ਗੌਹਰ ਖ਼ਾਨ ਨਹੀਂ ਕਰ ਸਕੇਗੀ ਦੋ ਮਹੀਨੇ ਸ਼ੂਟਿੰਗ, ਕੋਰੋਨਾ ਗਾਈਡਲਾਈਨਜ਼ ਦੀ ਕੀਤੀ ਸੀ ਉਲੰਘਣਾ
Wednesday, Mar 17, 2021 - 12:57 PM (IST)

ਮੁੰਬਈ (ਬਿਊਰੋ)– ਫ਼ਿਲਮ ਕਾਮਿਆਂ ਦੀ ਸਭ ਤੋਂ ਵੱਡੀ ਸੰਸਥਾ ‘ਫੈੱਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ (ਐੱਫ. ਡਬਲਯੂ. ਆਈ. ਸੀ. ਈ.) ਨੇ ਮੰਗਲਵਾਰ ਨੂੰ ਫ਼ਿਲਮ ਅਦਾਕਾਰਾ ਗੌਹਰ ਖ਼ਾਨ ਦਾ ਦੋ ਮਹੀਨੇ ਲਈ ਬਾਈਕਾਟ ਕਰ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਗੌਹਰ ਖ਼ਾਨ ਨੇ ਕਥਿਤ ਤੌਰ ’ਤੇ ਕੋਰੋਨਾ ਮਹਾਮਾਰੀ ਹੋਣ ਦੇ ਬਾਵਜੂਦ ਸ਼ੂਟਿੰਗ ’ਚ ਹਿੱਸਾ ਲਿਆ ਤੇ ਪੂਰੀ ਯੂਨਿਟ ਨੂੰ ਖਤਰੇ ’ਚ ਪਾਇਆ। ਇਸ ਸਬੰਧੀ ਗੌਹਰ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਹੋਇਆ ਹੈ। ਹਾਲਾਂਕਿ ਮੰਗਲਵਾਰ ਨੂੰ ਕੁਝ ਲੋਕਾਂ ਨੇ ਗੌਹਰ ਖ਼ਾਨ ਨੂੰ ਇਸ ਮਾਮਲੇ ’ਚ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਵੀ ਕੀਤੀ।
ਵਿਵਾਦਿਤ ਵੈੱਬ ਸੀਰੀਜ਼ ‘ਤਾਂਡਵ’ ’ਚ ਹਾਲ ਹੀ ’ਚ ਨਜ਼ਰ ਆਈ ਗੌਹਰ ਖ਼ਾਨ ਦੇ ਖ਼ਿਲਾਫ਼ ਬੀ. ਐੱਮ. ਸੀ. ਨੇ ਸੋਮਵਾਰ ਨੂੰ ਅਪਰਾਧਿਕ ਮਾਮਲਾ ਦਰਜ ਕਰਵਾਇਆ ਸੀ। ਬੀ. ਐੱਮ. ਸੀ. ਨੇ ਗੌਹਰ ਖ਼ਾਨ ਦੇ ਘਰ ਦਾ ਨਿਰੀਖਣ ਕਰਨ ’ਤੇ ਦੇਖਿਆ ਸੀ ਕਿ ਕੋਰੋਨਾ ਪਾਜ਼ੇਟਿਵ ਹੋਣ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਉਸ ਨੇ ਕੁਆਰਨਟੀਨ ਸਮਾਂ ਹੱਦ ਆਪਣੇ ਘਰ ਅੰਦਰ ਰਹਿ ਕੇ ਪੂਰੀ ਨਹੀਂ ਕੀਤੀ। ਗੌਹਰ ਖ਼ਾਨ ’ਤੇ ਕੋਵਿਡ ਦੀ ਇਕ ਨੈਗੇਟਿਵ ਰਿਪੋਰਟ ਹਾਸਲ ਕਰਨ ਦਾ ਵੀ ਦੋਸ਼ ਹੈ।
ਮਹਾਰਾਸ਼ਟਰ ’ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਤੇ ਖ਼ਾਸ ਤੌਰ ’ਤੇ ਇਸ ਦੇ ਚਲਦਿਆਂ ਫ਼ਿਲਮ ਜਗਤ ’ਤੇ ਪੈ ਰਹੇ ਅਸਰ ਨੂੰ ਲੈ ਕੇ ਫੈੱਡਰੇਸ਼ਨ ਕਾਫੀ ਫਿਕਰਮੰਦ ਹੈ। ਅਜਿਹੇ ’ਚ ਗੌਹਰ ਖ਼ਾਨ ਦਾ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਵੀ ਕਥਿਤ ਰੂਪ ਨਾਲ ਸ਼ੂਟਿੰਗ ’ਤੇ ਚਲੇ ਜਾਣਾ ਕਾਫੀ ਗੰਭੀਰ ਮੰਨਿਆ ਜਾ ਰਿਹਾ ਹੈ।
ਇਸ ਬਾਰੇ ਫੈੱਡਰੇਸ਼ਨ ਦੀ ਮੰਗਲਵਾਰ ਨੂੰ ਬੈਠਕ ਹੋਈ, ਜਿਸ ’ਚ ਪੂਰੇ ਮਸਲੇ ’ਤੇ ਵਿਚਾਰ ਕੀਤਾ ਗਿਆ ਤੇ ਇਹ ਦੇਖਿਆ ਗਿਆ ਕਿ ਇਸ ਮਾਮਲੇ ’ਚ ਬੀ. ਐੱਮ. ਸੀ. ਤੇ ਮੁੰਬਈ ਪੁਲਸ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਗੌਹਰ ਖ਼ਾਨ ਨੂੰ ਇਸ ਪੂਰੇ ਮਾਮਲੇ ’ਚ ਜ਼ਿੰਮੇਵਾਰ ਮੰਨਦਿਆਂ ਫੈੱਡਰੇਸ਼ਨ ਨੇ ਉਸ ’ਤੇ ਦੋ ਮਹੀਨੇ ਦਾ ਬੈਨ ਲਗਾ ਦਿੱਤਾ ਹੈ। ਇਸ ਸਮਾਂ ਹੱਦ ਤੋਂ ਬਾਅਦ ਵੀ ਕੋਈ ਫ਼ਿਲਮ, ਟੀ. ਵੀ. ਜਾਂ ਸੀਰੀਜ਼ ਨਿਰਮਾਤਾ ਉਸ ਤੋਂ ਕੰਮ ਲੈ ਸਕੇਗਾ ਜਾਂ ਨਹੀਂ, ਇਸ ਬਾਰੇ ਮੁੜ ਤੋਂ ਨਿਰਦੇਸ਼ ਜਾਰੀ ਕੀਤਾ ਜਾਵੇਗਾ।
ਨੋਟ– ਗੌਹਰ ਖ਼ਾਨ ਦੇ ਬਾਈਕਾਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।