ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਕੀਤੀ ਖੁਦਕੁਸ਼ੀ, ਹੋਟਲ ’ਚ ਲਿਆ ਫਾਹਾ

03/26/2023 4:35:30 PM

ਮੁੰਬਈ (ਬਿਊਰੋ)– ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਬਨਾਰਸ ਦੇ ਇਕ ਹੋਟਲ ’ਚ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਡਲ ਤੇ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਸਾਰਨਾਥ ਥਾਣਾ ਖੇਤਰ ਦੇ ਸੋਮੇਂਦਰ ਹੋਟਲ ’ਚ ਫਾਹਾ ਲੈ ਕੇ ਆਪਣੀ ਜਾਨ ਲੈ ਲਈ। ਆਕਾਂਕਸ਼ਾ ਭਦੋਹੀ ਜ਼ਿਲ੍ਹੇ ਦੇ ਚੌਰੀ ਥਾਣਾ ਖੇਤਰ ਅਧੀਨ ਪੈਂਦੇ ਪਾਰਸੀਪੁਰ ਦੀ ਰਹਿਣ ਵਾਲੀ ਸੀ। ਉਹ ਭੋਜਪੁਰੀ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਸੀ।

ਆਕਾਂਕਸ਼ਾ ਨੇ ‘ਵੀਰੋਂ ਕੇ ਵੀਰ’ ਤੇ ‘ਕਸਮ ਪੈਦਾ ਕਰਨੇ ਵਾਲੇ ਕੀ 2’ ਫ਼ਿਲਮਾਂ ’ਚ ਕੰਮ ਕੀਤਾ ਸੀ। ਅੱਜ 26 ਮਾਰਚ ਨੂੰ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਨਾਲ ਉਨ੍ਹਾਂ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਨਾਂ ‘ਆਰਾ ਕਭੀ ਹਾਰਾ ਨਹੀਂ’ ਹੈ। ਪ੍ਰਸ਼ੰਸਕਾਂ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਉਨ੍ਹਾਂ ਨੇ ਜਿਸ ਆਕਾਂਕਸ਼ਾ ਨੂੰ ਨਵੇਂ ਗੀਤ ’ਚ ਦੇਖਿਆ ਹੈ ਉਹ ਅੱਜ ਇਸ ਦੁਨੀਆ ’ਚ ਨਹੀਂ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਦਾਕਾਰਾ ਨੇ ਇਹ ਕਦਮ ਕਿਉਂ ਚੁੱਕਿਆ। ਇਸ ਖ਼ਬਰ ਦੇ ਆਉਣ ਤੋਂ ਬਾਅਦ ਭੋਜਪੁਰੀ ਇੰਡਸਟਰੀ ’ਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਤੋਂ ਸਾਰਿਆਂ ਨੂੰ ਵੱਡਾ ਝਟਕਾ ਲੱਗਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਆਕਾਂਕਸ਼ਾ ਦੂਬੇ ਤਿੰਨ ਸਾਲ ਦੀ ਉਮਰ ’ਚ ਆਪਣੇ ਮਾਤਾ-ਪਿਤਾ ਨਾਲ ਮੁੰਬਈ ਸ਼ਿਫਟ ਹੋ ਗਈ ਸੀ। ਉਸ ਦੇ ਮਾਤਾ-ਪਿਤਾ ਉਸ ਨੂੰ ਆਈ. ਪੀ. ਐੱਸ. ਅਫਸਰ ਬਣਾਉਣਾ ਚਾਹੁੰਦੇ ਸਨ ਪਰ ਉਸ ਦਾ ਮਨ ਡਾਂਸ ਤੇ ਅਦਾਕਾਰੀ ’ਚ ਸੀ। ਬਚਪਨ ਤੋਂ ਹੀ ਉਸ ਨੂੰ ਟੀ. ਵੀ. ਦੇਖਣਾ ਪਸੰਦ ਸੀ। ਇਸ ਜਨੂੰਨ ਤੋਂ ਬਾਅਦ ਉਹ ਫ਼ਿਲਮੀ ਦੁਨੀਆ ’ਚ ਆ ਗਈ। ਮੁੰਬਈ ’ਚ ਪੜ੍ਹਾਈ ਕਰਨ ਤੋਂ ਬਾਅਦ ਆਕਾਂਕਸ਼ਾ ਨੇ ਫ਼ਿਲਮਾਂ ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਦੱਸਿਆ ਸੀ ਕਿ ਉਸ ਦੀ ਦੋਸਤ ਪੁਸ਼ਪਾਂਜਲੀ ਪਾਂਡੇ ਨੇ ਇਸ ’ਚ ਉਸ ਦੀ ਮਦਦ ਕੀਤੀ ਸੀ।

ਖ਼ਬਰਾਂ ਮੁਤਾਬਕ 17 ਸਾਲ ਦੀ ਉਮਰ ’ਚ ਆਕਾਂਕਸ਼ਾ ਦੂਬੇ ਨੇ ਭੋਜਪੁਰੀ ਸਿਨੇਮਾ ’ਚ ਕਦਮ ਰੱਖਿਆ ਸੀ। ਇਥੇ ਉਸ ਨੇ ਨਿਰਦੇਸ਼ਕ ਆਸ਼ੀ ਤਿਵਾਰੀ ਨਾਲ ਕੁਝ ਫ਼ਿਲਮਾਂ ’ਚ ਕੰਮ ਕੀਤਾ। ਹਾਲਾਂਕਿ ਉਸ ਨੂੰ ਕਈ ਵਾਰ ਰਿਜੈਕਸ਼ਨ ਦਾ ਸਾਹਮਣਾ ਵੀ ਕਰਨਾ ਪਿਆ। ਦੱਸਿਆ ਜਾਂਦਾ ਹੈ ਕਿ ਸਾਲ 2018 ’ਚ ਆਕਾਂਕਸ਼ਾ ਡਿਪ੍ਰੈਸ਼ਨ ’ਚ ਚਲੀ ਗਈ ਸੀ। ਇਸ ਤੋਂ ਬਾਅਦ ਉਸ ਨੇ ਫ਼ਿਲਮੀ ਪਰਦੇ ਤੋਂ ਦੂਰੀ ਬਣਾ ਲਈ। ਉਸ ਨੇ ਕਿਹਾ ਸੀ ਕਿ ਨਵੇਂ ਕਲਾਕਾਰਾਂ ਨਾਲ ਨਵੇਂ ਵਰਗਾ ਵਤੀਰਾ ਨਹੀਂ ਕੀਤਾ ਜਾਂਦਾ। ਇਸ ਕਾਰਨ ਲੋਕਾਂ ਦਾ ਭਰੋਸਾ ਟੁੱਟਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News