ਸਿਨੇਮਾ ਨੇ ਦੁਨੀਆ ’ਚ ਭਾਰਤ ਦੀ ਪਛਾਣ ਬਣਾਈ ਹੈ : ਅਨੁਰਾਗ ਠਾਕੁਰ

04/22/2022 11:26:19 AM

ਮੁੰਬਈ- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਮੁੰਬਈ ’ਚ ਸਥਿਤ ਭਾਰਤੀ ਸਿਨੇਮਾ ਦੇ ਰਾਸ਼ਟਰੀ ਮਿਊਜ਼ੀਅਮ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਨੋਰੰਜਨ ਰਾਹੀਂ ਭਾਰਤੀ ਸਿਨੇਮਾ, ਦੁਨੀਆ ’ਚ ਸਾਡੇ ਦੇਸ਼ ਦੀ ਪਛਾਣ ਬਣਾਉਣ ’ਚ ਸਫਲ ਰਿਹਾ ਹੈ। ਦੋ ਭਵਨਾਂ- 19ਵੀਂ ਸ਼ਤਾਬਦੀ ਦੇ ਇਤਿਹਾਸਕ ਗੁਲਸ਼ਨ ਮਹਿਲ ਅਤੇ ਨਵੇਂ ਬਣੇ ਨਿਊ ਮਿਊਜ਼ੀਅਮ ਬਿਲਡਿੰਗ-ਨੇ ਕੇਂਦਰੀ ਮੰਤਰੀ ਦਾ ਖੂਬ ਧਿਆਨ ਖਿੱਚਿਆ।
ਮਿਊਜ਼ੀਅਮ ਨੂੰ ਘੁੰਮ ਕੇ ਦੇਖਣ ਤੋਂ ਬਾਅਦ ਕੇਂਦਰੀ ਮੰਤਰੀ ਦੀ ਟਿੱਪਣੀ ਸੀ ਕਿ ‘‘ਇਹ ਮਿਊਜ਼ੀਅਮ ਫਿਲਮਾਂ, ਵਿਸ਼ੇਸ਼ ਤੌਰ ’ਤੇ ਭਾਰਤੀ ਫਿਲਮਾਂ ’ਚ, ਰੁਚੀ ਰੱਖਣ ਵਾਲਿਆਂ ਲਈ ਇਕ ਜ਼ਰੂਰੀ ਯਾਤਰਾ ਹੈ। ਜੇਕਰ ਤੁਸੀਂ ਮੁੰਬਈ ਆ ਕੇ ਇਸ ਮਿਊਜ਼ੀਅਮ ਨੂੰ ਦੇਖਣ ਨਹੀਂ ਆਉਂਦੇ ਹੋ ਤਾਂ ਤੁਹਾਡੀ ਮੁੰਬਈ ਯਾਤਰਾ ਅਧੂਰੀ ਹੋਵੇਗੀ।’’
ਕੇਂਦਰੀ ਮੰਤਰੀ ਨੇ ਪੂਰੇ ਦੇਸ਼ ਦੇ ਫਿਲਮ ਪ੍ਰੇਮੀਆਂ ਅਤੇ ਸੌਕੀਨਾਂ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਅਤੇ ਇਸ ਦੇ ਵਿਕਾਸ ਬਾਰੇ ਜਾਣਨ ਲਈ ਇਸ ਮਿਊਜ਼ੀਅਮ ਦਾ ਦੌਰਾ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇੱਥੇ ਮਿਊਜ਼ੀਅਮ ’ਚ ਕੁਝ ਸਮਾਂ ਬਿਤਾਓ ਅਤੇ ਮਿਊਜ਼ੀਅਮ ਤੁਹਾਨੂੰ 100 ਸਾਲ ਪਿੱਛੇ ਲੈ ਜਾਵੇਗਾ, ਜਦੋਂ ਸਿਨੇਮਾ ਬਿਨਾਂ ਕਿਸੇ ਆਧੁਨਿਕ ਤਕਨੀਕ ਜਾਂ ਉਪਕਰਣ ਦੇ ਬਣਾਇਆ ਗਿਆ ਸੀ।
ਸ਼੍ਰੀ ਠਾਕੁਰ ਨੇ ਕਿਹਾ, ‘‘ਅੱਜ ਅਸੀਂ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗ੍ਰਾਫਿਕਸ ਅਤੇ ਗੇਮਿੰਗ ਟੈਕਨਾਲੋਜੀ ਬਾਰੇ ਗੱਲ ਕਰਦੇ ਹਾਂ ਪਰ ਇੱਥੇ ਸਾਨੂੰ ਇਹ ਦੇਖਣ ਨੂੰ ਮਿਲੇਗਾ ਕਿ ਉਨ੍ਹਾਂ ਦਿਨਾਂ ’ਚ ਇਸ ਸਭ ਦੇ ਅਣਹੋਂਦ ’ਚ ਫਿਲਮਾਂ ਕਿਵੇਂ ਬਣਦੀਆਂ ਸਨ ਅਤੇ ਅੱਜ ਤੱਕ ਕੀ ਤਰੱਕੀ ਹੋਈ ਹੈ।’’
ਸਿਨੇਮਾ ਭਾਰਤ ਦੀ ਸਭ ਤੋਂ ਵੱਡੀ ਸਾਫਟ ਪਾਵਰ
ਸਿਨੇਮਾ ਦੀ ਭੂਮਿਕਾ ਬਾਰੇ ਬੋਲਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ, ‘‘ਭਾਰਤੀ ਸਿਨੇਮਾ ਸਾਡੇ ਦੇਸ਼ ਦੀ ਸਾਫਟ ਪਾਵਰ ਹੈ, ਜੋ ਦੁਨੀਆ ਭਰ ’ਚ ਲੱਖਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਦੁਨੀਆ ’ਚ ਸਭ ਤੋਂ ਜ਼ਿਆਦਾ ਫਿਲਮਾਂ ਭਾਰਤ ’ਚ ਬਣਦੀਆਂ ਹਨ। ਰਵਾਇਤ ਅਨੁਸਾਰ ਅਨੁਰਾਗ ਠਾਕੁਰ ਨੇ ਮਿਊਜ਼ੀਅਮ ਕੰਪਲੈਕਸ ’ਚ ਇਕ ਬੂਟਾ ਵੀ ਲਾਇਆ।
 


Aarti dhillon

Content Editor

Related News