ਆਸ਼ਾ ਭੌਂਸਲੇ ਦੇ ਗੀਤ ਦਿਖਾਉਣ ''ਤੇ ਪਾਕਿਸਤਾਨ ''ਚ ਹੰਗਾਮਾ, ਚੈਨਲ ਨੂੰ ਨੋਟਿਸ ਜਾਰੀ

Monday, Apr 13, 2026 - 09:08 PM (IST)

ਆਸ਼ਾ ਭੌਂਸਲੇ ਦੇ ਗੀਤ ਦਿਖਾਉਣ ''ਤੇ ਪਾਕਿਸਤਾਨ ''ਚ ਹੰਗਾਮਾ, ਚੈਨਲ ਨੂੰ ਨੋਟਿਸ ਜਾਰੀ

ਵੈੱਬ ਡੈਸਕ - ਭਾਰਤ ਦੀ ਦਿੱਗਜ ਗਾਇਕਾ ਆਸ਼ਾ ਭੌਂਸਲੇ ਦੇ ਦੇਹਾਂਤ ਤੋਂ ਬਾਅਦ ਜਿੱਥੇ ਪੂਰਾ ਹਿੰਦੁਸਤਾਨ ਸੋਗ ਵਿੱਚ ਡੁੱਬਿਆ ਹੋਇਆ ਹੈ, ਉੱਥੇ ਹੀ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਉਨ੍ਹਾਂ ਦੀ ਮੌਤ ਦੀ ਕਵਰੇਜ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਾਕਿਸਤਾਨੀ ਨਿਊਜ਼ ਚੈਨਲ 'ਜੀਓ ਨਿਊਜ਼' (Geo News) ਵੱਲੋਂ ਆਸ਼ਾ ਜੀ ਨੂੰ ਦਿੱਤੀ ਗਈ ਸ਼ਰਧਾਂਜਲੀ ਉੱਥੋਂ ਦੀ ਮੀਡੀਆ ਰੈਗੂਲੇਟਰੀ ਬਾਡੀ ਨੂੰ ਰਾਸ ਨਹੀਂ ਆਈ ਹੈ।

ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (PEMRA) ਨੇ 'ਜੀਓ ਨਿਊਜ਼' ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਥਾਰਟੀ ਦਾ ਦੋਸ਼ ਹੈ ਕਿ ਚੈਨਲ ਨੇ ਆਸ਼ਾ ਭੌਂਸਲੇ ਦੇ ਦੇਹਾਂਤ ਦੀ ਖ਼ਬਰ ਦਿੰਦੇ ਸਮੇਂ ਭਾਰਤੀ ਗਾਣੇ ਅਤੇ ਭਾਰਤੀ ਫਿਲਮਾਂ ਦੇ ਵੀਡੀਓ ਚਲਾਏ ਹਨ। ਪਾਕਿਸਤਾਨ ਵਿੱਚ ਸਾਲ 2018 ਤੋਂ ਹੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਟੀਵੀ ਚੈਨਲਾਂ 'ਤੇ ਕਿਸੇ ਵੀ ਤਰ੍ਹਾਂ ਦਾ ਭਾਰਤੀ ਕੰਟੈਂਟ ਦਿਖਾਉਣ 'ਤੇ ਮੁਕੰਮਲ ਪਾਬੰਦੀ ਲੱਗੀ ਹੋਈ ਹੈ।

'ਜੀਓ ਨਿਊਜ਼' ਦੇ ਮੈਨੇਜਿੰਗ ਡਾਇਰੈਕਟਰ ਅਜ਼ਹਰ ਅੱਬਾਸ ਨੇ ਇਸ ਕਾਰਵਾਈ 'ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਹ ਹਮੇਸ਼ਾ ਤੋਂ ਰਿਵਾਜ ਰਿਹਾ ਹੈ ਕਿ ਜਦੋਂ ਕਿਸੇ ਮਹਾਨ ਕਲਾਕਾਰ ਦਾ ਦੇਹਾਂਤ ਹੁੰਦਾ ਹੈ, ਤਾਂ ਉਨ੍ਹਾਂ ਦੀਆਂ ਯਾਦਗਾਰੀ ਰਚਨਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਲਾ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ ਅਤੇ ਇਸ ਨੂੰ ਦੇਸ਼ ਦੀਆਂ ਸਰਹੱਦਾਂ ਵਿੱਚ ਕੈਦ ਨਹੀਂ ਕਰਨਾ ਚਾਹੀਦਾ।

ਅਜ਼ਹਰ ਅੱਬਾਸ ਨੇ ਯਾਦ ਕਰਵਾਇਆ ਕਿ ਆਸ਼ਾ ਭੌਂਸਲੇ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨੂਰ ਜਹਾਂ ਨੂੰ ਆਪਣੀ ਵੱਡੀ ਭੈਣ ਮੰਨਦੇ ਸਨ। ਉਨ੍ਹਾਂ ਨੇ ਨੁਸਰਤ ਫਤਿਹ ਅਲੀ ਖਾਨ ਵਰਗੇ ਦਿੱਗਜਾਂ ਨਾਲ ਕੰਮ ਕੀਤਾ ਅਤੇ ਕਈ ਪਾਕਿਸਤਾਨੀ ਸ਼ਾਇਰਾਂ ਦੀਆਂ ਕਵਿਤਾਵਾਂ ਨੂੰ ਆਪਣੀ ਆਵਾਜ਼ ਦਿੱਤੀ। ਜਦੋਂ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਆਈ, ਤਾਂ ਕਈ ਪਾਕਿਸਤਾਨੀ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਆਸ਼ਾ ਭੌਂਸਲੇ ਦਾ 12 ਅਪ੍ਰੈਲ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਛਾਤੀ ਵਿੱਚ ਇਨਫੈਕਸ਼ਨ ਅਤੇ ਥਕਾਵਟ ਕਾਰਨ ਭਰਤੀ ਕਰਵਾਇਆ ਗਿਆ ਸੀ। 13 ਅਪ੍ਰੈਲ ਦੀ ਸ਼ਾਮ ਨੂੰ ਮੁੰਬਈ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਬੇਟੇ ਆਨੰਦ ਨੇ ਉਨ੍ਹਾਂ ਨੂੰ ਮੁਖਾਗਨੀ ਦਿੱਤੀ। ਪੂਰੇ ਭਾਰਤ ਸਮੇਤ ਵਿਦੇਸ਼ਾਂ ਵਿੱਚ ਬੈਠੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਈ ਦਿੱਤੀ।
 


author

Inder Prajapati

Content Editor

Related News