‘ਜੋ ਦੀਪ ਸਿੱਧੂ ਲਈ ਪੋਸਟਾਂ ਪਾਉਂਦੇ ਸਨ, ਅੱਜ ਉਨ੍ਹਾਂ ਨੂੰ ਦੱਸਣਾ ਪੈ ਰਿਹਾ ਕਿ ਦੀਪ ਦੀ ਫ਼ਿਲਮ ਆ ਰਹੀ’

Wednesday, Apr 27, 2022 - 05:24 PM (IST)

‘ਜੋ ਦੀਪ ਸਿੱਧੂ ਲਈ ਪੋਸਟਾਂ ਪਾਉਂਦੇ ਸਨ, ਅੱਜ ਉਨ੍ਹਾਂ ਨੂੰ ਦੱਸਣਾ ਪੈ ਰਿਹਾ ਕਿ ਦੀਪ ਦੀ ਫ਼ਿਲਮ ਆ ਰਹੀ’

ਜਲੰਧਰ : ਦੀਪ ਸਿੱਧੂ ਦੀ ਆਖਰੀ ਫ਼ਿਲਮ ‘ਸਾਡੇ ਆਲੇ’ 29 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੇਹੱਦ ਦੁੱਖ ਦੀ ਗੱਲ ਹੈ ਕਿ ਦੀਪ ਹੁਣ ਸਾਡੇ ਵਿਚਾਲੇ ਨਹੀਂ ਰਿਹਾ ਪਰ ‘ਸਾਡੇ ਆਲੇ’ ਫ਼ਿਲਮ ਨਾਲ ਉਸ ਦੀਆਂ ਕੁਝ ਯਾਦਾਂ ਪ੍ਰਸ਼ੰਸਕਾਂ ਨੂੰ ਜ਼ਰੂਰ ਯਾਦ ਰਹਿਣਗੀਆਂ। ਫ਼ਿਲਮ ’ਚ ਦੀਪ ਸਿੱਧੂ ਤੋਂ ਇਲਾਵਾ ਸੁਖਦੀਪ ਸੁੱਖ, ਗੁੱਗੂ ਗਿੱਲ, ਅੰਮ੍ਰਿਤ ਔਲਖ, ਮਹਾਬੀਰ ਭੁੱਲਰ, ਹਰਵਿੰਦਰ ਕੌਰ ਬਬਲੀ, ਅਮਰਿੰਦਰ ਬਿਲਿੰਗ ਤੇ ਸੋਨਪ੍ਰੀਤ ਜਵੰਦਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਫ਼ਿਲਮ ਨੂੰ ਜਤਿੰਦਰ ਮੌਹਰ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਸੁਮੀਤ ਸਿੰਘ, ਮਨਦੀਪ ਸਿੱਧੂ ਤੇ ਮਨਦੀਪ ਸਿੰਘ ਮੰਨਾ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਜਤਿੰਦਰ ਮੌੜ ਤੇ ਦਲਜੀਤ ਅਮੀ ਨੇ ਲਿਖੇ ਹਨ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਅਦਾਕਾਰ ਸੁਖਦੀਪ ਸੁੱਖ, ਸੋਨਪ੍ਰੀਤ ਜਵੰਦਾ ਤੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨਾਲ ਖ਼ਾਸ ਗੱਲਬਾਤ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਚ ਨਜ਼ਰ ਆਉਣਗੇ ਹਨੀ ਸਿੰਘ ਤੇ ਗੁਰੂ ਰੰਧਾਵਾ, ਸਾਹਮਣੇ ਆਈਆਂ ਤਸਵੀਰਾਂ

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਦੀਪ ਸਿੱਧੂ ਲਈ ਬੇਹੱਦ ਖ਼ਾਸ ਸੀ। ਦੀਪ ਇਸ ਫ਼ਿਲਮ ਨੂੰ ਕਾਨਸ ਫ਼ਿਲਮ ਫੈਸਟੀਵਲ ’ਚ ਵੀ ਦਿਖਾ ਚੁੱਕੇ ਹਨ। ਉਨ੍ਹਾਂ ਲਈ ਇਹ ਫ਼ਿਲਮ ਮਾਣ ਨਾਲ ਭਰਪੂਰ ਸੀ ਪਰ ਦੁੱਖ ਦੀ ਗੱਲ ਹੈ ਕਿ ਜਦੋਂ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ ਤਾਂ ਦੀਪ ਸਿੱਧੂ ਖ਼ੁਦ ਉਨ੍ਹਾਂ ਵਿਚਾਲੇ ਨਹੀਂ ਰਿਹਾ।

ਟੀਮ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਜੋ ਕਲਾਕਾਰ ਦੀਪ ਸਿੱਧੂ ਦੇ ਦਿਹਾਂਤ ਤੋਂ ਬਾਅਦ ਉਸ ਲਈ ਪੋਸਟਾਂ ਸਾਂਝੀਆਂ ਕਰ ਰਹੇ ਸਨ, ਅੱਜ ਉਹ ਫ਼ਿਲਮ ਦਾ ਕਿਤੇ ਵੀ ਜ਼ਿਕਰ ਨਹੀਂ ਕਰ ਰਹੇ। ਬੇਸ਼ੱਕ ਫ਼ਿਲਮ ਲਈ ਦੀਪ ਸਿੱਧੂ ਦਾ ਨਾਂ ਵਰਤਿਆ ਜਾ ਰਿਹਾ ਹੈ ਪਰ ਇਹ ਫ਼ਿਲਮ ਉਸੇ ਦੀ ਹੈ ਤੇ ਉਸ ਦੇ ਨਾਂ ਤੋਂ ਬਿਨਾਂ ਅਧੂਰੀ ਹੈ।

ਫ਼ਿਲਮ ਦੀ ਕਹਾਣੀ ਬਾਰੇ ਗੱਲਬਾਤ ਕਰਦਿਆਂ ਟੀਮ ਨੇ ਕਿਹਾ ਕਿ ‘ਸਾਡੇ ਆਲੇ’ ਪੰਜਾਬ ਦੀ ਕਹਾਣੀ ਹੈ। ਇਸ ’ਚ ਪੰਜਾਬ ਦੇ ਪਿੰਡਾਂ ਦੇ ਮਾਹੌਲ ਨੂੰ ਦਰਸਾਇਆ ਗਿਆ ਹੈ। ਕਬੱਡੀ ਦਾ ਵੀ ਫ਼ਿਲਮ ’ਚ ਅਹਿਮ ਹਿੱਸਾ ਦੇਖਣ ਨੂੰ ਮਿਲੇਗਾ। ਉਥੇ ਰਿਸ਼ਤਿਆਂ ’ਚ ਆਉਂਦੇ ਉਤਾਰ-ਚੜ੍ਹਾਅ ਵੀ ਫ਼ਿਲਮ ਦੀ ਜਾਨ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ– ‘ਬਚਪਨ ’ਚ ਗਲਤ ਤਰੀਕੇ ਨਾਲ ਛੂਹਿਆ ਗਿਆ’

ਟੀਮ ਦਾ ਇਹ ਵੀ ਕਹਿਣਾ ਸੀ ਕਿ ਦੀਪ ਸਿੱਧੂ ਦੇ ਸਸਕਾਰ ਮੌਕੇ ਵੱਡੀ ਗਿਣਤੀ ’ਚ ਇਕੱਠ ਸੀ ਪਰ ਹੁਣ ਉਨ੍ਹਾਂ ਨੂੰ ਦੀਪ ਸਿੱਧੂ ਦੀ ਫ਼ਿਲਮ ਪ੍ਰਮੋਟ ਕਰਨ ਲਈ ਲੋਕਾਂ ਨੂੰ ਦੱਸਣਾ ਪੈ ਰਿਹਾ ਹੈ ਕਿ ਉਸ ਦੀ ਫ਼ਿਲਮ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਨਾਲ ਸਭ ਕੁਝ ਬਦਲ ਰਿਹਾ ਹੈ। ਲੋਕ ਜਿਊਂਦੇ ਦੀ ਕਦਰ ਨਹੀਂ ਕਰਦੇ ਤੇ ਮਰਨ ਤੋਂ ਬਾਅਦ ਪਿਆਰ ਦਾ ਇਜ਼ਹਾਰ ਕਰਦੇ ਹਨ।

ਦੱਸ ਦੇਈਏ ਕਿ ਇਹ ਫ਼ਿਲਮ ਕਾਫੀ ਸਮੇਂ ਤੋਂ ਬਣ ਕੇ ਤਿਆਰ ਪਈ ਹੈ। ਹਾਲਾਂਕਿ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਗਈ ਸੀ। ਦੀਪ ਸਿੱਧੂ ਨੇ ਪਿਛਲੇ ਸਾਲ ਦਸੰਬਰ ਮਹੀਨੇ ’ਚ ਫ਼ਿਲਮ ਨੂੰ ਅਪ੍ਰੈਲ ਦੇ ਅਖੀਰ ਜਾਂ ਮਈ ਦੀ ਸ਼ੁਰੂਆਤ ਮੌਕੇ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਸੀ ਪਰ 15 ਫਰਵਰੀ ਨੂੰ ਦੀਪ ਸਿੱਧੂ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਦੀਪ ਇਸ ਨੂੰ ਕਮਰਸ਼ੀਅਲ ਪੱਖ ਤੋਂ ਵੀ ਦੇਖਦੇ ਸਨ ਕਿਉਂਕਿ ਉਨ੍ਹਾਂ ਨੇ ਫ਼ਿਲਮ ਲਈ ਆਪਣਾ ਸਭ ਕੁਝ ਲਗਾਇਆ ਸੀ। ਟੀਮ ਦਾ ਕਹਿਣਾ ਹੈ ਕਿ ਫ਼ਿਲਮ ਦੀਪ ਸਿੱਧੂ ਨੂੰ ਇਕ ਸ਼ਰਧਾਂਜਲੀ ਹੈ ਤੇ ਸਿਨੇਮਾਘਰ ’ਚ ਦੀਪ ਸਿੱਧੂ ਤੋਂ ਬਿਨਾਂ ਫ਼ਿਲਮ ਦੇਖਣਾ ਉਨ੍ਹਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ।


author

Rahul Singh

Content Editor

Related News