ਕਦੇ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਸੀ ਮੁਸ਼ਕਿਲ, ਅੱਜ ਕਰੋੜਾਂ ਦੀ ਮਾਲਕਣ ਭਾਰਤੀ ਸਿੰਘ ਫਸੀ ਡਰੱਗਸ ਮਾਮਲੇ ’ਚ

11/22/2020 11:43:04 AM

ਜਲੰਧਰ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਮੁਸ਼ਕਿਲਾਂ ’ਚ ਘਿਰ ਗਈ ਹੈ। ਭਾਰਤੀ ਸਿੰਘ ਦੇ ਘਰੋਂ ਐੱਨ. ਸੀ. ਬੀ. ਨੇ ਰੇਡ ਦੌਰਾਨ ਗਾਂਜਾ ਬਰਾਮਦ ਕੀਤਾ ਹੈ ਤੇ ਭਾਰਤੀ ਦੇ ਨਾਲ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮਧਵਰਗੀ ਪਰਿਵਾਰ ’ਚੋਂ ਉੱਠੀ ਭਾਰਤੀ ਸਿੰਘ ਨੇ ਅੱਜ ਵੱਡਾ ਮੁਕਾਮ ਹਾਸਲ ਕਰ ਲਿਆ ਹੈ ਤੇ ਕਰੋੜਾਂ ਦੀ ਮਾਲਕਣ ਵੀ ਹੈ। ਅੱਜ ਸਫਲਤਾ ਦੇ ਸ਼ਿਖਰ ’ਤੇ ਪਹੁੰਚ ਚੁੱਕੀ ਇੰਡਸਟਰੀ ਦੀ ਚੋਟੀ ਦੀ ਕਾਮੇਡੀਅਨ ਭਾਰਤੀ ਸਿੰਘ ਦਾ ਬਚਪਨ ਕਦੇ ਗਰੀਬੀ ’ਚ ਲੰਘਿਆ ਸੀ। ਭਾਰਤੀ ਜਦੋਂ 2 ਸਾਲਾਂ ਦੀ ਸੀ, ਉਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ।

PunjabKesari

ਆਪਣੇ ਬਚਪਨ ਬਾਰੇ ਗੱਲ ਕਰਦਿਆਂ ਇਕ ਇੰਟਰਵਿਊ ਦੌਰਾਨ ਭਾਰਤੀ ਨੇ ਕਿਹਾ ਸੀ, ‘ਮੈਂ ਇਕ ਮਧਵਰਗੀ ਪਰਿਵਾਰ ਤੋਂ ਹਾਂ। ਮੇਰੀ ਮਾਂ ਦਾ ਵਿਆਹ ਸਿਰਫ 17 ਸਾਲ ਦੀ ਉਮਰ ’ਚ ਹੋ ਗਿਆ ਸੀ ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਸਿਰਫ 23 ਸਾਲ ਦੀ ਉਮਰ ਤਕ ਉਨ੍ਹਾਂ ਦੇ 3 ਬੱਚੇ ਹੋ ਚੁੱਕੇ ਸਨ।’

PunjabKesari

ਭਾਰਤੀ ਦਾ ਬਚਪਨ ਬੇਹੱਦ ਸੰਘਰਸ਼ ਭਰਿਆ ਸੀ, ਜਿਸ ਨੂੰ ਯਾਦ ਕਰਕੇ ਭਾਰਤੀ ਨੇ ਇਕ ਵਾਰ ਕਿਹਾ ਸੀ, ‘ਮੇਰੇ ਵੱਡੇ ਭਰਾ ਤੇ ਭੈਣ ਦਾ ਜ਼ਿਆਦਾਤਰ ਸਮਾਂ ਸਾਡੇ ਲਈ ਖਾਣਾ ਲਿਆਉਣ ਤੇ ਛੱਤ ਪਾਉਣ ’ਚ ਲੰਘਦਾ ਸੀ। ਕਦੇ-ਕਦੇ ਸਾਨੂੰ ਢਿੱਡ ਭਰਨ ਜੋਗਾ ਖਾਣਾ ਤਕ ਨਸੀਬ ਨਹੀ ਹੁੰਦਾ ਸੀ।’

PunjabKesari

ਪਰ ਕਹਿੰਦੇ ਹਨ ਕਿ ਸਮਾਂ ਬਦਲਦਿਆਂ ਹੀ ਸਭ ਕੁਝ ਬਦਲ ਜਾਂਦਾ ਹੈ। ਸਾਲ 2008 ’ਚ ਆਏ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਦੇ ਚੌਥੇ ਸੀਜ਼ਨ ਨੇ ਭਾਰਤੀ ਸਿੰਘ ਦੀ ਕਿਸਮਤ ਬਦਲ ਕੇ ਰੱਖ ਦਿੱਤੀ। ਇਸ ਸ਼ੋਅ ’ਚ ਭਾਰਤੀ ਨੇ ਇਕ ਕਿਰਦਾਰ ਨਿਭਾਇਆ ਸੀ, ਜਿਸ ਦਾ ਨਾਂ ‘ਲੱਲੀ’ ਸੀ। ਇਹ ਕਿਰਦਾਰ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਤੇ ਇਥੋਂ ਭਾਰਤੀ ਦੀ ਕਾਮੇਡੀ ਦਾ ਡੰਕਾ ਵੱਜਣ ਲੱਗਾ।

PunjabKesari

ਕਦੇ ਭੁੱਖੇ ਢਿੱਡ ਸੌਣ ਵਾਲੀ ਭਾਰਤੀ ਅੱਜ ਸਾਲਾਨਾ ਲਗਭਗ 10 ਕਰੋੜ ਰੁਪਏ ਕਮਾਉਂਦੀ ਹੈ। ਸਾਲ 2019 ਦੀ ਫੋਰਬਸ ਦੀ ਲਿਸਟ ’ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸਿਤਾਰਿਆਂ ’ਚੋਂ ਭਾਰਤੀ ਦਾ ਨਾਂ 82ਵੇਂ ਨੰਬਰ ’ਤੇ ਸੀ। ਮੌਜੂਦਾ ਸਮੇਂ ’ਚ ਭਾਰਤੀ ‘ਇੰਡੀਆਜ਼ ਬੈਸਟ ਡਾਂਸਰ’ ਤੇ ‘ਦਿ ਕਪਿਲ ਸ਼ਰਮਾ ਸ਼ੋਅ’ ਵਰਗੇ ਟੀ. ਵੀ. ਸ਼ੋਅਜ਼ ’ਚ ਨਜ਼ਰ ਆਉਂਦੀ ਹੈ।


Rahul Singh

Content Editor Rahul Singh