ਬੀ. ਐੱਮ. ਸੀ. ਨੇ ਸੀਲ ਕੀਤੀ ਸੁਨੀਲ ਸ਼ੈੱਟੀ ਦੀ ਬਿਲਡਿੰਗ, ਜਾਣੋ ਕੀ ਹੈ ਕਾਰਨ

07/13/2021 10:24:03 AM

ਮੁੰਬਈ (ਬਿਊਰੋ)– ਕੋਵਿਡ-19 ਦੀ ਦੂਜੀ ਲਹਿਰ ਬੀਤ ਜਾਣ ਤੋਂ ਬਾਅਦ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ ’ਤੇ ਆਉਣ ਲੱਗੀ ਹੈ ਪਰ ਦੂਜੀ ਲਹਿਰ ਬੀਤ ਜਾਣ ਮਗਰੋਂ ਲੋਕਾਂ ’ਚ ਜ਼ਬਰਦਸਤ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਜਿਸ ਨਾਲ ਤੀਜੀ ਲਹਿਰ ਆਉਣ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ। ਸਰਕਾਰਾਂ ਦੁਆਰਾ ਵਾਰ-ਵਾਰ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਉਚਿਤ ਦੂਰੀ ਬਣਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਲੋਕ ਨਿਡਰ ਹੋ ਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।

ਲੋਕਾਂ ’ਚ ਵੱਧ ਰਹੀ ਲਾਪਰਵਾਹੀ ਤੇ ਕੋਵਿਡ-19 ਦੇ ਨਵੇਂ ਡੈਲਟਾ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀ. ਐੱਮ. ਸੀ. ਨੇ ਮੁੰਬਈ ਦੇ ‘ਪ੍ਰਿਥਵੀ ਅਪਾਰਟਮੈਂਟਸ’ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ। ਇਹ ਉਹੀ ਅਪਾਰਟਮੈਂਟ ਹੈ ਜਿਥੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦਾ ਪਰਿਵਾਰ ਰਹਿੰਦਾ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਅਦਾਕਾਰ ਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬੀ. ਐੱਮ. ਸੀ. ਨੇ ਇਹ ਕਦਮ ਇਕ ਸਾਵਧਾਨੀ ਦੇ ਤੌਰ ’ਤੇ ਚੁੱਕਿਆ ਹੈ।

ਟਾਈਮਜ਼ ਆਫ ਇੰਡੀਆ ’ਤੇ ਪ੍ਰਕਾਸ਼ਿਤ ਖ਼ਬਰਾਂ ਅਨੁਸਾਰ ਅਦਾਕਾਰ ਦੀ ਬਿਲਡਿੰਗ ’ਚ ਕੋਵਿਡ-19 ਡੈਲਟਾ ਵੇਰੀਐਂਟ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਬੀ. ਐੱਮ. ਸੀ. ਨੇ ਪੂਰੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਹੈ। ਨਿਯਮ ਦੇ ਅਨੁਸਾਰ ਜੇ ਕਿਸੇ ਬਿਲਡਿੰਗ ’ਚ ਪੰਜ ਜਾਂ ਵੱਧ ਕੋਰੋਨਾ ਦੇ ਕੇਸ ਪਾਏ ਜਾਂਦੇ ਹਨ ਤਾਂ ਇਸ ਨੂੰ ਸੀਲ ਕਰਨਾ ਜ਼ਰੂਰੀ ਹੈ।

ਬੀ. ਐੱਮ. ਸੀ. ਦੇ ਸਹਾਇਕ ਕਮਿਸ਼ਨਰ ਪ੍ਰਸ਼ਾਂਤ ਗਾਇਕਵਾੜ ਨੇ ਨਿਊਜ਼ ਏਜੰਸੀ ਏ ਐੱਨ. ਆਈ. ਨਾਲ ਗੱਲਬਾਤ ਕਰਦਿਆਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਹੈ ਕਿ ਕੋਵਿਡ ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀ. ਐੱਮ. ਸੀ. ਨੇ ਦੱਖਣੀ ਮੁੰਬਈ ਦੇ ਅਲਟਾਮਾਊਂਟ ਰੋਡ ’ਤੇ ਸਥਿਤ ਪ੍ਰਿਥਵੀ ਅਪਾਰਟਮੈਂਟ ਨੂੰ ਸੀਲ ਕਰ ਦਿੱਤਾ ਹੈ। ਕਮਿਸ਼ਨਰ ਨੇ ਇਹ ਵੀ ਦੱਸਿਆ ਹੈ ਕਿ ਅਦਾਕਾਰ ਦਾ ਪਰਿਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਦੱਸ ਦੇਈਏ ਕਿ ਮੁੰਬਈ ਉਹ ਸ਼ਹਿਰ ਹੈ, ਜਿਥੇ ਕੋਰੋਨਾ ਦੀ ਦੂਜੀ ਲਹਿਰ ’ਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਅੱਜ ਤੋਂ ਦੋ ਮਹੀਨੇ ਪਹਿਲਾਂ ਕੋਵਿਡ ਕਾਰਨ ਪੂਰੇ ਸ਼ਹਿਰ ’ਚ ਰੋਸ ਸੀ, ਜਿਸ ਤੋਂ ਬਾਅਦ ਮੁੰਬਈ ’ਚ ਪਹਿਲਾ ਮਿੰਨੀ ਲਾਕਡਾਊਨ ਲਗਾਇਆ ਗਿਆ। ਇਥੋਂ ਤਕ ਕਿ ਟੀ. ਵੀ. ਸੀਰੀਅਲਜ਼ ਤੇ ਫ਼ਿਲਮਾਂ ਦੀ ਸ਼ੂਟਿੰਗ ’ਤੇ ਵੀ ਪਾਬੰਦੀ ਲਗਾਈ ਗਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News