ਉਹ ਅਦਾਕਾਰਾ, ਜਿਸ ਨੇ ਫ਼ਿਲਮ ’ਚ ਪਹਿਲੀ ਵਾਰ ਕੀਤਾ ਸੀ ਕਿਸਿੰਗ ਸੀਨ, ਮਚ ਗਿਆ ਸੀ ਹੰਗਾਮਾ

03/09/2021 5:43:38 PM

ਮੁੰਬਈ (ਬਿਊਰੋ)– ਦੇਵਿਕਾ ਰਾਣੀ ਹਿੰਦੀ ਸਿਨੇਮਾ ਦੀ ਇਕ ਅਜਿਹੀ ਅਦਾਕਾਰਾ ਹੈ, ਜਿਸ ਦੀਆਂ ਬੋਲਡ ਅਦਾਵਾਂ ਤੇ ਸ਼ਾਨਦਾਰ ਵਿਵਹਾਰ ਦੀ ਚਰਚਾ 2021 ’ਚ ਵੀ ਕੀਤੀ ਜਾਂਦੀ ਹੈ। ਭਾਰਤੀ ਸਿਨੇਮਾ ਲਈ ਦੇਵਿਕਾ ਰਾਣੀ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਜਿਸ ਜ਼ਮਾਨੇ ’ਚ ਭਾਰਤ ਦੀਆਂ ਮਹਿਲਾਵਾਂ ਘਰ ਦੀ ਚਾਰਦੀਵਾਰੀ ਦੇ ਅੰਦਰ ਵੀ ਘੁੰਡ ’ਚ ਮੂੰਹ ਲੁਕੋ ਕੇ ਰੱਖਦੀਆਂ ਸਨ, ਦੇਵਿਕਾ ਰਾਣੀ ਨੇ ਫ਼ਿਲਮਾਂ ’ਚ ਕੰਮ ਕਰਕੇ ਵੱਖਰੇ ਜਜ਼ਬੇ ਦਾ ਪ੍ਰਦਰਸ਼ਨ ਕੀਤਾ ਸੀ। ਅੱਜ ਦੇਵਿਕਾ ਰਾਣੀ ਦੀ ਬਰਸੀ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਦੇਵਿਕਾ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਬਾਰੇ–

ਦੇਵਿਕਾ ਰਾਣੀ ਦਾ ਜਨਮ 30 ਮਾਰਚ, 1908 ਨੂੰ ਵਾਲਟੇਅਰ (ਵਿਸ਼ਾਖਾਪਟਨਮ) ’ਚ ਹੋਇਆ ਸੀ। ਉਹ ਮਸ਼ਦਬਰ ਕਵੀ ਸ਼੍ਰੀ ਰਵਿੰਦਰਨਾਥ ਟੈਗੋਰ ਦੇ ਵੰਸ਼ ਨਾਲ ਸਬੰਧ ਰੱਖਦੀ ਸੀ। ਦੇਵਿਕਾ ਰਾਣੀ ਦੇ ਪਿਤਾ ਕਰਨਲ ਐੱਮ. ਐੱਨ. ਚੌਧਰੀ ਮਦਰਾਸ (ਹੁਣ ਚੇਨਈ) ਦੇ ਪਹਿਲੇ ‘ਸਰਜਨ ਜਨਰਲ’ ਸਨ। ਉਸ ਦੀ ਮਾਤਾ ਦਾ ਨਾਂ ਸ਼੍ਰੀਮਤੀ ਲੀਲਾ ਚੌਧਰੀ ਸੀ। ਕਿਹਾ ਜਾਂਦਾ ਹੈ ਕਿ ਦੇਵਿਕਾ ਬਚਪਨ ਤੋਂ ਹੀ ਬਹੁਤ ਟੈਲੇਂਟਿਡ ਸੀ। 9 ਸਾਲ ਦੀ ਉਮਰ ’ਚ ਹੀ ਪੜ੍ਹਾਈ ਲਈ ਉਸ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਸੀ। ਦੇਵਿਕਾ ਨੇ ਭਾਰਤੀ ਸਿਨੇਮਾ ਨੂੰ ਗਲੋਬਲ ਸਟੈਂਡਰਡ ’ਤੇ ਲਿਜਾਣ ਦਾ ਕੰਮ ਕੀਤਾ।

ਦੇਵਿਕਾ ਰਾਣੀ ਦਾ ਕਰੀਅਰ 10 ਸਾਲ ਲੰਮਾ ਰਿਹਾ। ਅਸ਼ੋਕ ਕੁਮਾਰ ਨਾਲ ਦੇਵਿਕਾ ਦੀ ਜੋੜੀ ਖੂਬ ਜਚੀ। ਦੋਵੇਂ ‘ਜੀਵਨ ਨੈਆ’, ‘ਜਨਮਭੂਮੀ’ ਤੇ ‘ਅਛੂਤ ਕਨਿਆ’ ’ਚ ਨਜ਼ਰ ਆਏ। ਦੇਵਿਕਾ ਰਾਣੀ ਦਾਦਾ ਸਾਹਿਬ ਫਾਲਕੇ ਐਵਾਰਡ ਪਾਉਣ ਵਾਲੀ ਪਹਿਲੀ ਸ਼ਖਸੀਅਤ ਵੀ ਰਹੀ। ਉਸ ਨੂੰ 1969 ’ਚ ਇਹ ਐਵਾਰਡ ਮਿਲਿਆ। ਇਸ ਤੋਂ ਇਲਾਵਾ ਸਾਲ 1958 ’ਚ ਉਸ ਨੂੰ ਪਦਮਸ਼੍ਰੀ ਨਾਲ ਵੀ ਨਿਵਾਜਿਆ ਗਿਆ। 9 ਮਾਰਚ, 1994 ਨੂੰ ਅਦਾਕਾਰਾ ਦਾ 85 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਦੇਵਿਕਾ ਰਾਣੀ ਨੂੰ ਫਰਸਟ ਲੇਡੀ ਆਫ ਇੰਡੀਅਨ ਸਿਨੇਮਾ ਦੇ ਰੂਪ ’ਚ ਜਾਣਿਆ ਜਾਂਦਾ ਹੈ।

ਹਿੰਦੀ ਸਿਨੇਮਾ ਦੇ ਸ਼ੁਰੂਆਤੀ ਦੌਰ ’ਚ ਅਦਾਕਾਰਾ ਦਾ ਰੋਮਾਂਸ ਵੀ ਉਨਾ ਖੁੱਲ੍ਹ ਕੇ ਨਹੀਂ ਦਿਖਾਇਆ ਜਾਂਦਾ ਸੀ ਪਰ ਕਿਸੇ ਨਾ ਕਿਸੇ ਨੂੰ ਤਾਂ ਸ਼ੁਰੂਆਤ ਕਰਨੀ ਹੀ ਪੈਂਦੀ ਹੈ ਤੇ ਇਹ ਕੰਮ ਕੀਤਾ ਦੇਵਿਕਾ ਰਾਣੀ ਨੇ ਕਿਉਂਕਿ ਦੇਵਿਕਾ ਰਾਣੀ ਇੰਡਸਟਰੀ ’ਚ ਆਈ ਹੀ ਟਰੈਂਡ ਸੈੱਟ ਕਰਨ ਲਈ ਸੀ। ਸਾਲ 1933 ’ਚ ‘ਕਰਮਾ’ ਫ਼ਿਲਮ ਬਣੀ, ਜੋ ਅੰਗਰੇਜ਼ੀ ਭਾਸ਼ਾ ’ਚ ਬਣੀ ਦੇਸ਼ ਦੀ ਪਹਿਲੀ ਫ਼ਿਲਮ ਸੀ। ਮੁੱਖ ਭੂਮਿਕਾ ’ਚ ਸਨ ਹਿਮਾਂਸ਼ੂ ਰਾਏ ਤੇ ਦੇਵਿਕਾ ਰਾਣੀ। ਇਸ ਫ਼ਿਲਮ ਰਾਹੀਂ ਪਹਿਲੀ ਵਾਰ ਲੋਕਾਂ ਨੇ ਕਿਸਿੰਗ ਸੀਨ ਦੇਖਿਆ। ਕੀਸਿੰਗ ਸੀਨ ਛੋਟਾ-ਮੋਟਾ ਵੀ ਨਹੀਂ ਸੀ। ਇਹ 4 ਮਿੰਟ ਤੋਂ ਵੀ ਲੰਬਾ ਕਿਸਿੰਗ ਸੀਨ ਸੀ। ਫ਼ਿਲਮ ਨੂੰ ਲੈ ਕੇ ਬਹੁਤ ਹੰਗਾਮਾ ਹੋਇਆ ਪਰ ਦੇਵਿਕਾ ਰਾਣੀ ਨੇ ਆਪਣਾ ਨਾਂ ਇਤਿਹਾਸ ਦੇ ਪੰਨਿਆਂ ’ਚ ਜੋੜ ਲਿਆ।

ਨੋਟ– ਕੀ ਤੁਸੀਂ ਦੇਵਿਕਾ ਰਾਣੀ ਦੀ ਫ਼ਿਲਮ ‘ਕਰਮਾ’ ਦੇਖੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News