ਆਯੁਸ਼ਮਾਨ ਖੁਰਾਨਾ, ਅਨੰਨਿਆ ਅਤੇ ਮਨਜੋਤ ਸਿੰਘ ਦੀ ‘ਪੰਜਾਬ ਕੇਸਰੀ’ ਗੁਰੱਪ ਨਾਲ ਖ਼ਾਸ ਗੱਲਬਾਤ

Thursday, Aug 24, 2023 - 11:21 AM (IST)

ਆਯੁਸ਼ਮਾਨ ਖੁਰਾਨਾ, ਅਨੰਨਿਆ ਅਤੇ ਮਨਜੋਤ ਸਿੰਘ ਦੀ ‘ਪੰਜਾਬ ਕੇਸਰੀ’ ਗੁਰੱਪ ਨਾਲ ਖ਼ਾਸ ਗੱਲਬਾਤ

ਹੈਲੋ ਮੈਂ ਪੂਜਾ ਬੋਲ ਰਹੀ ਹਾਂ...। ਇਸ ਆਵਾਜ਼ ਤੋਂ ਤੁਸੀ ਸਾਰੇ ਵਾਕਿਫ਼ ਹੋਵੋਗੇ। ਪੂਜਾ 25 ਅਗਸਤ ਨੂੰ ਫਿਰ ਤੋਂ ਦਿਲਾਂ ਦੀ ਧੜਕਣ ਵਧਾਉਣ ਆ ਰਹੀ ਹੈ। ਆਯੁਸ਼ਮਾਨ ਖੁਰਾਨਾ ਇਕ ਵਾਰ ਫਿਰ ਪੂਜਾ ਬਣ ਕੇ ਡਰੀਮ ਗਰਲ 2 ਵਿਚ ਇੰਟਰਟੇਨ ਕਰਨ ਵਾਪਸ ਆ ਰਹੇ ਹਨ। ਇਸ ਫ਼ਿਲਮ ਵਿਚ ਉਨ੍ਹਾਂ ਦੇ ਨਾਲ ਅਨੰਨਿਆ ਪਾਂਡੇ ਨਜ਼ਰ ਆਉਣ ਵਾਲੇ ਹਨ। ਪਰੇਸ਼ ਰਾਵਲ, ਰਾਜਪਾਲ ਯਾਦਵ, ਅਨੁ ਕਪੂਰ ਜਿਹੇ ਮਹਾਰਥੀ ਐਕਟਰ ਵੀ ਦਿਖਾਈ ਦੇਣਗੇ। ਫੈਨਜ਼ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ਵਿਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦੇਖਣ ਤੋਂ ਬਾਅਦ ਲੱਗ ਰਿਹਾ ਹੈ ਕਿ ਇਸ ਵਾਰ ਡਬਲ ਧਮਾਲ ਦੇਖਣ ਨੂੰ ਮਿਲਣ ਵਾਲਾ ਹੈ। ਇਸ ਵਾਰ ‘ਡਰੀਮ ਗਰਲ 2’ ਵਿਚ ਨਾ ਸਿਰਫ਼ ਪੂਜਾ ਦੀ ਅਾਵਾਜ਼ ਸਗੋਂ ਉਹ ਸਾਕਸ਼ਾਤ ਨਜ਼ਰ ਆਉਣ ਵਾਲੀ ਹਨ। ਫ਼ਿਲਮ ਦੇ ਲੀਡ ਐਕਟਰ ਆਯੁਸ਼ਮਾਨ ਖੁਰਾਨਾ ਦੀ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ।

ਕੀ ਫ਼ਿਲਮ ‘ਡਰੀਮ ਗਰਲ-2’ ਦਰਸ਼ਕਾਂ ਦੀਆਂ ਆਸਾਂ ’ਤੇ ਖਰੀ ਉਤਰ ਸਕੇਗੀ?

ਬਿਲਕੁਲ, ਕਿਉਂਕਿ ਜਦੋਂ ‘ਡਰੀਮ ਗਰਲ-2’ ਦਾ ਆਈਡੀਆ ਆਇਆ ਸੀ, ਉਸ ਸਮੇਂ ਏਕਤਾ ਕਪੂਰ ਅਤੇ ਰਾਜ ਸ਼ਾਂਡੀਲਿਆ ਨੇ ਕਿਹਾ ਸੀ ਕਿ ਜਦੋਂ ਤੱਕ ‘ਡਰੀਮ ਗਰਲ 1’ ਤੋਂ ਬਿਹਤਰ ਅਤੇ ਉਸ ਦੇ ਟੱਕਰ ਦੀ ਸਕ੍ਰਿਪਟ ਨਾ ਆਵੇ, ਉਦੋਂ ਤੱਕ ਅਸੀਂ ਇਸ ਨੂੰ ਸ਼ੂਟ ਨਹੀਂ ਕਰਾਂਗੇ। ਜਦੋਂ ਸਾਨੂੰ ਪਤਾ ਲੱਗਿਆ ਕਿ ‘ਡਰੀਮ ਗਰਲ 2’ ਪਹਿਲੇ ਪਾਰਟ ਨਾਲ ਟੱਕਰ ਦੇ ਉਪਰ ਦੀ ਹੈ, ਤਾਂ ਜਾ ਕੇ ਅਸੀਂ ਇਸ ਨੂੰ ਸ਼ੂਟ ਕੀਤਾ। ਇਹ ਸੱਚ ਵਿਚ 2.0 ਹੈ ਅਤੇ ਇਸ ਵਿਚ ਤੁਹਾਨੂੰ ਯਕੀਨਨ ਡਬਲ ਫ਼ਨ ਦੇਖਣ ਨੂੰ ਮਿਲੇਗਾ।

ਤੁਸੀਂ ਪੂਜਾ ਦੇ ਕਿਰਦਾਰ ਲਈ ਆਪਣੇ ਆਪ ਨੂੰ ਕਿਵੇਂ ਮਨਾਇਆ ਅਤੇ ਇਹ ਕਿੰਨਾ ਮੁਸ਼ਕਿਲ ਸੀ?

ਫ਼ਿਲਮ ਦਾ ਸਭ ਤੋਂ ਵੱਡਾ ਚੈਲੇਂਜ ਹੀ ਇਹੀ ਸੀ ਕਿ ਬਤੌਰ ਲੜਕੀ ਕਿੰਝ ਅਪਨਾਵਾਂਗੇ, ਕਿਉਂਕਿ ਤੁਹਾਨੂੰ ਹੌਟ ਗਰਲ ਲੱਗਣਾ ਚਾਹੀਦਾ ਹੈ ਅਤੇ ਇੰਨੇ ਸਾਰੇ ਲੋਕ ਵੀ ਦੀਵਾਨੇ ਹਨ। ਮੈਂ ਬਹੁਤ ਖੁਸ਼ ਹਾਂ ਕਿ ਇਹ ਹੋਇਆ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਪੂਜਾ ਬਹੁਤ ਪਸੰਦ ਆਵੇਗੀ।

ਫ਼ਿਲਮ ਵਿਚ ਕਈ ਮਹਾਰਥੀ ਕਲਾਕਾਰ ਹਨ। ਅਜਿਹੇ ਵਿਚ ਉਨ੍ਹਾਂ ਦੇ ਨਾਲ ਸੈੱਟ ’ਤੇ ਮਾਹੌਲ ਕਿਵੇਂ ਰਹਿੰਦਾ ਸੀ?

ਸੈੱਟ ’ਤੇ ਤਾਂ ਸਾਡੀ ਪਿਕਨਿਕ ਹੁੰਦੀ ਸੀ। ਮਤਲਬ ਅਜਿਹਾ ਲੱਗਦਾ ਹੀ ਨਹੀਂ ਸੀ ਕਿ ਫ਼ਿਲਮ ਚੱਲ ਰਹੀ ਹੈ। ਫ਼ਿਲਮ ਵਿਚ ਜੋ ਹਿਊਮਰ ਸੀ ਅਤੇ ਜੋ ਸੈੱਟ ’ਤੇ ਹਿਊਮਰ ਹੁੰਦਾ ਸੀ, ਉਹ ਬਹੁਤ ਕਮਾਲ ਸੀ। ਇਸ ਚੱਕਰ ਵਿਚ ਤਾਂ ਕਦੇ-ਕਦੇ ਸ਼ੂਟ ਹੀ ਲੇਟ ਹੋ ਜਾਂਦਾ ਸੀ। ਮਤਲਬ ਜਿੰਨੇ ਦਿਨ ਦੀ ਸ਼ੂਟਿੰਗ ਹੋਣੀ ਸੀ, ਉਸਤੋਂ 5 ਜਾਂ 6 ਦਿਨ ਵੱਧ ਹੀ ਲੱਗੇ ਸ਼ੂਟਿੰਗ ਵਿਚ। ਅਸੀਂ ਤਾਂ ਬਹੁਤ ਸਾਰੇ ਡਾਇਲਾਗ ਵੀ ਇੰਪ੍ਰੋਮਾਈਜ਼ ਕੀਤੇ। ਜਿੱਥੇ 10 ਪੰਚ ਦੀ ਜਗ੍ਹਾ ਹੁੰਦੀ ਸੀ, ਉਥੇ ਸਾਡੇ ਕੋਲ 20 ਹੁੰਦੇ ਸਨ। ਫਿਰ ਐਡੀਟਰ ਸਿਲੈਕਟ ਕਰਦਾ ਕਿ ਕਿਹੜਾ ਰੱਖੀਏ ਅਤੇ ਕਿਹੜਾ ਨਹੀਂ।

ਕੀ ਆਯੁਸ਼ਮਾਨ ਖੁਰਾਨਾ ਰੀਅਲ ਲਾਈਫ਼ ਵਿਚ ਪੂਜਾ ਨਾਲ ਦੋਸਤੀ ਕਰਨਾ ਚਾਹੁਣਗੇ?

ਹੱਸਦੇ ਹੋਏ...। ਪਹਿਲੀ ਵਾਰ ਮੈਨੂੰ ਆਪਣੇ ਆਪ ਨਾਲ ਪਿਆਰ ਹੋਇਆ ਹੈ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੈਂ ਇੰਨਾ ਖੂਬਸੂਰਤ ਲੱਗ ਸਕਦਾ ਹਾਂ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੀ ਮੈਂ ਪੂਜਾ ਨੂੰ ਰੀਅਲ ਲਾਈਫ਼ ਵਿਚ ਪ੍ਰਪੋਜ਼ ਕਰ ਸਕਦਾ ਹਾਂ ਤਾਂ ਦੱਸ ਦੇਵਾਂ ਕਿ ਮੈਂ ਕਦੇ ਕਿਸੇ ਨੂੰ ਪ੍ਰਪੋਜ਼ ਹੀ ਨਹੀਂ ਕੀਤਾ ਹੈ। ਮੈਨੂੰ ਕਿਸੇ ’ਤੇ ਕਰੱਸ਼ ਹੁੰਦਾ ਸੀ, ਪਰ ਮੈਂ ਨਹੀਂ ਬੋਲਦਾ ਸੀ। ਮੈਂ ਬਹੁਤ ਹੀ ਸ਼ਰਮੀਲਾ ਕਿਸਮ ਦਾ ਲੜਕਾ ਹਾਂ।

ਤੁਸੀਂ ਅਜਿਹਾ ਕਿਹੜਾ ਕਿਰਦਾਰ ਨਹੀਂ ਕੀਤਾ ਹੈ, ਜੋ ਹੁਣ ਤੱਕ ਤੁਹਾਡੀ ਲਿਸਟ ਵਿਚ ਹੈ?

ਕਾਫ਼ੀ ਹਨ ਅਤੇ ਕਾਫ਼ੀ ਕੁੱਝ ਰਹਿ ਗਏ ਹਨ। ਅਜੇ ਕਮਰਸ਼ੀਅਲ ਰੋਮਾਂਟਿਕ ਫ਼ਿਲਮ ਕਰਨੀ ਰਹਿ ਗਈ ਹੈ। ਮੈਨੂੰ ਲੱਗਦਾ ਹੈ ਕਿ ਉਸ ਦਾ ਇਕ ਵੱਡਾ ਸਕੋਪ ਹੈ, ਕਿਉਂਕਿ ਮੈਂ ਇਕ ਰੋਮਾਂਟਿਕ ਇਨਸਾਨ ਹਾਂ। ਮੈਂ ਇਕ ਚਾਰਟਬਸਟਰ ਫ਼ਿਲਮ ਕਰਨਾ ਚਾਹੁੰਦਾ ਹਾਂ। ਇਕ ਨੈਗੇਟਿਵ ਰੋਲ ਕਰਨਾ ਚਾਹੁੰਦਾ ਹਾਂ, ਜੋ ਮੈਂ ਹੁਣ ਤੱਕ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਰੋਲ ਹਨ, ਜਿਵੇਂ ਮਾਈਥੋਲੋਜੀਕਲ, ਹਿਸਟੋਰੀਕਲ। ਮੈਂ ਇਹ ਸਭ ਟ੍ਰਾਈ ਕਰਨਾ ਚਾਹੁੰਦਾ ਹਾਂ।

ਸਭ ਤੋਂ ਚੈਲੇਂਜਿੰਗ ਪਾਰਟ ਕਿਹੜਾ ਸੀ ਅਤੇ ਪੂਜਾ ਬਣਨ ਵਿਚ ਤੁਹਾਨੂੰ ਕਿੰਨਾ ਸਮਾਂ ਲੱਗਦਾ ਸੀ?

ਸਭ ਤੋਂ ਚੈਲੇਂਜਿੰਗ ਪਾਰਟ ‘ਡਰੀਮ ਗਰਲ 1’ ਵਿਚ ਪੂਜਾ ਦੀ ਅਵਾਜ਼ ਸੀ, ਪਰ ਮੈਂ ਇਸ ਦਾ ਆਦੀ ਸੀ, ਕਿਉਂਕਿ ਰੇਡੀਓ ਕਰ ਚੁੱਕਿਆ ਹਾਂ। ‘ਡਰੀਮ ਗਰਲ 2’ ਵਿਚ ਤਾਂ ਪੂਜਾ ਦਾ ਪੂਰਾ ਲੁਕ ਹੀ ਕਾਫ਼ੀ ਚੈਲੇਂਜਿੰਗ ਸੀ। ਕਿਸੇ ਇਕ ਦੀ ਗੱਲ ਕਰਾਂ ਤਾਂ 45 ਡਿਗਰੀ ਵਿਚ ਹੈਵੀ ਮੈਕਅਪ ਅਤੇ ਵਿਗ ਦੇ ਨਾਲ ਸ਼ੂਟ ਕਰਨਾ ਕਾਫ਼ੀ ਮੁਸ਼ਕਿਲ ਸੀ, ਕਿਉਂਕਿ 4 ਘੰਟੇ ਬਾਅਦ ਦਾੜੀ ਆ ਜਾਂਦੀ ਸੀ ਫਿਰ ਉਸ ਨੂੰ ਕੱਟ ਕੇ ਫਿਰ ਤੋਂ ਮੈਕਅਪ ਕਰਨਾ। ਪੂਜਾ ਬਣਨ ਵਿਚ ਪੂਰੇ ਤਿੰਨ ਘੰਟੇ ਲੱਗ ਜਾਂਦੇ ਸਨ ਅਤੇ ਗੇਟਅਪ ਤੋਂ ਬਾਹਰ ਨਿਕਲਣ ਵਿਚ ਕਰੀਬ 40 ਮਿੰਟ ਲੱਗਦੇ ਸਨ। ਫ਼ਿਲਮ ਵਿਚ ਅਜਿਹਾ ਕਈ ਵਾਰ ਹੋਇਆ ਹੈ ਕਿ ਪੂਜਾ ਦੀ ਜਗ੍ਹਾ ਗਲਤੀ ਨਾਲ ਮੇਰੀ ਆਵਾਜ਼ ਨਿਕਲ ਗਈ, ਪਰ ਅਸੀਂ ਬਾਅਦ ਵਿਚ ਉਸ ਨੂੰ ਠੀਕ ਕਰ ਲਿਆ।

ਡਰੀਮ ਬੁਆਏ ਵਿਚ ਪਾਪਾ ਦੀ ਤਰ੍ਹਾਂ ਕੁਆਲਿਟੀਜ਼ ਚਾਹੀਦੀਆਂ ਹਨ : ਅਨੰਨਿਆ

ਖੂਬਸੂਰਤੀ ਦੇ ਮਾਮਲੇ ਵਿਚ ਪੂਜਾ ਤੁਹਾਨੂੰ ਸਖ਼ਤ ਟੱਕਰ ਦਿੰਦੀ ਹੈ। ਅਜਿਹੇ ਵਿਚ ਸੈੱਟ ’ਤੇ ਕੀ ਤੁਹਾਨੂੰ ਇਨਸਿਕਿਓਰ ਫ਼ੀਲ ਹੁੰਦਾ ਸੀ?

ਜੀ ਹਾਂ... ਜ਼ਰੂਰ ਹੁੰਦਾ ਸੀ। ਜਦੋਂ ਵੀ ਕੋਈ ਇੰਟਰੋ ਦਿੰਦਾ ਸੀ, ਤਾਂ ਜਦੋਂ ਉਹ ਖੂਬਸੂਰਤ, ਹਸੀਨ ਅਤੇ ਬਿਊਟੀਫੁਲ ਪੂਜਾ ਕਹਿੰਦਾ ਸੀ ਤਾਂ ਮੈਂ ਬੋਲਦੀ ਸੀ, ਕਿ ਮੈਂ ਵੀ ਹਾਂ ਇੱਥੇ, ਪਰ ਫਿਰ ਹੌਲੀ-ਹੌਲੀ ਪੂਜਾ ਅਤੇ ਪਰੀ ਚੰਗੇ ਦੋਸਤ ਬਣ ਗਏ।

ਪੂਜਾ ਦੇ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਰਿਹਾ?

ਪੂਜਾ ਦੇ ਨਾਲ ਕੰਮ ਕਰਨ ਵਿਚ ਬਹੁਤ ਮਜ਼ਾ ਆਇਆ। ਮੈਂ ਹਮੇਸ਼ਾ ਸੋਚਦੀ ਸੀ ਕਿ ਪੂਜਾ ਨੂੰ ਕਿਸ ਕੰਮ ਵਿਚ ਪ੍ਰੇਸ਼ਾਨੀ ਹੋ ਰਹੀ ਹੈ, ਪਰ ਮੈਂ ਹੈਰਾਨ ਸੀ ਕਿ ਸੈੱਟ ’ਤੇ ਜਦੋਂ ਕੱਟ ਬੋਲਦੇ ਸੀ ਤਾਂ ਆਯੁਸ਼ਮਾਨ ਆਪਣੇ ਸਟਾਇਲ ਵਿਚ ਚਲਦੇ ਸਨ ਅਤੇ ਐਕਸ਼ਨ ਕਹਿੰਦੇ ਹੀ ਉਨ੍ਹਾਂ ਵਿਚ ਉਹ ਨਜ਼ਾਕਤ ਅਤੇ ਅਦਾਵਾਂ ਆ ਜਾਂਦੀਆਂ ਸਨ। ਇਹ ਵੇਖ ਕੇ ਮੈਂ ਹੈਰਾਨ ਰਹਿ ਜਾਂਦੀ ਸੀ।

ਤੁਹਾਨੂੰ ਆਪਣੇ ਡਰੀਮ ਬੁਆਏ ਵਿਚ ਕਿਵੇਂ ਦੀਆਂ ਕੁਆਲਿਟੀਜ਼ ਚਾਹੀਦੀਆਂ ਹਨ?

ਮੈਨੂੰ ਆਪਣੇ ਡਰੀਮ ਬੁਆਏ ਵਿਚ ਆਪਣੇ ਪਾਪਾ ਦੀ ਤਰ੍ਹਾਂ ਕੁਅਾਲਿਟੀਜ਼ ਚਾਹੀਦੀਆਂ ਹਨ। ਉਹ ਮੇਰੇ ਬੈਸਟ ਫ੍ਰੈਂਡ ਦੀ ਤਰ੍ਹਾਂ ਹੋਵੇ, ਸੂਭਾਅ ਤੋਂ ਦਿਆਲੁ, ਚਿਲਡ ਆਊਟ ਅਤੇ ਨਾਲ ਹੀ ਹੈਂਡਸਮ ਵੀ ਹੋਵੇ।

ਫ਼ਿਲਮ ਵੇਖਕੇ ਹਸ-ਹਸ ਕੇ ਪਾਗਲ ਹੋ ਜਾਵੋਗੇ : ਮਨਜੋਤ

ਫ਼ਿਲਮ ਵਿਚ ਕਿਸ ਤਰ੍ਹਾਂ ਆਪਣੇ ਦੋਸਤ ਦੀ ਮਦਦ ਕੀਤੀ ਹੈ?

-ਇਸ ਵਿਚ ਮੇਰਾ ਜੋ ਕਿਰਦਾਰ ਹੈ ਸਮਾਇਲੀ, ਉਹ ਬਹੁਤ ਹੀ ਪਿਆਰਾ ਹੈ। ਦਰਸ਼ਕ ਇਸ ਨੂੰ ਵੇਖਦੇ ਹੋਏ ਬਹੁਤ ਇੰਜੁਆਏ ਕਰਨਗੇ। ਅਸੀ ਬੈਸਟ ਫ੍ਰੈਂਡਸ ਹਾਂ, ‘ਡਰੀਮ ਗਰਲ’ ਵਿਚ ਸੀ। ਹੁਣ ‘ਡਰੀਮ ਗਰਲ 2’ ਵਿਚ ਵੀ ਹਾਂ, ਤਾਂ ਕਹਾਣੀ ਅੱਗੇ ਵਧ ਰਹੀ ਹੈ ਅਤੇ ਨਵੇਂ ਕਿਰਦਾਰ ਆ ਗਏ ਹਨ। ਮੈਂ ਰਾਜ ਸਰ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਇੰਨੇ ਸ਼ਾਨਦਾਰ ਤਰੀਕੇ ਨਾਲ ਕੀਤਾ ਹੈ। ਫ਼ਿਲਮ ਦੇਖਣ ਵਿਚ ਲੋਕਾਂ ਨੂੰ ਬਹੁਤ ਮਜ਼ਾ ਆਉਣ ਵਾਲਾ ਹੈ। ਟ੍ਰੇਲਰ ਤੋਂ ਬਾਅਦ ਜਦੋਂ ਤੁਸੀਂ ਫ਼ਿਲਮ ਵੇਖੋਗੇ ਤਾਂ ਹਸ-ਹਸ ਕੇ ਪਾਗਲ ਹੋ ਜਾਵੋਗੇ।


author

sunita

Content Editor

Related News