ਭਾਰਤੀ ਸਿੰਘ ਤੇ ਪਤੀ ਹਰਸ਼ ਨੂੰ ਅਦਾਲਤ ਵਲੋਂ ਝਟਕਾ, ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

11/22/2020 5:18:16 PM

ਜਲੰਧਰ (ਬਿਊਰੋ)– ਡਰੱਗਸ ਕੇਸ ’ਚ ਐੱਨ. ਸੀ. ਬੀ. ਵਲੋਂ ਗ੍ਰਿਫਤਾਰ ਕੀਤੀ ਗਈ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਅੱਜ ਕਿਲਾ ਅਦਾਲਤ ’ਚ ਪੇਸ਼ ਕੀਤਾ ਗਿਆ। ਕਿਲਾ ਅਦਾਲਤ ਨੇ ਭਾਰਤੀ ਸਿੰਘ ਤੇ ਹਰਸ਼ ਦੋਵਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਣ ਦਾ ਫੈਸਲਾ ਸੁਣਾਇਆ ਹੈ। ਐੱਨ. ਸੀ. ਬੀ. ਨੇ ਕੋਰਟ ਤੋਂ ਦੋਵਾਂ ਦਾ ਰਿਮਾਂਡ ਮੰਗਿਆ ਸੀ। ਹਾਲਾਂਕਿ ਦੋਵਾਂ ਨੇ ਜ਼ਮਾਨਤ ਅਰਜ਼ੀ ਦਾਖਲ ਕਰ ਦਿੱਤੀ ਹੈ। ਇਸ ’ਤੇ ਹੁਣ ਕੱਲ ਸੁਣਵਾਈ ਹੋਵੇਗੀ। ਭਾਰਤੀ ਤੇ ਹਰਸ਼ ਨਾਲ ਦੋ ਡਰੱਗ ਪੈਡਲਰਜ਼ ਨੂੰ ਵੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਡਰੱਗ ਪੈਡਲਰਜ਼ ਨੂੰ ਪੁਲਸ ਹਿਰਾਸਤ ’ਚ ਰੱਖਣ ਦਾ ਫੈਸਲਾ ਸੁਣਾਇਆ ਗਿਆ ਹੈ।

ਐੱਨ. ਸੀ. ਬੀ. ਨੇ ਗਾਂਜਾ ਦੀ ਕਥਿਤ ਵਰਤੋਂ ਤੇ ਉਸ ਨੂੰ ਰੱਖਣ ਦੇ ਦੋਸ਼ ’ਚ ਹਰਸ਼ ਨੂੰ ਅੱਜ ਤੜਕੇ ਗ੍ਰਿਫਤਾਰ ਕਰ ਲਿਆ ਸੀ। ਹਰਸ਼ ਦੀ ਗ੍ਰਿਫਤਾਰੀ ਤੋਂ ਇਕ ਦਿਨ ਪਹਿਲਾਂ ਉਸ ਦੀ ਪਤਨੀ ਤੇ ਕਾਮੇਡੀ ਕੁਈਨ ਭਾਰਤੀ ਸਿੰਘ ਨੂੰ ਦੇਰ ਰਾਤ ਇਸੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ। ਐੱਨ. ਸੀ. ਬੀ. ਨੇ ਇਹ ਕਾਰਵਾਈ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਲਗਭਗ 86.50 ਗ੍ਰਾਮ ਗਾਂਜਾ ਨੂੰ ਲੈ ਕੇ ਕੀਤੀ ਸੀ। ਦੋਵਾਂ ਨੇ ਡਰੱਗਸ ਲੈਣ ਦੀ ਗੱਲ ਵੀ ਕਬੂਲ ਕੀਤੀ ਹੈ। ਇਸ ਤੋਂ ਬਾਅਦ ਅੱਜ ਸਵੇਰੇ ਦੋਵਾਂ ਨੂੰ ਕਿਲਾ ਅਦਾਲਤ ’ਚ ਪੇਸ਼ ਕੀਤਾ ਗਿਆ।

ਮਹਾਰਾਸ਼ਟਰ ਸਰਕਾਰ ’ਚ ਮੰਤਰੀ ਨਵਾਬ ਮਲਿਕ ਨੇ ਡਰੱਗਸ ਕੇਸ ਦੀ ਜਾਂਚ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਮਲਿਕ ਨੇ ਕਿਹਾ, ‘ਐੱਨ. ਸੀ. ਬੀ. ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ, ਜੋ ਡਰੱਗਸ ਦੀ ਵਰਤੋਂ ਕਰਦੇ ਹਨ। ਉਹ ਨਸ਼ੇੜੀ ਹਨ, ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ਭੇਜਿਆ ਜਾਣਾ ਚਾਹੀਦਾ ਹੈ, ਜੇਲ ਨਹੀਂ। ਐੱਨ. ਸੀ. ਬੀ. ਦਾ ਕੰਮ ਡਰੱਗ ਤਸਕਰਾਂ ਨੂੰ ਟਰੈਕ ਕਰਨਾ ਹੈ ਪਰ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਕੀ ਐੱਨ. ਸੀ. ਬੀ. ਫਿਲਮ ਇੰਡਸਟਰੀ ਤੋਂ ਡਰੱਗ ਸੇਵਨ ਕਰਨ ਵਾਲਿਆਂ ਦੀ ਗ੍ਰਿਫਤਾਰੀ ਕਰਕੇ ਡਰੱਗ ਤਸਕਰਾਂ ਨੂੰ ਬਚਾਉਣਾ ਚਾਹੁੰਦੀ ਹੈ?’


Rahul Singh

Content Editor

Related News