ਦਿੱਲੀ ਹਾਈ ਕੋਰਟ ਵਲੋਂ ‘ਆਦਿਪੁਰਸ਼’ ਵਿਰੁੱਧ ਪਟੀਸ਼ਨ ’ਤੇ ਤੁਰੰਤ ਸੁਣਵਾਈ ਤੋਂ ਨਾਂਹ
Thursday, Jun 22, 2023 - 05:20 PM (IST)
ਨਵੀਂ ਦਿੱਲੀ (ਭਾਸ਼ਾ)– ਦਿੱਲੀ ਹਾਈ ਕੋਰਟ ਨੇ ‘ਰਾਮਾਇਣ’ ’ਤੇ ਆਧਾਰਿਤ ਫ਼ਿਲਮ ‘ਆਦਿਪੁਰਸ਼’ ਦੀ ਰਿਲੀਜ਼ ’ਤੇ ਪਾਬੰਦੀ ਨੂੰ ਲੈ ਕੇ ਹਿੰਦੂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵਲੋਂ ਦਾਇਰ ਜਨਹਿਤ ਪਟੀਸ਼ਨ ’ਤੇ ਤੁਰੰਤ ਸੁਣਵਾਈ ਤੋਂ ਬੁੱਧਵਾਰ ਇਨਕਾਰ ਕਰ ਦਿੱਤਾ।
ਜਸਟਿਸ ਤਾਰਾ ਵਿਤਾਸਤਾ ਗੰਜੂ ਤੇ ਜਸਟਿਸ ਅਮਿਤ ਮਹਾਜਨ ਦੀ ਛੁੱਟੀ ਵਾਲੇ ਬੈਂਚ ਨੇ ਪਟੀਸ਼ਨਕਰਤਾ ਵਿਸ਼ਨੂੰ ਗੁਪਤਾ ਦੀ ਸੁਣਵਾਈ ਲਈ ਸੂਚੀਬੱਧ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਹਨੀ ਸਿੰਘ ਨੂੰ ਗੋਲਡੀ ਬਰਾੜ ਗੈਂਗ ਵੱਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ
ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਜਨਹਿੱਤ ਪਟੀਸ਼ਨ 30 ਜੂਨ ਨੂੰ ਸੁਣਵਾਈ ਲਈ ਸੂਚੀਬੱਧ ਹੈ ਪਰ ਉਦੋਂ ਤੱਕ ਪਟੀਸ਼ਨ ਦਾ ਮਕਸਦ ਖ਼ਤਮ ਹੋ ਜਾਵੇਗਾ। ਕਈ ਵਿਵਾਦਿਤ ਹਿੱਸੇ ਹਨ, ਜੋ ਅੰਤਰਰਾਸ਼ਟਰੀ ਸਬੰਧਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਨੇਪਾਲ ਨੇ ਫ਼ਿਲਮ ’ਤੇ ਪਾਬੰਦੀ ਲਗਾ ਦਿੱਤੀ ਹੈ।
ਪਟੀਸ਼ਨ ਮੁਤਾਬਕ ‘ਆਦਿਪੁਰਸ਼’ ਨੇ ਧਾਰਮਿਕ ਕਿਰਦਾਰਾਂ ਤੇ ਚਿੱਤਰਾਂ ਨੂੰ ਗਲਤ ਤੇ ਬੇਲੋੜੇ ਢੰਗ ਨਾਲ ਪੇਸ਼ ਕਰਕੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅਦਾਲਤ ਨੇ ਕਿਹਾ ਕਿ ਜਦੋਂ ਫ਼ਿਲਮ ਪਹਿਲਾਂ ਹੀ ਰਿਲੀਜ਼ ਹੋ ਚੁੱਕੀ ਹੈ ਤਾਂ ਤੁਸੀਂ ਕੀ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ? ਸਾਨੂੰ ਨਹੀਂ ਲੱਗਦਾ ਕਿ ਮਾਮਲਾ ਜ਼ਰੂਰੀ ਹੈ। ਕਿਰਪਾ ਕਰਕੇ ਸੁਣਵਾਈ ਵਾਲੇ ਦਿਨ 30 ਜੂਨ ਨੂੰ ਆਓ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।