ਵਿਵਾਦਾਂ 'ਚ ਘਿਰੇ ਗਾਇਕ ਸਤਵਿੰਦਰ ਬੁੱਗਾ, ਭਰਾ ਨੇ ਲਗਾਏ ਜ਼ਮੀਨ 'ਤੇ ਕਬਜ਼ਾ ਕਰਨ ਦੇ ਇਲਜ਼ਾਮ (ਵੀਡੀਓ)
Thursday, May 26, 2022 - 01:55 PM (IST)

ਪਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਤਵਿੰਦਰ ਬੁੱਗਾ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਸਤਵਿੰਦਰ ਬੁੱਗਾ ਦੇ ਵੱਡੇ ਭਰਾ ਦਵਿੰਦਰ ਸਿੰਘ ਭੋਲਾ ਨੇ ਉਨ੍ਹਾਂ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਿਤਾ ਜੀ ਦੀ ਪੁਰਖੀ ਜ਼ਮੀਨ 'ਤੇ ਕਬਜ਼ਾ ਕਰਕੇ ਉਸ ਨੂੰ ਆਪਣੇ ਨਾਮ ਕਰਵਾ ਲਿਆ ਹੈ ਅਤੇ ਜਿਸ ਘਰ 'ਚ ਇਸ ਸਮੇਂ ਦਵਿੰਦਰ ਸਿੰਘ ਭੋਲਾ ਰਹਿ ਰਹੇ ਹਨ ਸਤਵਿੰਦਰ ਵਲੋਂ ਉਥੇ ਪੁਲਸ ਨੂੰ ਭੇਜ ਕੇ ਉਥੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਮਾਮਲੇ 'ਚ ਸਤਵਿੰਦਰ ਦੇ ਭਰਾ ਦਵਿੰਦਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 2016 'ਚ ਸਾਡੇ ਪਿਤਾ ਜੀ ਦੀ ਸਾਢੇ 4 ਕਿੱਲੇ ਜ਼ਮੀਨ ਆਪਣੇ ਨਾਮ ਕਰਵਾ ਲਈ ਅਤੇ 2011 'ਚ ਸਾਡੇ ਪਿਤਾ ਜੀ ਅਤੇ ਮਾਤਾ ਜੀ ਨੇ ਸਾਡੇ ਤਿੰਨੇ ਭਰਾਵਾਂ ਦੇ ਨਾਮ 'ਤੇ ਵਸੀਅਤ ਕਰਵਾਈ। ਫਿਰ 2016 'ਚ ਸਤਵਿੰਦਰ ਨੇ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ।
ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਫਿਰ ਵੱਡੇ ਭਰਾ ਨੇ ਕਿਹਾ ਕਿ ਚੱਲੋ ਕੋਈ ਗੱਲ ਨਹੀਂ ਅਸੀਂ ਆਪਣੇ ਪਿਤਾ ਜੀ ਨੂੰ ਕੋਰਟ 'ਚ ਨਹੀਂ ਲਿਜਾਣਾ, ਜੇਕਰ ਜ਼ਮੀਨ ਲੈ ਕੇ ਗਿਆ ਤਾਂ ਕੋਈ ਗੱਲ ਨਹੀਂ ਛੱਡੋ ਪਰੇ। ਇਹ ਸਾਡੀ ਜੱਦੀ ਜ਼ਮੀਨ ਸੀ ਅਸੀਂ ਆਪਣੀ ਦਰਖ਼ਾਸਤ ਵਾਪਸ ਲੈ ਲਈ ਉਸ ਤੋਂ ਬਾਅਦ ਇਹ ਫਿਰ ਨਹੀਂ ਟਲਿਆ। ਉਨ੍ਹਾਂ ਕਿਹਾ ਕਿ ਗਾਇਕ ਹਰ ਸਾਲ ਸਾਡੇ ਖ਼ਿਲਾਫ਼ ਦਰਖਾਸਤਾਂ ਦਿੰਦਾ ਹੈ, ਜੋ ਮਹਿੰਗੀ ਜ਼ਮੀਨ ਹੈ ਉਸ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਘਰ ਦੇ 'ਚ ਉਹ ਉਨ੍ਹਾਂ ਨੂੰ ਰਹਿਣ ਨਹੀਂ ਦਿੰਦੇ, ਹਰ ਵੇਲੇ ਕਹਿੰਦੇ ਹਨ ਕਿ ਮੇਰੇ ਕੋਲ ਅਸਲਾ ਹੈ, ਮੈਂ ਗੋਲੀ ਮਾਰ ਦਵਾਂਗਾ। (ਵੀਡੀਓ)