ਬੀਨੂੰ ਢਿੱਲੋਂ ਨੇ ਸਿੰਘੂ ਬਾਰਡਰ ’ਤੇ ਪਹੁੰਚ ਕੇ ਕੀਤਾ ਕਿਸਾਨਾਂ ਦਾ ਸਮਰਥਨ (ਵੀਡੀਓ)
Thursday, Dec 17, 2020 - 05:14 PM (IST)
ਜਲੰਧਰ (ਬਿਊਰੋ)– ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ।
ਕਿਸਾਨਾਂ ਦੀ ਸਟੇਜ ’ਤੇ ਹਰ ਕਲਾਕਾਰ ਪਹੁੰਚ ਰਿਹਾ ਹੈ। ਇਸ ਸਭ ਦੇ ਚਲਦਿਆਂ ਬੀਨੂੰ ਢਿੱਲੋਂ ਤੇ ਸੀਮਾ ਕੌਸ਼ਲ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਲਈ ਪਹੁੰਚੇ।
ਇਸ ਦੀ ਵੀਡੀਓ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਬੀਨੂੰ ਕਹਿ ਰਹੇ ਹਨ ਕਿ ਕਿਸਾਨਾਂ ਦਾ ਇਹ ਅੰਦੋਲਨ ਨਵੀਂ ਕ੍ਰਾਂਤੀ ਲੈ ਕੇ ਆਵੇਗਾ। ਬੀਨੂੰ ਨੇ ਕਿਹਾ ਜਿਸ ਦੇਸ਼ ਦਾ ਕਿਸਾਨ ਦੁਖੀ ਹੈ, ਉਸ ਦੇਸ਼ ਦਾ ਕੁਝ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਜਾਣਬੁਝ ਕੇ ਅਣਗੌਲਿਆ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੋ ਬੰਦਾ ਹੰਕਾਰ ਜਾਂਦਾ ਹੈ, ਉਸ ਦਾ ਅੰਤ ਵੀ ਨੇੜੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਠਾਠਾਂ ਮਾਰਦਾ ਇਕੱਠ ਦੱਸਦਾ ਹੈ ਕਿ ਕਿਸਾਨਾਂ ’ਚ ਜਜ਼ਬਾ ਤੇ ਜਨੂੰਨ ਕਿੰਨਾ ਹੈ ਤੇ ਉਨ੍ਹਾਂ ਦਾ ਮਕਸਦ ਕੀ ਹੈ। ਬੀਨੂੰ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ।
ਨੋਟ– ਬੀਨੂੰ ਢਿੱਲੋਂ ਦੀ ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।