ਬ੍ਰਿਟਨੀ ਸਪੀਅਰਜ਼ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ, ਪਿਤਾ ਕੋਲ ਹੀ ਰਹੇਗੀ ਗਾਇਕਾ ਦੀ ਸਰਪ੍ਰਸਤੀ
Friday, Jul 02, 2021 - 01:49 PM (IST)
ਲਾਸ ਏਂਜਲਸ (ਬਿਊਰੋ)– ਅਮਰੀਕੀ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਤੇ ਉਸ ਦੇ ਪਿਤਾ ਵਿਚਕਾਰ ਵਿਵਾਦ ਅੰਤਰਰਾਸ਼ਟਰੀ ਮੀਡੀਆ ’ਚ ਛਾਇਆ ਹੋਇਆ ਹੈ। ਬ੍ਰਿਟਨੀ ਨੇ ਆਪਣੇ ਪਿਤਾ ਜੈਮੀ ਸਪੀਅਰਜ਼ ਦੀ ‘ਸਰਪ੍ਰਸਤੀ’ ਤੋਂ ਮੁਕਤ ਹੋਣ ਲਈ ਅਦਾਲਤ ਕੋਲ ਪਹੁੰਚ ਕੀਤੀ ਸੀ ਪਰ ਅਦਾਲਤ ਨੇ ਉਸ ਨੂੰ ਵੱਡਾ ਝਟਕਾ ਦਿੱਤਾ ਹੈ। ਬ੍ਰਿਟਨੀ ਨੂੰ ਉਸ ਦੇ ਪਿਤਾ ਦੀ ‘ਕੰਜ਼ਰਵੇਟਰਸ਼ਿਪ’ ਤੋਂ ਮੁਕਤ ਨਹੀਂ ਕੀਤਾ ਗਿਆ ਹੈ ਤੇ ਉਹ ਕੇਸ ਗੁਆ ਚੁੱਕੀ ਹੈ। ਅਦਾਲਤ ਨੇ ਬ੍ਰਿਟਨੀ ਦੀ ਉਸ ਦੇ ਪਿਤਾ ਦੀ ‘ਕੰਜ਼ਰਵੇਟਰਸ਼ਿਪ’ ਤੋਂ ਆਜ਼ਾਦੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।
ਬ੍ਰਿਟਨੀ ਪਿਛਲੇ 13 ਸਾਲਾਂ ਤੋਂ ਆਪਣੇ ਪਿਤਾ ਦੀ ‘ਕੰਜ਼ਰਵੇਟਰਸ਼ਿਪ’ ’ਚ ਹੈ। ਫਰਵਰੀ 2008 ’ਚ ਪਤੀ ਕੇਵਿਨ ਫੇਡਰਲਿਨ ਤੋਂ ਤਲਾਕ ਲੈਣ ਤੋਂ ਬਾਅਦ ਬ੍ਰਿਟਨੀ ਦੇ ਪਿਤਾ ਨੂੰ ਸਿੰਗਰ ਦੀ ਨਿੱਜੀ ਜ਼ਿੰਦਗੀ ਤੇ ਪੈਸੇ ’ਤੇ ਕਾਨੂੰਨੀ ਅਧਿਕਾਰ ਮਿਲੇ ਹਨ। ਇਸ ਤੋਂ ਪਹਿਲਾਂ ਬ੍ਰਿਟਨੀ ਨੇ ਅਮਰੀਕਾ ਦੇ ਲਾਸ ਏਂਜਲਸ ’ਚ ਅਦਾਲਤ ਨੂੰ ਦਿੱਤੇ ਬਿਆਨ ’ਚ ਕਿਹਾ ਸੀ, ‘ਮੈਂ 13 ਸਾਲਾਂ ਤੋਂ ਚੱਲ ਰਹੀ ‘ਕੰਜ਼ਰਵੇਟਰਸ਼ਿਪ’ ਤੋਂ ਆਜ਼ਾਦੀ ਚਾਹੁੰਦੀ ਹਾਂ। ਨਾਲ ਹੀ ਮੈਨੂੰ ਜ਼ਿੰਦਗੀ ਜਿਊਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਮੈਂ 13 ਸਾਲਾਂ ਤੋਂ ਤੜਫ ਰਹੀ ਹਾਂ। ਹੁਣ ਬਹੁਤ ਕੁਝ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਨੇ ਐਲਬਮ ਦੇ ਗੀਤਾਂ ਦੀ ਲਿਸਟ ਕੀਤੀ ਜਾਰੀ, ਇਸ ਦਿਨ ਪਹਿਲਾ ਗੀਤ ਹੋਵੇਗਾ ਰਿਲੀਜ਼
ਬ੍ਰਿਟਨੀ ਨੇ ਅਦਾਲਤ ’ਚ ਸੁਣਵਾਈ ਦੌਰਾਨ ਜੱਜ ਨੂੰ ਕਿਹਾ, ‘13 ਸਾਲਾਂ ਤੋਂ ਮੈਨੂੰ ਨਸ਼ੇ ਦੇਣ ਲਈ ਮਜਬੂਰ ਕੀਤਾ ਗਿਆ ਹੈ। ਮੈਂ ਬਿਨਾਂ ਦਿਲ ਦੇ ਕੰਮ ਕਰਨ ਲਈ ਮਜਬੂਰ ਹਾਂ। ਮੈਨੂੰ ਬੱਚੇ ਪੈਦਾ ਕਰਨ ਦਾ ਵੀ ਅਧਿਕਾਰ ਨਹੀਂ ਹੈ। ਮੈਂ ਸਿਰਫ ਆਪਣੀ ਜ਼ਿੰਦਗੀ ਜਿਊਣਾ ਚਾਹੁੰਦੀ ਹਾਂ। ‘ਕੰਜ਼ਰਵੇਟਰਸ਼ਿਪ’ ਮੇਰੇ ਲਈ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰ ਰਹੀ ਹੈ। ਮੈਂ ਵੀ ਦੂਸਰੇ ਲੋਕਾਂ ਵਾਂਗ ਵਧੀਆ ਜ਼ਿੰਦਗੀ ਜਿਊਣਾ ਚਾਹੁੰਦੀ ਹਾਂ।’
ਬ੍ਰਿਟਨੀ ਨੇ ਅੱਗੇ ਕਿਹਾ, ‘ਮੈਂ ਆਪਣੇ ਬੁਆਏਫਰੈਡ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਪਰ ਮੇਰੇ ਪਿਤਾ ਦੀ ‘ਕੰਜ਼ਰਵੇਟਰਸ਼ਿਪ’ ਕਾਰਨ ਮੈਂ ਨਾ ਤਾਂ ਵਿਆਹ ਕਰਵਾ ਸਕਦੀ ਹਾਂ ਤੇ ਨਾ ਹੀ ਬੱਚੇ ਪੈਦਾ ਕਰ ਸਕਦੀ ਹਾਂ। ਮੈਂ ਆਪਣੇ ਸਰੀਰ ’ਚ ਜਨਮ ਨਿਯੰਤਰਣ ਯੰਤਰ (ਆਈ. ਯੂ. ਡੀ.) ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹਾਂ ਤਾਂ ਕਿ ਮੈਂ ਦੁਬਾਰਾ ਮਾਂ ਬਣ ਸਕਾਂ ਪਰ ਮੈਨੂੰ ਡਾਕਟਰ ਕੋਲ ਜਾਣ ਤੋਂ ਵੀ ਰੋਕਿਆ ਗਿਆ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।