"ਜੱਜ ਦੀ ਨਰਮੀ ਨੂੰ ਕਮਜ਼ੋਰੀ ਨਾ ਸਮਝੋ" – ਦਿੱਲੀ ਹਾਈਕੋਰਟ ਨੇ ਰਾਜਪਾਲ ਯਾਦਵ ਨੂੰ ਪਾਈ ਝਾੜ !
Friday, Apr 03, 2026 - 10:45 AM (IST)
ਨਵੀਂ ਦਿੱਲੀ (ਏਜੰਸੀ) : ਬਾਲੀਵੁੱਡ ਦੇ ਦਿੱਗਜ ਕਾਮੇਡੀ ਅਦਾਕਾਰ ਰਾਜਪਾਲ ਯਾਦਵ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। 6 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਅਦਾਕਾਰ ਨੂੰ ਬਕਾਇਆ ਰਾਸ਼ੀ ਅਦਾ ਕਰਨ ਲਈ ਹੋਰ ਸਮਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਬਹੁਤ ਸਮਾਂ ਦਿੱਤਾ ਜਾ ਚੁੱਕਾ ਹੈ ਅਤੇ ਹੋਰ ਰਿਐਇਤ ਨਹੀਂ ਦਿੱਤੀ ਜਾ ਸਕਦੀ।
ਇਹ ਵੀ ਪੜ੍ਹੋ: ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ ਦਹਿਲਿਆ ਕਾਂਗੋ
ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਅਦਾਕਾਰ ਵਾਰ-ਵਾਰ ਸਮਾਂ ਮੰਗ ਰਹੇ ਹਨ ਪਰ ਅਦਾਇਗੀ ਕਰਨ ਵਿੱਚ ਅਸਫ਼ਲ ਰਹੇ ਹਨ। ਅਦਾਲਤ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਕਈ ਮੌਕੇ ਦਿੱਤੇ ਜਾ ਚੁੱਕੇ ਹਨ ਤਾਂ ਜੋ ਮਾਮਲਾ ਸਮਝੌਤੇ ਰਾਹੀਂ ਸੁਲਝ ਸਕੇ ਪਰ ਰਾਜਪਾਲ ਯਾਦਵ ਵੱਲੋਂ ਕੀਤੇ ਗਏ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਅਦਾਲਤ ਨੇ ਸਪੱਸ਼ਟ ਕੀਤਾ ਕਿ ਨਿਆਂਇਕ ਪ੍ਰਕਿਰਿਆ ਨੂੰ ਇਸ ਤਰ੍ਹਾਂ ਲੰਬਾ ਨਹੀਂ ਖਿੱਚਿਆ ਜਾ ਸਕਦਾ। ਜਸਟਿਸ ਸਵਰਨ ਕਾਂਤਾ ਨੇ ਕਿਹਾ ਕਿ ਜੇਕਰ ਜੱਜ ਤੁਹਾਡੇ ਨਾਲ ਨਰਮੀ ਨਾਲ ਪੇਸ਼ ਆ ਰਿਹਾ ਹੈ, ਤਾਂ ਇਸ ਨੂੰ ਉਸਦੀ ਕਮਜ਼ੋਰੀ ਨਾ ਸਮਝੋ।
ਇਹ ਵੀ ਪੜ੍ਹੋ: ਹਨੀ ਸਿੰਘ ਤੇ ਬਾਦਸ਼ਾਹ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ, ਕਿਹਾ- ਡਿਲੀਟ ਕਰ ਦਿਓ ਇਹ ਗਾਣਾ
ਬੀਤੇ ਦਿਨੀਂ ਅਦਾਲਤ ਨੇ ਦੋਵਾਂ ਧਿਰਾਂ ਨੂੰ ਆਪਸੀ ਸਹਿਮਤੀ ਨਾਲ ਮਾਮਲਾ ਸੁਲਝਾਉਣ ਲਈ ਕਿਹਾ ਸੀ। ਸ਼ਿਕਾਇਤਕਰਤਾ ਪੱਖ 6 ਕਰੋੜ ਰੁਪਏ 'ਤੇ ਸੈਟਲਮੈਂਟ ਲਈ ਤਿਆਰ ਸੀ, ਪਰ ਅਦਾਕਾਰ ਵੱਲੋਂ ਰਕਮ ਜਮ੍ਹਾ ਨਾ ਕਰਵਾਏ ਜਾਣ ਕਾਰਨ ਇਹ ਕੋਸ਼ਿਸ਼ ਵੀ ਨਾਕਾਮ ਰਹੀ। ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਰਾਜਪਾਲ ਯਾਦਵ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਰਥਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ, ਉਹ ਪਹਿਲਾਂ ਹੀ ਆਪਣੇ 5 ਫਲੈਟ ਵੇਚ ਚੁੱਕੇ ਹਨ ਅਤੇ ਵੱਡੀ ਰਕਮ ਅਦਾ ਕਰ ਚੁੱਕੇ ਹਨ। ਉਨ੍ਹਾਂ ਕਿਹਾ, "ਮੈਂ ਭਾਵੁਕ ਨਹੀਂ ਹੋ ਰਿਹਾ... ਭਾਵੇਂ ਮੈਨੂੰ 5 ਵਾਰ ਹੋਰ ਜੇਲ੍ਹ ਭੇਜ ਦਿਓ ਪਰ ਅਦਾਲਤ ਹੁਣ ਇਨ੍ਹਾਂ ਦਲੀਲਾਂ ਤੋਂ ਸੰਤੁਸ਼ਟ ਨਜ਼ਰ ਨਹੀਂ ਆਈ।"
ਇਹ ਵੀ ਪੜ੍ਹੋ: ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ ਅਦਾਕਾਰਾ ਹੋਈ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਇਹ ਵਿਵਾਦ ਸਾਲ 2010 ਦਾ ਹੈ, ਜਦੋਂ ਰਾਜਪਾਲ ਯਾਦਵ ਨੇ ਆਪਣੀ ਫਿਲਮ 'ਅਤਾ ਪਤਾ ਲਾਪਤਾ' ਬਣਾਉਣ ਲਈ ਦਿੱਲੀ ਦੇ ਇੱਕ ਕਾਰੋਬਾਰੀ ਤੋਂ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਵਾਪਸ ਨਾ ਕਰਨ 'ਤੇ ਚੈੱਕ ਬਾਊਂਸ ਦਾ ਮਾਮਲਾ ਦਰਜ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਹੁਣ ਅਦਾਲਤ ਵੱਲੋਂ ਹੋਰ ਸਮਾਂ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਰਾਜਪਾਲ ਯਾਦਵ 'ਤੇ ਕਾਨੂੰਨੀ ਸ਼ਿਕੰਜਾ ਹੋਰ ਕੱਸਿਆ ਜਾ ਸਕਦਾ ਹੈ। ਹਾਈਕੋਰਟ ਨੇ ਹੁਣ ਤੱਕ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੋਈ ਸੀ ਤਾਂ ਜੋ ਉਹ ਪੈਸੇ ਵਾਪਸ ਕਰ ਸਕਣ, ਪਰ ਵਾਰ-ਵਾਰ ਵਾਅਦੇ ਪੂਰੇ ਨਾ ਹੋਣ ਕਾਰਨ ਅਦਾਲਤ ਨੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈਕੋਰਟ ਦੇ ਆਉਣ ਵਾਲੇ ਫੈਸਲੇ 'ਤੇ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਇੰਡੀਅਨ ਬਾਕਸ ਆਫਿਸ 'ਤੇ 'ਧੁਰੰਦਰ 2' ਦਾ ਕਬਜਾ, 2 ਹਫਤਿਆਂ 'ਚ ਕਮਾਈ 920 ਕਰੋੜ ਤੋਂ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
