'ਧੁਰੰਦਰ' ਦੇ ਵਿਵਾਦ 'ਤੇ ਡਾਇਰੈਕਟਰ ਆਦਿਤਿਆ ਧਰ ਨੇ ਦਿਖਾਈ ਸਖ਼ਤੀ ! AI ਅਫ਼ਵਾਹ ਦੀ ਖੋਲ੍ਹ'ਤੀ ਪੋਲ

Thursday, Mar 26, 2026 - 12:18 PM (IST)

'ਧੁਰੰਦਰ' ਦੇ ਵਿਵਾਦ 'ਤੇ ਡਾਇਰੈਕਟਰ ਆਦਿਤਿਆ ਧਰ ਨੇ ਦਿਖਾਈ ਸਖ਼ਤੀ ! AI ਅਫ਼ਵਾਹ ਦੀ ਖੋਲ੍ਹ'ਤੀ ਪੋਲ

ਮੁੰਬਈ - ਫਿਲਮ 'ਧੁਰੰਦਰ: ਦ ਰੀਵੈਂਜ' ਦੇ ਨਿਰਦੇਸ਼ਕ ਆਦਿਤਿਆ ਧਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਰਣਵੀਰ ਸਿੰਘ ਦੀ ਇਕ ਤਸਵੀਰ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਵਾਇਰਲ ਹੋ ਰਹੀ ਤਸਵੀਰ, ਜਿਸ 'ਚ ਰਣਵੀਰ ਸਿੰਘ ਦਾ ਕਿਰਦਾਰ 'ਜਸਕੀਰਤ' ਪੱਗ ਬੰਨ੍ਹ ਕੇ ਸਿਗਰਟ ਪੀਂਦਾ ਦਿਖਾਇਆ ਗਿਆ ਹੈ, ਪੂਰੀ ਤਰ੍ਹਾਂ 'ਫਰਜ਼ੀ' ਅਤੇ 'AI-ਜਨਰੇਟਿਡ' (ਆਰਟੀਫੀਸ਼ੀਅਲ ਇੰਟੈਲੀਜੈਂਸ) ਹੈ।

ਆਦਿਤਿਆ ਧਰ ਨੇ ਇੰਸਟਾਗ੍ਰਾਮ 'ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਫਿਲਮ ਦੀ ਅਧਿਕਾਰਤ ਪ੍ਰਮੋਸ਼ਨਲ ਸਮੱਗਰੀ ਨੂੰ AI ਰਾਹੀਂ ਬਦਲ ਕੇ ਗਲਤ ਅਤੇ ਭਰਮਾਉਣ ਵਾਲਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ, "ਇਹ ਤਸਵੀਰ ਪੂਰੀ ਤਰ੍ਹਾਂ ਝੂਠੀ ਹੈ ਅਤੇ ਫਿਲਮ ਜਾਂ ਸਾਡੇ ਦੁਆਰਾ ਜਾਰੀ ਕੀਤੇ ਗਏ ਕਿਸੇ ਵੀ ਅਧਿਕਾਰਤ ਮੈਟੀਰੀਅਲ ਦਾ ਹਿੱਸਾ ਨਹੀਂ ਹੈ। ਇਹ ਲੋਕਾਂ ਨੂੰ ਭੜਕਾਉਣ ਅਤੇ ਸ਼ਰਾਰਤ ਕਰਨ ਦੀ ਇਕ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ"।

'ਉੜੀ' ਵਰਗੀ ਫਿਲਮ ਬਣਾਉਣ ਵਾਲੇ ਨਿਰਦੇਸ਼ਕ ਨੇ ਸਿੱਖ ਭਾਈਚਾਰੇ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਫਿਲਮ 'ਚ ਹਰ ਕਿਰਦਾਰ ਨੂੰ ਬਹੁਤ ਹੀ ਸੰਵੇਦਨਸ਼ੀਲਤਾ, ਮਾਣ ਅਤੇ ਜ਼ਿੰਮੇਵਾਰੀ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਅਫਵਾਹਾਂ ਦਾ ਸ਼ਿਕਾਰ ਨਾ ਹੋਣ ਅਤੇ ਸਿਰਫ ਅਧਿਕਾਰਤ ਸਮੱਗਰੀ 'ਤੇ ਹੀ ਭਰੋਸਾ ਕਰਨ। ਧਰ ਨੇ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।

ਦੱਸਣਯੋਗ ਹੈ ਕਿ 'ਧੁਰੰਦਰ 2' ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 18 ਮਾਰਚ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਹਾਲਾਂਕਿ ਇਸ ਫਿਲਮ 'ਚ ਰਣਵੀਰ ਸਿੰਘ ਤੋਂ ਇਲਾਵਾ ਸੰਜੇ ਦੱਤ, ਆਰ. ਮਾਧਵਨ ਅਤੇ ਅਰਜੁਨ ਰਾਮਪਾਲ ਵਰਗੇ ਵੱਡੇ ਕਲਾਕਾਰ ਵੀ ਅਹਿਮ ਭੂਮਿਕਾਵਾਂ 'ਚ ਹਨ।


author

Sunaina

Content Editor

Related News