''ਰਾਮਾਇਣ'' ਦੇ VFX ਵਿਵਾਦ ''ਤੇ ਰਿਤਿਕ ਰੋਸ਼ਨ ਨੇ ਤੋੜੀ ਚੁੱਪ; ਫਿਲਮ ਨਿਰਮਾਤਾਵਾਂ ਨੂੰ ਦੱਸਿਆ ਆਪਣਾ ''ਹੀਰੋ''
Sunday, Apr 05, 2026 - 11:50 AM (IST)
ਮੁੰਬਈ - ਬਾਲੀਵੁੱਡ ਦੇ ਸੁਪਰਸਟਾਰ ਰਿਤਿਕ ਰੋਸ਼ਨ ਨੇ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਰਾਮਾਇਣ' ਦੇ ਵਿਜ਼ੂਅਲ ਇਫੈਕਟਸ (VFX) ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਬਹਿਸ ਦੇ ਵਿਚਕਾਰ ਆਪਣਾ ਪੱਖ ਰੱਖਿਆ ਹੈ। ਜਿੱਥੇ ਇਕ ਪਾਸੇ ਕੁਝ ਦਰਸ਼ਕ ਇਸ ਦੇ ਸਕੇਲ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕਈ ਲੋਕ CGI ਦੀ ਜ਼ਿਆਦਾ ਵਰਤੋਂ ਕਾਰਨ ਇਸ ਨੂੰ ਭਾਵਨਾਤਮਕ ਤੌਰ 'ਤੇ ਕਮਜ਼ੋਰ ਦੱਸ ਰਹੇ ਹਨ।
ਨਿਰਮਾਤਾਵਾਂ ਦੇ ਹੌਸਲੇ ਦੀ ਕੀਤੀ ਸ਼ਲਾਘਾ
ਰਿਤਿਕ ਨੇ ਸੋਸ਼ਲ ਮੀਡੀਆ 'ਤੇ ਇਕ ਲੰਬੀ ਅਤੇ ਸੋਚੀ-ਸਮਝੀ ਪੋਸਟ ਸਾਂਝੀ ਕਰਦਿਆਂ 'ਰਾਮਾਇਣ', 'ਕਲਕੀ' ਅਤੇ 'ਬਾਹੂਬਲੀ' ਵਰਗੀਆਂ ਵੱਡੇ ਪੱਧਰ ਦੀਆਂ ਫਿਲਮਾਂ ਬਣਾਉਣ ਵਾਲੇ ਨਿਰਮਾਤਾਵਾਂ ਦਾ ਬਚਾਅ ਕੀਤਾ ਹੈ। ਉਨ੍ਹਾਂ ਲਿਖਿਆ, "ਅੱਜ ਸਾਡੇ ਵਿਚਕਾਰ ਕੁਝ ਖਾਸ ਇਨਸਾਨ ਹਨ ਜੋ ਉਹ ਕਰਨ ਦਾ ਹੌਸਲਾ ਅਤੇ ਵਿਜ਼ਨ ਰੱਖਦੇ ਹਨ ਜੋ ਪਹਿਲਾਂ ਕਦੇ ਨਹੀਂ ਹੋਇਆ। ਉਹ ਸਿਰਫ ਸਿਨੇਮਾ ਦੇ ਪਿਆਰ ਲਈ ਕਰੋੜਾਂ ਰੁਪਏ ਅਤੇ ਸਾਲਾਂ ਦੀ ਮਿਹਨਤ ਦਾ ਜੋਖਮ ਉਠਾਉਂਦੇ ਹਨ ਤਾਂ ਜੋ ਦਰਸ਼ਕਾਂ ਨੂੰ ਕੁਝ ਨਵਾਂ ਦੇਖਣ ਨੂੰ ਮਿਲੇ"। ਉਨ੍ਹਾਂ ਨੇ ਇਨ੍ਹਾਂ ਨਿਰਮਾਤਾਵਾਂ ਨੂੰ ਆਪਣੇ 'ਹੀਰੋ' ਦੱਸਿਆ।
VFX ਪ੍ਰਤੀ ਆਪਣਾ ਜਨੂੰਨ ਕੀਤਾ ਸਾਂਝਾ
ਰਿਤਿਕ ਨੇ ਆਪਣੇ ਬਚਪਨ ਦਾ ਕਿੱਸਾ ਸੁਣਾਉਂਦਿਆਂ ਦੱਸਿਆ ਕਿ 11 ਸਾਲ ਦੀ ਉਮਰ 'ਚ 'ਬੈਕ ਟੂ ਦਾ ਫਿਊਚਰ' (Back to the Future) ਦੇਖਣ ਤੋਂ ਬਾਅਦ ਉਹ VFX ਦੇ ਇੰਨੇ ਦੀਵਾਨੇ ਹੋ ਗਏ ਸਨ ਕਿ ਉਹ ਘਰ ਦੇ ਵੀਡੀਓ ਪਲੇਅਰ ਨੂੰ ਫਰੇਮ-ਦਰ-ਫਰੇਮ ਚੈੱਕ ਕਰਦੇ ਹੋਏ ਖਰਾਬ ਕਰ ਦਿੰਦੇ ਸਨ। ਉਨ੍ਹਾਂ ਨੇ ਆਪਣੀ ਜੇਬ ਖਰਚੀ ਤੋਂ ਸਪੈਸ਼ਲ ਇਫੈਕਟਸ ਦੀਆਂ ਕਿਤਾਬਾਂ ਮੰਗਵਾਉਣ ਦਾ ਵੀ ਜ਼ਿਕਰ ਕੀਤਾ।
ਕੀ ਹੁੰਦਾ ਹੈ 'ਬੁਰਾ VFX'?
ਅਦਾਕਾਰ ਨੇ ਸਮਝਾਇਆ ਕਿ VFX ਦੇ ਵੱਖ-ਵੱਖ ਸਟਾਈਲ ਹੁੰਦੇ ਹਨ, ਜਿਵੇਂ ਕਿ ਕੁਝ ਫਿਲਮਾਂ 'ਫੋਟੋਰੀਅਲਿਸਟਿਕ' ਹੁੰਦੀਆਂ ਹਨ (ਜਿਵੇਂ ਜੇਮਸ ਬੌਂਡ) ਅਤੇ ਕੁਝ 'ਸਟਾਈਲਾਈਜ਼ਡ' (ਜਿਵੇਂ ਫਿਲਮ '300' ਜਾਂ 'ਲਾਰਡ ਆਫ ਦਾ ਰਿੰਗਸ')। ਰਿਤਿਕ ਮੁਤਾਬਕ, "ਬੁਰਾ VFX ਉਹ ਹੁੰਦਾ ਹੈ ਜੋ ਫਿਲਮ ਦੇ ਵਾਅਦੇ ਨੂੰ ਪੂਰਾ ਨਾ ਕਰੇ। ਜੇਕਰ ਕੋਈ ਫਿਲਮ ਕਹਾਣੀ ਨੂੰ ਪੇਂਟਿੰਗ ਵਾਂਗ ਦਿਖਾਉਣਾ ਚਾਹੁੰਦੀ ਹੈ, ਤਾਂ ਉਸ ਨੂੰ 'ਰੀਅਲ' ਨਾ ਹੋਣ ਕਰਕੇ ਗਲਤ ਕਹਿਣਾ ਜਾਇਜ਼ ਨਹੀਂ ਹੈ"। ਉਨ੍ਹਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਫਿਲਮ ਦੀ ਆਲੋਚਨਾ ਕਰਨ ਤੋਂ ਪਹਿਲਾਂ ਇਹ ਜ਼ਰੂਰ ਦੇਖਣ ਕਿ ਕੀ ਉਹ ਸਟਾਈਲ ਕਹਾਣੀ ਲਈ ਸਹੀ ਹੈ।
ਹਨੂੰਮਾਨ ਜਯੰਤੀ 'ਤੇ ਰਿਲੀਜ਼ ਹੋਈ ਸੀ ਪਹਿਲੀ ਝਲਕ
ਦੱਸ ਦੇਈਏ ਕਿ 5 ਅਪ੍ਰੈਲ ਨੂੰ ਹਨੂੰਮਾਨ ਜਯੰਤੀ ਦੇ ਮੌਕੇ 'ਤੇ 'ਰਾਮਾਇਣ' ਫਿਲਮ 'ਚੋਂ ਰਣਬੀਰ ਕਪੂਰ ਦੀ ਭਗਵਾਨ ਰਾਮ ਵਜੋਂ ਪਹਿਲੀ ਝਲਕ ਸਾਹਮਣੇ ਆਈ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ, ਜਿੱਥੇ ਕਈਆਂ ਨੇ CGI ਦੀ ਬਹੁਤ ਜ਼ਿਆਦਾ ਵਰਤੋਂ 'ਤੇ ਸਵਾਲ ਚੁੱਕੇ ਸਨ।
