5 ਸਾਲ ਪੁਰਾਣੇ ਡਰੱਗਸ ’ਤੇ ਕੀਤੇ ਟਵੀਟ ’ਤੇ ਲੋਕਾਂ ਨੇ ਘੇਰਿਆ ਭਾਰਤੀ ਸਿੰਘ ਨੂੰ, ਰੱਜ ਕੇ ਸੁਣਾ ਰਹੇ ਨੇ ਖਰੀਆਂ-ਖਰੀਆਂ

11/22/2020 1:43:23 PM

ਜਲੰਧਰ (ਬਿਊਰੋ)– ਡਰੱਗਸ ਮਾਮਲੇ ’ਚ ਐੱਨ. ਸੀ. ਬੀ. ਵਲੋਂ ਕਾਮੇਡੀਅਨ ਭਾਰਤੀ ਸਿੰਘ ਦੀ ਗ੍ਰਿਫਤਾਰੀ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸੁਰਖ਼ੀਆਂ ’ਚ ਚੱਲ ਰਹੀ ਇਸ ਖ਼ਬਰ ਵਿਚਾਲੇ ਹੁਣ ਭਾਰਤੀ ਸਿੰਘ ਦਾ 5 ਸਾਲ ਪੁਰਾਣਾ ਇਕ ਟਵੀਟ ਵਾਇਰਲ ਹੋ ਰਿਹਾ ਹੈ। ਇਸ ਟਵੀਟ ’ਚ ਭਾਰਤੀ ਨੇ ਲੋਕਾਂ ਨੂੰ ਡਰੱਗਸ ਨਾ ਲੈਣ ਦੀ ਅਪੀਲ ਕੀਤੀ ਸੀ। ਭਾਰਤੀ ਦਾ ਇਹ ਟਵੀਟ ਉਲਟਾ ਉਸ ’ਤੇ ਹੀ ਭਾਰੀ ਪੈ ਗਿਆ ਹੈ।

ਭਾਰਤੀ ਨੇ 2015 ’ਚ ਟਵੀਟ ਕਰਕੇ ਕਿਹਾ ਸੀ, ‘ਕਿਰਪਾ ਕਰਕੇ ਡਰੱਗਸ ਲੈਣਾ ਬੰਦ ਕਰੋ, ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ।’ ਉਸ ਦੇ ਇਸ ਟਵੀਟ ’ਤੇ ਯੂਜ਼ਰਸ ਭਾਰਤੀ ਦਾ ਰੱਜ ਕੇ ਮਜ਼ਾਕ ਬਣਾ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ, ‘5 ਸਾਲ ਪਹਿਲਾਂ ਭਾਰਤੀ ਸਿੰਘ ਡਰੱਗਸ ’ਤੇ ਗਿਆਨ ਦਿੰਦੀ ਸੀ।’

ਇਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਟਵੀਟ ਸਾਬਿਤ ਕਰਦਾ ਹੈ ਕਿ ਭਾਰਤੀ ਸਿੰਘ ਸੱਚਮੁੱਚ ਕਾਮੇਡੀਅਨ ਹੈ। ਮਸਤ ਜੋਕ ਮਾਰਾ ਰੇ।’

ਇਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਟਵੀਟ ਵੀ ਮਾਲ ਫੂਕ ਕੇ ਕੀਤਾ ਸੀ ਕੀ?’

ਅਜਿਹੇ ਹੀ ਕਈ ਲੋਕ ਪੁਰਾਣੇ ਟਵੀਟ ’ਤੇ ਭਾਰਤੀ ਨੂੰ ਨਿਸ਼ਾਨਾ ਬਣਾ ਰਹੇ ਹਨ। ਲੋਕ ਰੱਜ ਕੇ ਉਸ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। ਕਾਮੇਡੀਅਨ ਰਾਜੂ ਸ਼੍ਰੀਵਾਸਤਵ ਰਾਜੂ ਨੇ ਵੀ ਡਰੱਗਸ ਮਾਮਲੇ ’ਚ ਭਾਰਤੀ ਦੀ ਗ੍ਰਿਫਤਾਰੀ ’ਤੇ ਆਪਣੀ ਰਾਏ ਸਾਂਝੀ ਕੀਤੀ ਹੈ। ਉਸ ਨੇ ਕਿਹਾ, ‘ਕੀ ਜ਼ਰੂਰਤ ਹੈ ਇਹ ਸਭ ਲੈਣ ਦੀ। ਬਿਨਾਂ ਡਰੱਗਸ ਦੇ, ਬਿਨਾਂ ਨਸ਼ੇ ਦੇ ਕੀ ਕਾਮੇਡੀ ਨਹੀਂ ਹੁੰਦੀ। ਉਸ ਦੇ ਵਿਆਹ ’ਚ ਰਿਹਾ ਹਾਂ। ਡਾਂਸ ਹੋ ਰਿਹਾ ਸੀ, ਕਾਮੇਡੀ ਹੋ ਰਹੀ ਸੀ। ਸਾਨੂੰ ਤਾਂ ਲੱਗਾ ਸੀ ਕਿ ਵਿਆਹ ਦੇ ਜੋਸ਼ ’ਚ ਰਾਤ-ਰਾਤ ਭਰ ਡਾਂਸ ਕਰ ਰਹੇ ਹਨ। ਐਨਰਜੀ ਆ ਰਹੀ ਹੈ ਪਰ ਹੁਣ ਪਤਾ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਸਨ।’

ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਐੱਨ. ਸੀ. ਬੀ. ਨੇ ਮੁੰਬਈ ’ਚ 3 ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਭਾਰਤੀ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੇ ਘਰ ’ਤੇ ਛਾਪੇਮਾਰੀ ਹੋਈ ਸੀ, ਜਿਸ ਤੋਂ ਬਾਅਦ ਭਾਰਤੀ ਤੇ ਉਸ ਦੇ ਪਤੀ ਹਰਸ਼ ਨੂੰ ਐੱਨ. ਸੀ. ਬੀ. ਨੇ ਸੰਮਨ ਭੇਜਿਆ ਸੀ। ਹੁਣ ਭਾਰਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Rahul Singh

Content Editor Rahul Singh