ਜਦੋਂ ਦਿਲੀਪ ਕੁਮਾਰ ਦੇ ਘਰ ’ਚ ਵੜੇ ਧਰਮਿੰਦਰ ਅਤੇ ਫਿਰ ਪੁੱਠੇ ਪੈਰੀਂ ਭੱਜੇ
Tuesday, Nov 25, 2025 - 12:03 AM (IST)
ਐਂਟਰਟੇਨਮੈਂਟ ਡੈਸਕ- ਧਰਮਿੰਦਰ ਦੇ ਫਿਲਮੀ ਦੁਨੀਆ ਵਿਚ ਇਕ ਮਸ਼ਹੂਰ ਅਦਾਕਾਰ ਵਜੋਂ ਉਭਰਨ ਤੋਂ ਪਹਿਲਾਂ ਇਕ ਦਿਲਚਸਪ ਘਟਨਾ ਸਾਹਮਣੇ ਆਈ ਜਦੋਂ ਧਰਮਿੰਦਰ ਬੰਬਈ ਗਏ ਅਤੇ ਆਪਣੇ ਮਨਪਸੰਦ ਅਦਾਕਾਰ ਦਿਲੀਪ ਕੁਮਾਰ ਦੇ ਘਰ ਜਾਣ ਦੀ ਹਿੰਮਤ ਜੁਟਾ ਕੇ ਉਸਦੇ ਬੈੱਡਰੂਮ ਵਿਚ ਪਹੁੰਚ ਗਏ ਪਰ ਜਦੋਂ ਦਿਲੀਪ ਨੂੰ ਆਪਣੇ ਘਰ ਵਿਚ ਇਕ ਅਜਨਬੀ ਨੂੰ ਦੇਖਿਆ ਤਾਂ ਧਰਮਿੰਦਰ ਓਥੋਂ ਪੁੱਠੇ ਪੈਰੀਂ ਭੱਜੇ।
ਸਾਲ 1952 ਦੇ ਕਿਸੇ ਸਮੇਂ ਦੇ ਇਕ ਦਿਲਚਸਪ ਕਿੱਸੇ ਦਾ ਜ਼ਿਕਰ ਖੁਦ ਧਰਮਿੰਦਰ ਨੇ ਦਿਲੀਪ ਕੁਮਾਰ ਦੀ ਆਤਮਕਥਾ ‘ਦਿ ਸਬਸਟੈਂਸ ਐਂਡ ਦਿ ਸ਼ੈਡੋ’ ਦੇ ‘ਸਮਰਨ’ ਹਿੱਸੇ ਵਿਚ ਵਿਸਥਾਰ ਨਾਲ ਕੀਤਾ ਹੈ। ਧਰਮਿੰਦਰ ਨੇ ਕਿਹਾ ਸੀ ਕਿ 1952 ਵਿਚ ਜਦੋਂ ਮੈਂ ਕਾਲਜ ਦੇ ਦੂਜੇ ਸਾਲ ਵਿਚ ਸੀ, ਓਦੋਂ ਮੈਂ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਬੰਬਈ ਆਇਆ। ਓਦੋਂ ਅਸੀਂ ਲੁਧਿਆਣਾ ਵਿਚ ਰਹਿੰਦੇ ਸੀ। ਉਸ ਸਮੇਂ ਅਦਾਕਾਰ ਬਣਨ ਦੀ ਮੇਰੀ ਕੋਈ ਯੋਜਨਾ ਨਹੀਂ ਸੀ ਪਰ ਮੈਂ ਦਿਲੀਪ ਕੁਮਾਰ ਨਾਲ ਜ਼ਰੂਰ ਮਿਲਣਾ ਚਾਹੁੰਦਾ ਸੀ ਜਿਨ੍ਹਾਂ ਦੀ ਫਿਲਮ ‘ਸ਼ਹੀਦ’ ਨੇ ਮੇਰੀਆਂ ਭਾਵਨਾਵਾਂ ਨੂੰ ਡੂੰਘਾਈ ਨਾਲ ਛੂਹ ਲਿਆ ਸੀ। ਕਿਸੇ ਅਣਪਛਾਤੇ ਕਾਰਨ ਨਾਲ ਮੈਨੂੰ ਲੱਗਣ ਲੱਗਾ ਸੀ ਕਿ ਦਿਲੀਪ ਕੁਮਾਰ ਅਤੇ ਮੈਂ ਭਰਾ ਹਾਂ।
ਉਨ੍ਹਾਂ ਯਾਦ ਕਰਦਿਆਂ ਕਿਹਾ ਸੀ ਕਿ ਬੰਬਈ ਪਹੁੰਚਣ ਦੇ ਅਗਲੇ ਹੀ ਦਿਨ ਮੈਂ ਹਿੰਮਤ ਕਰ ਕੇ ਦਿਲੀਪ ਕੁਮਾਰ ਨੂੰ ਮਿਲਣ ਬਾਂਦਰਾ ਦੇ ਪਾਲੀ ਮਾਲਾ ਇਲਾਕੇ ਵਿਚ ਉਨ੍ਹਾਂ ਦੇ ਘਰ ਪਹੁੰਚ ਗਿਆ। ਦਰਵਾਜ਼ੇ ’ਤੇ ਮੈਨੂੰ ਕਿਸੇ ਨੇ ਨਹੀਂ ਰੋਕਿਆ, ਇਸ ਲਈ ਮੈਂ ਸਿੱਧਾ ਮੇਨ ਦਰਵਾਜ਼ੇ ਤੋਂ ਘਰ ਦੇ ਅੰਦਰ ਵੜ ਗਿਆ। ਉੱਪਰ ਬੈੱਡਰੂਮ ਤੱਕ ਜਾਣ ਲਈ ਲਕੜ ਦੀ ਇਕ ਪੌੜੀ ਸੀ। ਮੈਂ ਪੌੜੀ ਚੜ੍ਹਕੇ ਉੱਪਰ ਪਹੁੰਚ ਗਿਆ ਅਤੇ ਇਕ ਕਮਰੇ ਦੇ ਦਰਵਾਜ਼ੇ ਦੇ ਬਾਹਰ ਖੜ੍ਹਾ ਹੋ ਗਿਆ।
ਧਰਮਿੰਦਰ ਨੇ ਯਾਦ ਕੀਤਾ ਕਿ ਇਕ ਗੋਰਾ, ਦੁਬਲਾ-ਪਤਲਾ, ਖੂਬਸੂਰਤ ਨੌਜਵਾਨ ਸੋਫੇ ’ਤੇ ਸੁੱਤਾ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਦਿਲੀਪ ਕੁਮਾਰ ਨੂੰ ਕਿਸੇ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਅਤੇ ਉਹ ਅਚਾਨਕ ਉੱਠ ਗਏ। ਉਨ੍ਹਾਂ ਨੇ ਜ਼ੋਰ ਨਾਲ ਨੌਕਰ ਨੂੰ ਆਵਾਜ਼ ਮਾਰੀ। ਮੈਂ ਡਰ ਦੇ ਮਾਰੇ ਪੌੜ੍ਹੀਆਂ ਤੋਂ ਹੇਠਾਂ ਭੱਜਿਆ ਅਤੇ ਘਰ ਤੋਂ ਬਾਹਰ ਨਿਕਲ ਕੇ ਪਿੱਛੇ ਮੁੜਕੇ ਦੇਖਣ ਲੱਗਾ ਕਿ ਕਿਤੇ ਕੋਈ ਮੇਰਾ ਪਿੱਛਾ ਤਾਂ ਨਹੀਂ ਕਰ ਰਿਹਾ।
ਧਰਮਿੰਦਰ ਨੇ ਯਾਦ ਕਰਦਿਆਂ ਕਿਹਾ ਸੀ ਕਿ ਬਾਅਦ ਵਿਚ ਜਦੋਂ ਮੈਂ ਆਪਣੇ ਵੱਲੋਂ ਚੁੱਕੇ ਗਏ ਇਸ ਕਦਮ ’ਤੇ ਸੋਚ ਰਿਹਾ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਕ ਮਸ਼ਹੂਰ ਅਦਾਕਾਰ ਦੀ ਨਿੱਜਤਾ ਵਿਚ ਦਖਲ ਦੇ ਕੇ ਮੈਂ ਕਿੰਨੀ ਲਾਪਰਵਾਹੀ ਵਰਤੀ ਸੀ।
