Bobby Deol Birthday : ਸੁਪਰਹਿੱਟ ਫ਼ਿਲਮਾਂ ਦੇ ਬਾਵਜੂਦ ਕੀਤਾ ਨਾਈਟ ਕਲੱਬ ’ਚ ਕੰਮ, ਰਾਤੋਂ-ਰਾਤ ਇੰਝ ਬਦਲੀ ਕਿਸਮਤ
Saturday, Jan 27, 2024 - 11:57 AM (IST)
ਮੁੰਬਈ (ਬਿਊਰੋ)– ਬਾਲੀਵੁਡ ’ਚ ਬਹੁਤ ਘੱਟ ਸਟਾਰ ਕਿਡਸ ਅਜਿਹੇ ਆਏ ਹਨ, ਜਿਨ੍ਹਾਂ ਨੇ ਪਹਿਲੀ ਫ਼ਿਲਮ ਤੋਂ ਹੀ ਹਲਚਲ ਮਚਾ ਦਿੱਤੀ ਤੇ ਦਰਸ਼ਕਾਂ ਦੇ ਦਿਲਾਂ ’ਤੇ ਕਬਜ਼ਾ ਕਰ ਲਿਆ। ਅਜਿਹਾ ਹੀ ਇਕ ਨਾਮ ਹੈ ਬੌਬੀ ਦਿਓਲ। 27 ਜਨਵਰੀ, 1969 ਨੂੰ ਬਾਲੀਵੁੱਡ ਦੇ ਹੀਮੈਨ ਵਜੋਂ ਜਾਣੇ ਜਾਂਦੇ ਧਰਮਿੰਦਰ ਦੇ ਘਰ ਜਨਮੇ ਬੌਬੀ ਨੂੰ ਵੀ ਅਦਾਕਾਰੀ ਦਾ ਹੁਨਰ ਆਪਣੇ ਪਿਤਾ ਤੋਂ ਵਿਰਾਸਤ ’ਚ ਮਿਲਿਆ। ਇਸ ਦੇ ਨਾਲ-ਨਾਲ ਬੌਬੀ ਦੇ ਪਿਆਰ ਤੇ ਅਦਾਕਾਰੀ ਦੇ ਜਨੂੰਨ ਨੇ ਵੀ ਉਨ੍ਹਾਂ ਨੂੰ ਇਕ ਖ਼ਾਸ ਮੁਕਾਮ ਹਾਸਲ ਕਰਨ ’ਚ ਮਦਦ ਕੀਤੀ। ਆਓ ਅੱਜ ਬੌਬੀ ਦੇ 55ਵੇਂ ਜਨਮਦਿਨ ’ਤੇ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ ’ਤੇ ਚਰਚਾ ਕਰਦੇ ਹਾਂ–
ਇਹ ਖ਼ਬਰ ਵੀ ਪੜ੍ਹੋ : ਫ਼ਿਲਮੀ ਕਲਾਕਾਰਾਂ 'ਤੇ ਚੜ੍ਹਿਆ ਦੇਸ਼ ਭਗਤੀ ਦਾ ਸਰੂਰ, ਖ਼ਾਸ ਤਸਵੀਰਾਂ ਨਾਲ ਦਿੱਤੀ ਗਣਤੰਤਰ ਦਿਵਸ ਦੀ ਵਧਾਈ
ਬੌਬੀ ਦਿਓਲ ਨੂੰ ਬਾਲ ਕਲਾਕਾਰ ਵਜੋਂ ਵੀ ਦੇਖਿਆ ਗਿਆ
ਬਹੁਤ ਘੱਟ ਲੋਕ ਜਾਣਦੇ ਹਨ ਕਿ ਬੌਬੀ ਦਿਓਲ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 1977 ’ਚ ਆਪਣੇ ਪਿਤਾ ਦੀ ਫ਼ਿਲਮ ‘ਧਰਮ ਵੀਰ’ ਨਾਲ ਕੀਤੀ ਸੀ। ਇਸ ਫ਼ਿਲਮ ’ਚ ਉਨ੍ਹਾਂ ਨੇ ਧਰਮਿੰਦਰ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ ਇਸ ਤੋਂ ਬਾਅਦ ਉਹ 1995 ’ਚ ਆਈ ਫ਼ਿਲਮ ‘ਬਰਸਾਤ’ ’ਚ ਮੁੱਖ ਭੂਮਿਕਾ ’ਚ ਨਜ਼ਰ ਆਏ ਤੇ ਦਰਸ਼ਕਾਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡੀ। ਧਰਮਿੰਦਰ ਦੇ ਨਾਂ ਦੇ ਨਾਲ ਹੀ ਇਸ ਨਵੇਂ ਸਟਾਰ ਕਿਡ ’ਚ ਆਪਣੀ ਵਿਲੱਖਣ ਸ਼ੈਲੀ, ਆਕਰਸ਼ਕ ਸ਼ਖ਼ਸੀਅਤ ਤੇ ਅਦਾਕਾਰੀ ਦਾ ਜਨੂੰਨ ਦੇਖਣ ਨੂੰ ਮਿਲਿਆ। ਬੌਬੀ ਨੇ ਪਹਿਲੀ ਫ਼ਿਲਮ ਲਈ ਬੈਸਟ ਮੇਲ ਡੈਬਿਊ ਐਵਾਰਡ ਪ੍ਰਾਪਤ ਕੀਤਾ ਸੀ।
ਹਰ ਕਿਸੇ ਦੇ ਬੁੱਲ੍ਹਾਂ ’ਤੇ ਬੌਬੀ ਦਾ ਨਾਂ ਸੀ
ਬੌਬੀ ਨੂੰ ਇਕ ਤੋਂ ਬਾਅਦ ਇਕ ਫ਼ਿਲਮਾਂ ਦੇ ਆਫ਼ਰ ਮਿਲਣ ਲੱਗੇ। ਲਗਭਗ ਹਰ ਨਿਰਮਾਤਾ-ਨਿਰਦੇਸ਼ਕ ਉਸ ਨੂੰ ਆਪਣੀਆਂ ਫ਼ਿਲਮਾਂ ’ਚ ਕਾਸਟ ਕਰਨਾ ਚਾਹੁੰਦਾ ਸੀ। ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਦਿਓਲ ਭਰਾਵਾਂ ਦਾ ਨਾਂ ਬਾਲੀਵੁੱਡ ’ਚ ਮਸ਼ਹੂਰ ਹੋਣ ਲੱਗਾ। ਹਾਲਾਂਕਿ ਸਮਾਂ ਕਦੇ ਵੀ ਇਕੋ-ਜਿਹਾ ਨਹੀਂ ਰਹਿੰਦਾ। ਬੌਬੀ ਨਾਲ ਵੀ ਕੁਝ ਅਜਿਹਾ ਹੀ ਹੋਇਆ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਫਿਰ ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਬੌਬੀ ਦੀਆਂ ਫ਼ਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸਨ। ਅਜਿਹੇ ’ਚ ਉਸ ਨੂੰ ਕੰਮ ਮਿਲਣਾ ਬੰਦ ਹੋ ਗਿਆ ਤੇ ਫਿਰ ਇੰਝ ਲੱਗਾ ਜਿਵੇਂ ਉਹ ਇੰਡਸਟਰੀ ਤੋਂ ਗਾਇਬ ਹੋ ਗਿਆ ਹੋਵੇ।
ਨਾਈਟ ਕਲੱਬ ’ਚ ਕੀਤਾ ਕੰਮ
ਬੌਬੀ ਦਿਓਲ ਦਾ ਪਤਨ ਸ਼ੁਰੂ ਹੋ ਗਿਆ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਫ਼ਿਲਮਾਂ ’ਚ ਕੰਮ ਨਹੀਂ ਮਿਲ ਰਿਹਾ ਸੀ। ਅਦਾਕਾਰ ਦਾ ਇਹ ਬੁਰਾ ਸਮਾਂ 10 ਸਾਲਾਂ ਤੱਕ ਚੱਲਿਆ। ਇਸ ਦੌਰਾਨ ਉਨ੍ਹਾਂ ਨੂੰ ਇਕ ਵੀ ਫ਼ਿਲਮ ਲਈ ਕਾਸਟ ਨਹੀਂ ਕੀਤਾ ਗਿਆ। ਬੌਬੀ ਦੀ ਜ਼ਿੰਦਗੀ ’ਚ ਉਹ ਸਮਾਂ ਵੀ ਆ ਗਿਆ ਸੀ, ਜਦੋਂ ਸ਼ਾਇਦ ਉਸ ਨੇ ਵੀ ਸਵੀਕਾਰ ਕਰ ਲਿਆ ਸੀ ਕਿ ਉਹ ਹੁਣ ਇੰਡਸਟਰੀ ਤੋਂ ਦੂਰ ਹੈ, ਇਸ ਲਈ ਉਸ ਨੂੰ ਦਿੱਲੀ ਦੇ ਇਕ ਨਾਈਟ ਕਲੱਬ ’ਚ ਡੀ. ਜੇ. ਵਜੋਂ ਕੰਮ ਕਰਨਾ ਪਿਆ।
ਆਖਿਰ ਉਹ ਦਿਨ ਫਿਰ ਆ ਹੀ ਗਿਆ
ਆਖਿਰਕਾਰ ਉਹ ਦਿਨ ਆ ਗਿਆ, ਜਦੋਂ ਬੌਬੀ ਫਿਰ ਤੋਂ ਇੰਡਸਟਰੀ ’ਤੇ ਦਬਦਬਾ ਬਣਾਉਣ ਲਈ ਤਿਆਰ ਸਨ। ਉਹ ਇੰਡਸਟਰੀ ’ਚ ਧਮਾਕੇਦਾਰ ਵਾਪਸੀ ਕਰਨ ਜਾ ਰਹੇ ਸਨ। ਉਨ੍ਹਾਂ ਨੂੰ ਬਾਲੀਵੁੱਡ ਦੇ ਗੌਡਫਾਦਰ ਕਹੇ ਜਾਣ ਵਾਲੇ ਸਲਮਾਨ ਖ਼ਾਨ ਦੀ ਫ਼ਿਲਮ ’ਚ ਕੰਮ ਕਰਨ ਦਾ ਮੌਕਾ ਮਿਲਿਆ। ਫ਼ਿਲਮ ‘ਰੇਸ 3’ ਸੀ, ਜਿਸ ’ਚ ਇੰਡਸਟਰੀ ਦੇ ਸਾਰੇ ਸਿਤਾਰੇ ਨਜ਼ਰ ਆਏ ਸਨ। ਇਹ ਫ਼ਿਲਮ ਕਾਫ਼ੀ ਫਲਾਪ ਸਾਬਤ ਹੋਈ ਪਰ ਬੌਬੀ ਚਮਕਿਆ। ਇਸ ਤੋਂ ਬਾਅਦ ਉਸ ਨੂੰ ਫਿਰ ਤੋਂ ਆਫਰ ਮਿਲਣ ਲੱਗੇ। ਖ਼ਾਸ ਤੌਰ ’ਤੇ ਉਸ ਨੇ ਓ. ਟੀ. ਟੀ. ’ਤੇ ਚਮਤਕਾਰ ਦਿਖਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਵੈੱਬ ਸੀਰੀਜ਼ ‘ਆਸ਼ਰਮ’ ’ਚ ਬਾਬਾ ਨਿਰਾਲਾ ਦੀ ਨਕਾਰਾਤਮਕ ਭੂਮਿਕਾ ਨਾਲ ਹਲਚਲ ਮਚਾ ਦਿੱਤੀ ਸੀ।
ਵਿਲੇਨ ਬਣ ਕੇ ਦਿਲ ਜਿੱਤ ਲਿਆ
‘ਆਸ਼ਰਮ’ ਬੌਬੀ ਦੇ ਕਰੀਅਰ ’ਚ ਮੀਲ ਦਾ ਪੱਥਰ ਸਾਬਤ ਹੋਈ। ਉਸ ਨੂੰ ਆਪਣੇ ਨੈਗੇਟਿਵ ਰੋਲ ’ਚ ਦਰਸ਼ਕਾਂ ਦਾ ਇੰਨਾ ਪਿਆਰ ਮਿਲਿਆ ਕਿ ਹੀਰੋ ਵੀ ਉਸ ਦੇ ਸਾਹਮਣੇ ਫਿੱਕੇ ਪੈ ਗਏ। ਇਸ ਪਿਆਰ ਦਾ ਹੀ ਨਤੀਜਾ ਹੈ ਕਿ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ‘ਐਨੀਮਲ’ ’ਚ ਉਸ ਨੂੰ ਵਿਲੇਨ ਦੀ ਭੂਮਿਕਾ ’ਚ ਲਿਆ ਗਿਆ। ਬੌਬੀ ਨੂੰ ਫ਼ਿਲਮ ’ਚ ਸਿਰਫ਼ ਕੁਝ ਮਿੰਟਾਂ ਦੀ ਸਕ੍ਰੀਨ ਸਪੇਸ ਮਿਲੀ ਪਰ ਉਹ ਇੰਨਾ ਸ਼ਕਤੀਸ਼ਾਲੀ ਦਿਖਾਈ ਦਿੱਤਾ ਕਿ ਉਸ ਨੇ ਹੀਰੋ ਰਣਬੀਰ ਕਪੂਰ ਨੂੰ ਵੀ ਪਿੱਛੇ ਕਰ ਦਿੱਤਾ। ਅੱਜ ਬੌਬੀ ਕੋਲ ਫਿਰ ਤੋਂ ਜ਼ਬਰਦਸਤ ਪ੍ਰਾਜੈਕਟਾਂ ਦੀ ਇਕ ਲਾਈਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।