ਦਾਦਾ ਸਾਹਿਬ ਫਾਲਕੇ ਨੇ 15 ਹਜ਼ਾਰ ਰੁਪਏ ''ਚ ਬਣਾਈ ਸੀ ਪਹਿਲੀ ਫ਼ਿਲਮ, ਖ਼ੁਦ ਹੀ ਬਣੇ ਸਨ ਐਕਟਰ
Friday, Apr 30, 2021 - 03:37 PM (IST)
ਮੁੰਬਈ (ਬਿਊਰੋ) - ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਸਨਮਾਨ ਦਾਦਾ ਸਾਹਿਬ ਫਾਲਕੇ (Dadasaheb Phalke) ਐਵਾਰਡ ਹਰ ਸਾਲ ਉਨ੍ਹਾਂ ਖ਼ਾਸ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਹੜੇ ਐਂਟਰਟੇਨਮੈਂਟ ਇੰਡਸਟਰੀ 'ਚ ਆਪਣਾ ਯੋਗਦਾਨ ਦਿੰਦੇ ਹਨ। ਬੀਤੇ 5 ਦਹਾਕਿਆਂ ਤੋਂ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੂੰ ਇਹ ਐਵਾਰਡ ਮਿਲ ਰਿਹਾ ਹੈ। ਅੱਜ ਦਾਦਾ ਸਾਹਿਬ ਦੀ Birth Anniversary 'ਤੇ ਤੁਹਾਨੂੰ ਦੱਸਦੇ ਹਾਂ ਕੌਣ ਹਨ ਇਹ ਮਹਾਪੁਰਸ਼, ਜਿਨ੍ਹਾਂ ਨੂੰ ਸਿਨੇਮਾ ਜਗਤ ਪੂਜਦਾ ਹੈ।
ਭਾਰਤੀ ਸਿਨੇਮਾ ਦੇ ਪਿਤਾਮਾ ਅਖਵਾਉਂਦੇ ਦਾਦਾ ਸਾਹਿਬ ਫਾਲਕੇ ਦਾ ਅਸਲੀ ਨਾਂ ਧੁੰਡੀਰਾਜ ਗੋਵਿੰਦ ਫਾਲਕੇ ਸਨ। ਉਨ੍ਹਾਂ ਦਾ ਜਨਮ 30 ਅਪ੍ਰੈਲ 1870 ਨੂੰ ਹੋਇਆ ਸੀ। ਉਹ ਇਕ ਬਿਹਤਰੀਨ ਡਾਇਰੈਕਟਰ ਦੇ ਨਾਲ-ਨਾਲ ਸਕ੍ਰੀਨ ਰਾਈਟਰ ਵੀ ਸਨ। ਉਨ੍ਹਾਂ ਆਪਣੇ 19 ਸਾਲ ਦੇ ਫਿਲਮੀ ਕਰੀਅਰ 'ਚ 95 ਤੋਂ ਜ਼ਿਆਦਾ ਫ਼ਿਲਮਾਂ ਬਣਾਈਆਂ ਸਨ। ਦਾਦਾ ਸਾਹਿਬ ਫਾਲਕੇ ਦੀ ਰੁਚੀ ਹਮੇਸ਼ਾ ਤੋਂ ਕਲਾ 'ਚ ਸੀ। ਉਹ ਇਸੇ ਖ਼ੇਤਰ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਸਾਲ 1885 'ਚ ਜੇਜੇ ਕਾਲਜ ਆਫ਼ ਆਰਟ 'ਚ ਦਾਖ਼ਲਾ ਲਿਆ ਸੀ। ਸਾਲ 1890 'ਚ ਦਾਦਾ ਸਾਹਿਬ ਵਡੋਦਰਾ ਸ਼ਿਫਟ ਹੋ ਗਏ ਸਨ, ਜਿੱਥੇ ਉਨ੍ਹਾਂ ਕੁਝ ਸਮੇਂ ਲਈ ਬਤੌਰ ਫੋਟੋਗ੍ਰਾਫ਼ਰ ਕੰਮ ਕੀਤਾ। ਆਪਣੀ ਪਹਿਲੀ ਪਤਨੀ ਤੇ ਬੱਚੇ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਆਪਣੀ ਨੌਕਰੀ ਛੱਡ ਦਿੱਤੀ ਸੀ।
ਦਾਦਾ ਸਾਹਿਬ ਫਾਲਕੇ ਨੇ ਉਸ ਤੋਂ ਬਾਅਦ ਆਪਣੀ ਪ੍ਰਿੰਟਿੰਗ ਪ੍ਰੈੱਸ ਸ਼ੁਰੂ ਕਰ ਦਿੱਤੀ ਸੀ। ਭਾਰਤੀ ਕਲਾਕਾਰਾ ਰਾਜਾ ਰਵੀ ਵਰਮਾ ਨਾਲ ਕੰਮ ਕਰਨ ਤੋਂ ਬਾਅਦ ਉਹ ਪਹਿਲੀ ਵਾਰ ਦੇਸ਼ ਤੋਂ ਬਾਹਰ ਜਰਮਨੀ ਗਏ ਸਨ, ਜਿੱਥੇ ਉਨ੍ਹਾਂ ਪਹਿਲੀ ਫ਼ਿਲਮ 'ਦਿ ਲਾਈਫ ਆਫ ਕ੍ਰਾਈਸਟ' ਦੇਖੀ ਅਤੇ ਪਹਿਲੀ ਫ਼ਿਲਮ ਬਣਾਉਣ ਦਾ ਫ਼ੈਸਲਾ ਲਿਆ ਸੀ। ਪਹਿਲੀ ਫ਼ਿਲਮ ਬਣਾਉਣ ਲਈ ਉਨ੍ਹਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ। ਇਸ ਨੂੰ ਬਣਾਉਣ 'ਚ ਉਨ੍ਹਾਂ ਨੂੰ 6 ਮਹੀਨੇ ਲੱਗੇ ਸਨ।
ਪਤਨੀ ਅਤੇ ਬੇਟੇ ਦੀ ਮਦਦ ਨਾਲ ਦਾਦਾ ਸਾਹਿਬ ਨੇ ਪਹਿਲੀ ਫ਼ਿਲਮ 'ਰਾਜਾ ਹਰੀਸ਼ਚੰਦਰ' ਬਣਾਈ ਸੀ। ਇਸ ਫ਼ਿਲਮ ਨੂੰ ਬਣਾਉਣ 'ਚ 15 ਹਜ਼ਾਰ ਰੁਪਏ ਲੱਗੇ ਸਨ। ਉਨ੍ਹਾਂ ਦਿਨਾਂ 'ਚ ਇਹ ਰਕਮ ਵੀ ਕਾਫ਼ੀ ਵੱਡੀ ਹੁੰਦੀ ਸੀ। ਰਾਜਾ ਹਰੀਸ਼ਚੰਦਰ 'ਚ ਦਾਦਾ ਸਾਹੇਬ ਨੇ ਖ਼ੁਦ ਐਕਟਿੰਗ ਕੀਤੀ ਸੀ। ਉਨ੍ਹਾਂ ਦੀਪ ਤਨੀ ਨੇ ਕਾਸਟਿਊਮ ਦਾ ਕੰਮ ਮੈਨੇਜ ਕੀਤਾ ਤੇ ਬੇਟੇ ਨੇ ਹਰੀਸ਼ਚੰਦਰ ਦਾ ਕਿਰਦਾਰ ਨਿਭਾਇਆ ਸੀ। ਦਾਦਾ ਸਾਹਿਬ ਦੀ ਫ਼ਿਲਮ 'ਚ ਫੀਮਲ ਲੀਡ ਦਾ ਕਿਰਦਾਰ ਵੀ ਇਕ ਪੁਰਸ਼ ਨੇ ਨਿਭਾਇਆ ਸੀ ਕਿਉਂਕਿ ਕੋਈ ਵੀ ਔਰਤ ਕੰਮ ਕਰਨ ਲਈ ਰਾਜ਼ੀ ਨਹੀਂ ਸੀ। 3 ਮਈ 1913 ਨੂੰ ਇਹ ਫ਼ਿਲਮ ਮੁੰਬਈ ਦੇ ਕੋਰਨੇਸ਼ਨ ਸਿਨੇਮਾ ਘਰ 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦਾ ਢੇਰ ਸਾਰਾ ਪਿਆਰ ਮਿਲਿਆ ਸੀ ਤੇ ਇਹ ਸੁਪਰਹਿੱਟ ਸਾਬਿਤ ਹੋਈ ਸੀ।