ਅਦਾਕਾਰ ਅਜੀਤ ਕੁਮਾਰ ਦੇ ਘਰ ''ਚ ਬੰਬ ਦੀ ਧਮਕੀ ਨਿਕਲੀ ਝੂਠੀ
Tuesday, Nov 11, 2025 - 05:15 PM (IST)
ਚੇਨਈ (ਏਜੰਸੀ)- ਤਮਿਲ ਅਦਾਕਾਰ ਅਜੀਤ ਕੁਮਾਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੂਠੀ ਨਿਕਲੀ ਹੈ। ਮੰਗਲਵਾਰ ਦੁਪਹਿਰ ਨੂੰ ਜਿਵੇਂ ਹੀ ਪੁਲਸ ਨੂੰ ਇਸ ਧਮਕੀ ਬਾਰੇ ਜਾਣਕਾਰੀ ਮਿਲੀ, ਉਹ ਤੁਰੰਤ ਥਿਰੁਵਨਮਈਯੂਰ ਸਥਿਤ ਅਜੀਤ ਦੇ ਨਿਵਾਸ ‘ਤੇ ਪਹੁੰਚ ਗਈ। ਸਨੀਫਰ ਡੌਗਸ ਅਤੇ ਵਿਸਫੋਟਕ ਵਿਭਾਗ ਦੀ ਟੀਮ ਨੇ ਘਰ ਦੀ ਪੂਰੀ ਤਲਾਸ਼ੀ ਲਈ, ਜਿਸ ਤੋਂ ਬਾਅਦ ਧਮਕੀ ਨੂੰ ਝੂਠਾ ਕਰਾਰ ਦਿੱਤਾ ਗਿਆ।
ਸੂਤਰਾਂ ਮੁਤਾਬਕ, ਇਹ ਬੰਬ ਦੀ ਧਮਕੀ ਮੇਲ ਰਾਹੀਂ ਤਮਿਲਨਾਡੂ ਡੀਜੀਪੀ ਦਫ਼ਤਰ ‘ਚ ਪ੍ਰਾਪਤ ਹੋਈ ਸੀ। ਇਸੇ ਤਰ੍ਹਾਂ ਦੀਆਂ ਧਮਕੀਆਂ ਅਦਾਕਾਰਾ ਰਮਿਆ ਕ੍ਰਿਸ਼ਨਨ ਅਤੇ ਐੱਸ. ਵੀ. ਸ਼ੇਖਰ ਵਰਗੀਆਂ ਦੂਜੀਆਂ ਫਿਲਮੀ ਹਸਤੀਆਂ ਦੇ ਘਰਾਂ ਨੂੰ ਵੀ ਮਿਲੀਆਂ ਸਨ। ਪੁਲਸ ਨੇ ਸਾਰੇ ਸਥਾਨਾਂ ਦੀ ਜਾਂਚ ਕੀਤੀ ਅਤੇ ਹਰ ਥਾਂ ਧਮਕੀ ਝੂਠੀ ਪਾਈ ਗਈ।
ਤਮਿਲਨਾਡੂ ਪੁਲਸ ਨੇ ਕਿਹਾ ਹੈ ਕਿ ਹਾਲਾਂਕਿ ਇਹ ਸਾਰੀਆਂ ਧਮਕੀਆਂ ਝੂਠੀਆਂ ਸਾਬਤ ਹੋਈਆਂ ਹਨ, ਪਰ ਉਹ ਇਸ ਦੇ ਪਿੱਛੇ ਦੇ ਸ਼ਖਸ ਜਾਂ ਗਰੁੱਪ ਦੀ ਪਹਿਚਾਣ ਕਰਨ ਲਈ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਾਲ ਹੀ ਵਿੱਚ ਇਸ ਤਰ੍ਹਾਂ ਦੀਆਂ ਝੂਠੀਆਂ ਧਮਕੀਆਂ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ।
