ਕਾਮੇਡੀਅਨ ਰਾਜੀਵ ਨਿਗਮ ਦੇ ਜਨਮਦਿਨ ’ਤੇ ਬੇਟੇ ਦਾ ਦਿਹਾਂਤ, ਕੁਝ ਦਿਨ ਪਹਿਲਾਂ ਹੋਈ ਸੀ ਪਿਤਾ ਦੀ ਮੌਤ

11/9/2020 4:25:59 PM

ਜਲੰਧਰ (ਬਿਊਰੋ)– ਮਸ਼ਹੂਰ ਕਾਮੇਡੀਅਨ ਰਾਜੀਵ ਨਿਗਮ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। 8 ਨਵੰਬਰ ਨੂੰ ਉਨ੍ਹਾਂ ਦਾ ਜਨਮਦਿਨ ਸੀ ਤੇ ਇਸੇ ਦਿਨ ਉਨ੍ਹਾਂ ਦੇ ਬੇਟੇ ਦਾ ਦਿਹਾਂਤ ਹੋ ਗਿਆ। ਆਪਣੇ ਜਨਮਦਿਨ ’ਤੇ ਬੇਟੇ ਦੀ ਮੌਤ ਦਾ ਸਦਮਾ ਰਾਜੀਵ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਨੇ ਫੇਸਬੁੱਕ ’ਤੇ ਬੇਟੇ ਦੀ ਮੌਤ ਦੀ ਖਬਰ ਦਿੱਤੀ ਤੇ ਇਕ ਭਾਵੁਕ ਪੋਸਟ ਲਿਖੀ। ਹਾਲਾਂਕਿ ਇਹ ਅਕਾਊਂਟ ਵੈਰੀਫਾਈਡ ਨਹੀਂ ਹੈ। ਪੋਸਟ ’ਚ ਲਿਖਿਆ ਗਿਆ ਹੈ, ‘ਜਨਮਦਿਨ ਦਾ ਕਿੰਨਾ ਵੱਡਾ ਸਰਪ੍ਰਾਈਜ਼ ਗਿਫਟ ਮਿਲਿਆ। ਮੇਰਾ ਬੇਟਾ ਦੇਵਰਾਜ ਅੱਜ ਮੈਨੂੰ ਛੱਡ ਕੇ ਚਲਾ ਗਿਆ। ਬਿਨਾਂ ਬਰਥਡੇ ਕੇਕ ਕੱਟੇ। ਪਾਗਲ ਅਜਿਹਾ ਗਿਫਟ ਕੌਣ ਦਿੰਦਾ ਹੈ?’

ਉਂਝ ਰਾਜੀਵ ਨਿਗਮ ਦੇ ਪਰਿਵਾਰ ਨਾਲ ਜੁੜੇ ਇਕ ਸੂਤਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਪਰਿਵਾਰ ਇਸ ਸਮੇਂ ਸਦਮੇ ’ਚ ਹੈ। ਰਿਪੋਰਟ ਮੁਤਾਬਕ ਸਾਲ 2018 ’ਚ ਰਾਜੀਵ ਨਿਗਮ ਦਾ ਬੇਟਾ ਵੈਂਟੀਲੇਟਰ ’ਤੇ ਵੀ ਰਿਹਾ ਸੀ। ਹਾਲਾਂਕਿ ਉਦੋਂ ਉਸ ਨੂੰ ਕਿਸ ਵਜ੍ਹਾ ਕਾਰਨ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ, ਇਸ ਬਾਰੇ ਪਤਾ ਨਹੀਂ ਲੱਗਾ ਸੀ। ਰਿਪੋਰਟਸ ਮੁਤਾਬਕ 2 ਸਾਲ ਪਹਿਲਾਂ ਜਦੋਂ ਰਾਜੀਵ ਨਿਗਮ ਦਾ ਬੇਟਾ ਖੇਡ ਕੇ ਘਰ ਵਾਪਸ ਆਇਆ ਸੀ, ਉਦੋਂ ਉਸ ਦੀ ਸਿਹਤ ਅਚਾਨਕ ਵਿਗੜ ਗਈ ਸੀ। ਉਸ ਤੋਂ ਬਾਅਦ ਉਹ ਕੋਮਾ ’ਚ ਚਲਾ ਗਿਆ ਸੀ ਤੇ ਉਦੋਂ ਤੋਂ ਰਾਜੀਵ ਨਿਗਮ ਦੀ ਜ਼ਿੰਦਗੀ ਵੀ ਬਦਲ ਗਈ।

ਉਸ ਮੁਸ਼ਕਿਲ ਸਮੇਂ ’ਚ ਰਾਜੀਵ ਨਿਗਮ ‘ਹਰ ਸ਼ਾਖ ਪੇ ਉੱਲੂ ਬੈਠਾ ਹੈ’ ਟੀ. ਵੀ. ਸ਼ੋਅ ਦੀ ਸ਼ੂਟਿੰਗ ਕਰ ਰਹੇ ਸਨ। ਦੱਸਿਆ ਜਾਂਦਾ ਹੈ ਕਿ ਬੇਟੇ ਲਈ ਰਾਜੀਵ ਨਿਗਮ ਨੇ ਆਪਣੇ ਕਰੀਅਰ ਨੂੰ ਵੀ ਦਾਅ ’ਤੇ ਲਗਾ ਦਿੱਤਾ ਸੀ। ਬੇਟੇ ਦੀ ਦੇਖਭਾਲ ਲਈ ਉਹ ਸਭ ਕੁਝ ਛੱਡ ਕੇ ਵਾਪਸ ਆਪਣੇ ਸ਼ਹਿਰ ਆ ਗਏ ਸਨ। ਉਥੇ ਕੁਝ ਮਹੀਨੇ ਪਹਿਲਾਂ ਹੀ ਰਾਜੀਵ ਨਿਗਮ ਦੇ ਪਿਤਾ ਦਾ ਵੀ ਦਿਹਾਂਤ ਹੋ ਗਿਆ ਸੀ।


Rahul Singh

Content Editor Rahul Singh