆਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਬੇਸ਼ਰਮ ਲੋਕ, ਜਿਨ੍ਹਾਂ ਲਈ ਮਨੁੱਖੀ ਤਰਾਸਦੀ ਮਾਲਾਮਾਲ ਹੋਣ ਦੀ ਅਸ਼ਲੀਲ ਖਵਾਹਿਸ਼ ਬਣ ਗਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਲਗਭਗ ਅਜਿਹਾ ਹੀ ਇਕ ਵਾਕਾ ਦਿਲੀਪ ਕੁਮਾਰ ਦੀ ਕਈ ਦਹਾਕਿਆਂ ਪਹਿਲਾਂ ਆਈ ਫ਼ਿਲਮ 'ਫੁਟਪਾਥ' 'ਚ ਵੀ ਸੀ। ਇਹ ਸੀਨ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਚ ਸਰਕੂਲੇਟ ਹੋ ਰਿਹਾ ਹੈ, ਹੁਣ ਇਸ ਨੂੰ ਧਰਮਿੰਦਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕਰ ਕੇ ਮੌਜੂਦਾ ਹਾਲਾਤ 'ਤੇ ਅਫਸੋਸ ਜ਼ਾਹਰ ਕੀਤਾ ਹੈ।

ਇਸ ਸੀਨ 'ਚ ਦਿਲੀਪ ਸਾਹਬ ਦਾ ਕਿਰਦਾਰ ਏਕਲ ਸੰਵਾਦ ਬੋਲਦਾ ਹੈ- 'ਜਦੋਂ ਸ਼ਹਿਰ 'ਚ ਬਿਮਾਰੀ ਫੈਲੀ। ਅਸੀਂ ਦਵਾਈਆਂ ਲੁਕਾ ਲਈਆਂ ਤੇ ਉਨ੍ਹਾਂ ਦੇ ਭਾਅ ਵਧਾ ਦਿੱਤੇ। ਜਦੋਂ ਸਾਨੂੰ ਪਤਾ ਲੱਗਿਆ ਕਿ ਪੁਲਸ ਸਾਡੇ 'ਤੇ ਕਾਰਵਾਈ ਕਰਨ ਲੱਗੀ ਹੈ ਤਾਂ ਉਹੀ ਦਵਾਈਆਂ ਗੰਦੇ ਨਾਲੇ 'ਚ ਸੁਟਵਾ ਦਿੱਤੀਆਂ ਪਰ ਆਦਮੀ ਦੀ ਅਮਾਨਤ ਨੂੰ ਆਦਮੀ ਤਕ ਨਹੀਂ ਆਉਣ ਦਿੱਤਾ। ਮੈਨੂੰ ਆਪਣੇ ਸਰੀਰ 'ਚੋਂ ਸੜ੍ਹੀ ਹੋਈ ਲਾਸ਼ ਦੀ ਬਦਬੂ ਆਉਂਦੀ ਹੈ। ਆਪਣੇ ਹਰ ਸਾਹ 'ਚੋਂ ਮੈਨੂੰ ਦਮ ਤੋੜਦੇ ਬੱਚੇ ਦੀਆਂ ਸਿਸਕੀਆਂ ਸੁਣਦੀਆਂ ਹਨ।

ਸਾਡੇ ਵਰਗੇ ਜ਼ਲੀਲ ਕੁੱਤਿਆਂ ਲਈ ਸ਼ਾਇਦ ਤੁਹਾਡੇ ਕਾਨੂੰਨ 'ਚ ਕੋਈ ਮੁਨਾਸਿਬ ਸਜ਼ਾ ਨਹੀਂ ਹੋਵੇਗੀ। ਅਸੀਂ ਇਸ ਧਰਤੀ 'ਤੇ ਸਾਹ ਲੈਣ ਦੇ ਲਾਇਕ ਵੀ ਨਹੀਂ ਹਾਂ। ਅਸੀਂ ਇਨਸਾਨ ਕਹਾਉਣ ਦੇ ਲਾਇਕ ਨਹੀਂ ਹਾਂ। ਇਨਸਾਨਾਂ 'ਚ ਰਹਿਣ ਦੇ ਲਾਇਕ ਨਹੀਂ। ਸਾਡੇ ਗਲੇ ਘੁੱਟ ਦਓ ਤੇ ਅੱਗ 'ਚ ਸੁੱਟ ਦਓ। ਸਾਡੀ ਬਦਬੂਦਾਰ ਲਾਸ਼ਾਂ ਨੂੰ ਸ਼ਹਿਰ ਦੀਆਂ ਗਲੀਆਂ 'ਚ ਸੁੱਟ ਦਓ। ਤਾਂ ਜੋ ਮਜਬੂਰ ਉਹ ਗਰੀਬ, ਜਿਨ੍ਹਾਂ ਦਾ ਅਸੀਂ ਅਧਿਕਾਰ ਖੋਹਿਆ, ਜਿਨ੍ਹਾਂ ਦੇ ਘਰਾਂ 'ਚ ਅਸੀਂ ਤਬਾਹੀ ਦਾ ਕਾਰਨ ਬਣੇ, ਉਹ ਸਾਡੀਆਂ ਲਾਸ਼ਾਂ 'ਤੇ ਥੁੱਕਣ।' ਇਸ ਵੀਡੀਓ ਨਾਲ ਧਰਮਿੰਦਰ ਨੇ ਲਿਖਿਆ- '1952 'ਚ ਵੀ ਕੁਝ ਇਸੇ ਤਰ੍ਹਾਂ ਦਾ ਹੀ ਹੋਇਆ ਸੀ। ਜੋ ਕੁਝ ਮੌਜੂਦਾ ਸਮੇਂ 'ਚ ਹੋ ਰਿਹਾ ਹੈ।'
 


author

sunita

Content Editor

Related News