ਪੌਪ ਸਟਾਰ ਰਿਹਾਨਾ ਦੇ ਘਰ ''ਤੇ ਗੋਲੀਬਾਰੀ ਕਰਨ ਵਾਲੀ ਔਰਤ ''ਤੇ ਕਤਲ ਦੀ ਕੋਸ਼ਿਸ਼ ਸਣੇ 14 ਗੰਭੀਰ ਦੋਸ਼ ਤੈਅ
Thursday, Oct 01, 2026 - 01:18 PM (IST)
ਲਾਸ ਏਂਜਲਸ (ਏਜੰਸੀ) - ਗਾਇਕਾ ਰਿਹਾਨਾ ਅਤੇ ਉਸਦੇ ਸਾਥੀ ਰੈਪਰ ਏਐਸਏਪੀ ਰੌਕੀ ਦੇ ਘਰ 'ਤੇ ਗੋਲੀਬਾਰੀ ਦੇ ਸਬੰਧ ਵਿੱਚ ਫਲੋਰੀਡਾ ਦੀ ਇੱਕ ਔਰਤ 'ਤੇ ਕਤਲ ਦੀ ਕੋਸ਼ਿਸ਼ ਸਮੇਤ 14 ਗੰਭੀਰ ਦੋਸ਼ ਲਗਾਏ ਗਏ ਹਨ। ਲਾਸ ਏਂਜਲਸ ਕਾਉਂਟੀ ਦੇ ਇੱਕ ਜੱਜ ਨੇ ਬੁੱਧਵਾਰ ਨੂੰ 36 ਸਾਲਾ ਇਵਾਨਾ ਲਿਸੇਟ ਓਰਟਿਜ਼ ਵਿਰੁੱਧ ਦੋਸ਼ ਪੱਤਰ ਜਨਤਕ ਕੀਤਾ। ਓਰਲੈਂਡੋ ਦੀ ਰਹਿਣ ਵਾਲੀ ਓਰਟਿਜ਼ ਸੁਣਵਾਈ ਦੌਰਾਨ ਜੇਲ੍ਹ ਦੀ ਪੀਲੀ ਵਰਦੀ ਪਹਿਨ ਕੇ ਅਦਾਲਤ ਵਿੱਚ ਪੇਸ਼ ਹੋਈ। ਉਸਨੇ ਸਿਰਫ਼ ਆਪਣੇ ਵਕੀਲ ਨਾਲ ਗੱਲ ਕੀਤੀ, ਜਿਸਨੇ ਉਸਦੀ ਤਰਫੋਂ ਸਾਰੇ ਦੋਸ਼ਾਂ ਵਿੱਚ ਖੁਦ ਨੂੰ ਨਿਰਦੋਸ਼ ਦੱਸਿਆ। ਇਹ ਘਟਨਾਕ੍ਰਮ ਇੱਕ ਦਿਨ ਬਾਅਦ ਹੋਇਆ, ਜਦੋਂ ਇਕ ਹੋਰ ਜੱਜ ਨੇ ਫੈਸਲਾ ਸੁਣਾਇਆ ਸੀ ਕਿ ਓਰਟਿਜ਼ ਮੁਕੱਦਮੇ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ 'ਤੇ ਸਮਰੱਥ ਹੈ।
ਗ੍ਰੈਂਡ ਜਿਊਰੀ ਦੀ ਕਾਰਵਾਈ ਉਸ ਦੌਰਾਨ ਹੋਈ, ਜਦੋਂ ਓਰਟਿਜ਼ ਕਈ ਮਹੀਨਿਆਂ ਤੋਂ ਮਨੋਵਿਗਿਆਨਕ ਜਾਂਚ ਵਿਚੋਂ ਲੰਘ ਰਹੀ ਰਹੀ ਸੀ। ਗ੍ਰੈਂਡ ਜਿਊਰੀ ਨੇ 18 ਜੂਨ ਨੂੰ ਉਸ 'ਤੇ ਦੋਸ਼ ਤੈਅ ਕੀਤੇ ਸਨ, ਪਰ ਉਸਦੀ ਮਾਨਸਿਕ ਯੋਗਤਾ 'ਤੇ ਅਦਾਲਤ ਦੇ ਫੈਸਲੇ ਤੱਕ ਉਨ੍ਹਾਂ ਦੋਸ਼ਾਂ ਨੂੰ 3 ਮਹੀਨਿਆਂ ਲਈ ਗੁਪਤ ਰੱਖਿਆ ਗਿਆ। 8 ਮਾਰਚ ਨੂੰ ਹੋਈ ਗੋਲੀਬਾਰੀ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਅਧਿਕਾਰੀਆਂ ਦਾ ਦੋਸ਼ ਹੈ ਕਿ ਓਰਟਿਜ਼ ਟੇਸਲਾ ਕਾਰ ਚਲਾ ਕੇ ਬੇਵਰਲੀ ਹਿਲਜ਼ ਵਿੱਚ ਸਥਿਤ ਰਿਹਾਨਾ ਅਤੇ ਰੈਪਰ ਰੌਕੀ ਦੇ ਘਰ ਦੇ ਗੇਟ ਤੱਕ ਪਹੁੰਚੀ ਅਤੇ ਕਾਰ ਦੀ ਖਿੜਕੀ ਤੋਂ AR-15-ਸ਼ੈਲੀ ਦੀ ਰਾਈਫਲ ਬਾਹਰ ਕੱਢ ਕੇ ਘੱਟੋ-ਘੱਟ 20 ਗੋਲੀਆਂ ਚਲਾਈਆਂ। ਡਿਪਟੀ ਜ਼ਿਲ੍ਹਾ ਅਟਾਰਨੀ ਅਲੈਗਜ਼ੈਂਡਰ ਬੋਟ ਨੇ ਅਦਾਲਤ ਦੇ ਬਾਹਰ ਕਿਹਾ, "ਉਹ ਰਿਹਾਨਾ ਨੂੰ ਮਾਰਨਾ ਚਾਹੁੰਦੀ ਸੀ। ਹੋਰ ਲੋਕ ਵੀ ਉਸਦੀ ਗੋਲੀਬਾਰੀ ਦੀ ਲਪੇਟ ਵਿੱਚ ਆ ਸਕਦੇ ਸਨ।"
ਰਿਹਾਨਾ ਅਤੇ ਉਸਦੀ ਮਾਂ ਮੋਨਿਕਾ ਫੈਂਟੀ ਤੋਂ ਇਲਾਵਾ, ਹਾਲੀਵੁੱਡ ਏਜੰਟ ਟਰੇਸੀ ਜੈਕਬਸ ਨੇ ਵੀ ਗ੍ਰੈਂਡ ਜਿਊਰੀ ਦੇ ਸਾਹਮਣੇ ਗਵਾਹੀ ਦਿੱਤੀ। ਜੈਕਬਸ ਗੁਆਂਢੀ ਘਰ ਦੀ ਮਾਲਕਣ ਹੈ ਅਤੇ ਗੋਲੀਬਾਰੀ ਦੇ ਸਮੇਂ ਉਥੇ ਮੌਜੂਦ ਸੀ। ਉਸਨੂੰ ਦੋਸ਼ ਪੱਤਰ ਵਿੱਚ ਪੀੜਤਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਗਿਆ ਹੈ।
