ਆਯੁਸ਼ਮਾਨ ਖੁਰਾਨਾ ਨੇ ਦਿੱਤੀ ਆਸ਼ਾ ਭੌਂਸਲੇ ਨੂੰ ਸ਼ਰਧਾਂਜਲੀ
Wednesday, Apr 15, 2026 - 04:25 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ, ਜੋ ਆਖਰੀ ਵਾਰ 'ਥਾਮਾ' ਵਿੱਚ ਨਜ਼ਰ ਆਏ ਸਨ, ਨੇ ਮਰਹੂਮ ਗਾਇਕਾ ਆਸ਼ਾ ਭੋਂਸਲੇ ਨੂੰ ਸੰਗੀਤਕ ਸ਼ਰਧਾਂਜਲੀ ਦਿੱਤੀ ਹੈ। ਬੁੱਧਵਾਰ ਨੂੰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਗਿਟਾਰ ਵਜਾਉਂਦੇ ਹੋਏ ਆਸ਼ਾ ਭੌਂਸਲੇ ਅਤੇ ਮੁਹੰਮਦ ਰਫ਼ੀ ਦਾ ਮਸ਼ਹੂਰ ਪੰਜਾਬੀ ਗੀਤ 'ਦੱਸ ਮੇਰਿਆ ਦਿਲਬਰਾ' ਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, "ਇਹ ਆਸ਼ਾ ਜੀ ਦੇ ਗਾਏ ਪੰਜਾਬੀ ਗੀਤਾਂ ਵਿੱਚੋਂ ਮੇਰਾ ਸਭ ਤੋਂ ਪਸੰਦੀਦਾ ਗੀਤ ਹੈ। ਮੈਂ ਉਨ੍ਹਾਂ ਦੀ ਆਵਾਜ਼ ਸੁਣ ਕੇ ਵੱਡਾ ਹੋਇਆ ਹਾਂ ਅਤੇ ਇਹ ਆਵਾਜ਼ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗੀ।"
ਜ਼ਿਕਰਯੋਗ ਹੈ ਕਿ ਦਿੱਗਜ ਗਾਇਕਾ ਆਸ਼ਾ ਭੋਸਲੇ ਦਾ ਐਤਵਾਰ ਨੂੰ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਸੋਮਵਾਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਕਰੀਬ 8 ਦਹਾਕੇ ਲੰਬੇ ਆਪਣੇ ਕਰੀਅਰ ਵਿੱਚ ਆਸ਼ਾ ਭੋਸਲੇ ਨੇ 20 ਭਾਸ਼ਾਵਾਂ ਵਿੱਚ 12,000 ਤੋਂ ਵੱਧ ਗਾਣੇ ਰਿਕਾਰਡ ਕੀਤੇ। ਉਨ੍ਹਾਂ ਨੂੰ ਸਾਲ 2000 ਵਿੱਚ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਅਤੇ 2008 ਵਿੱਚ 'ਪਦਮ ਵਿਭੂਸ਼ਣ' ਨਾਲ ਸਨਮਾਨਿਤ ਕੀਤਾ ਗਿਆ ਸੀ।
