ਸਤਿਆਭਾਮਾ ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਐਟਲੀ ਨੂੰ ਡਾਕਟਰੇਟ ਦੀ ਉਪਾਧੀ ਨਾਲ ਕੀਤਾ ਗਿਆ ਸਨਮਾਨਿਤ

Sunday, Jun 15, 2025 - 04:34 PM (IST)

ਸਤਿਆਭਾਮਾ ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਐਟਲੀ ਨੂੰ ਡਾਕਟਰੇਟ ਦੀ ਉਪਾਧੀ ਨਾਲ ਕੀਤਾ ਗਿਆ ਸਨਮਾਨਿਤ

ਚੇਨਈ (ਏਜੰਸੀ)- ਭਾਰਤ ਦੇ ਪ੍ਰਸਿੱਧ ਫਿਲਮ ਨਿਰਦੇਸ਼ਕ ਐਟਲੀ ਨੂੰ ਸਤਿਆਭਾਮਾ ਇੰਸਟੀਚਿੂਟ ਆਫ਼ ਸਾਇੰਸ ਐਂਡ ਟੈਕਨੋਲੋਜੀ, ਚੇਨਈ ਵੱਲੋਂ ਮਾਨਦ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਵੱਕਾਰੀ ਸਨਮਾਨ ਸ਼ਨੀਵਾਰ ਨੂੰ ਹੋਏ 34ਵੇਂ ਕਨਵੋਕੇਸ਼ਨ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਐਟਲੀ ਨੇ ਆਪਣੀ ਪੜ੍ਹਾਈ ਵੀ ਸਤਿਆਭਾਮਾ ਯੂਨੀਵਰਸਿਟੀ ਤੋਂ ਹੀ ਕੀਤੀ ਸੀ ਅਤੇ ਇਥੋਂ ਹੀ ਨਿਰਦੇਸ਼ਕ ਬਣਨ ਦੇ ਸੁਪਨੇ ਦੀ ਸ਼ੁਰੂਆਤ ਕੀਤੀ ਸੀ। ਯੂਨੀਵਰਸਿਟੀ ਦੀ ਚਾਂਸਲਰ ਡਾ. ਮਾਰੀਆਜ਼ੀਨਾ ਜੌਹਨਸਨ ਨੇ ਐਟਲੀ ਨੂੰ ਡਾਕਟਰੇਟ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਸੌਂਪਿਆ। ਇਸ ਮੌਕੇ 'ਤੇ ਐਟਲੀ ਦੀ ਪਤਨੀ ਪ੍ਰਿਆ, ਮਾਂ ਅਤੇ ਪਿਤਾ ਵੀ ਮੌਜੂਦ ਸਨ, ਜਿਸ ਨਾਲ ਇਹ ਪਲ ਹੋਰ ਵੀ ਵਿਸ਼ੇਸ਼ ਬਣ ਗਿਆ। ਉਨ੍ਹਾਂ ਨੂੰ ਇਹ ਸਨਮਾਨ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਬੇਮਿਸਾਲ  ਯੋਗਦਾਨ ਲਈ ਦਿੱਤਾ ਗਿਆ।

PunjabKesari

ਐਟਲੀ ਦੀ ਸਿਨੇਮਾਈ ਯਾਤਰਾ

ਐਟਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਰਾਜਾ ਰਾਨੀ' ਫਿਲਮ ਨਾਲ ਕੀਤੀ ਸੀ। ਉਨ੍ਹਾਂ ਨੇ 'ਥੇਰੀ', 'ਮਰਸਲ', 'ਬਿਗਿਲ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। 2023 ਵਿੱਚ ਸ਼ਾਹਰੁਖ਼ ਖਾਨ ਅਭਿਨੀਤ ‘ਜਵਾਨ’ ਦੀ ਭਾਰੀ ਸਫਲਤਾ ਨੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਲਾਘਾ ਦਿਵਾਈ।

PunjabKesari

ਸਮਾਰੋਹ ਦੌਰਾਨ ਐਟਲੀ ਦੇ ਭਾਵੁਕ ਪਲ

ਐਟਲੀ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਜਿਸ ਯੂਨੀਵਰਸਿਟੀ ਵਿੱਚ ਮੈਂ ਵਿਦਿਆਰਥੀ ਵਜੋਂ ਕਦਮ ਰੱਖਿਆ ਸੀ, ਅੱਜ ਓਥੇ ਹੀ ਮੈਨੂੰ ਇਹ ਸਨਮਾਨ ਮਿਲਣਾ, ਸੁਪਨੇ ਦੇ ਸੱਚ ਹੋਣ ਵਰਗਾ ਹੈ।" ਉਨ੍ਹਾਂ ਨੇ ਯੂਨੀਵਰਸਿਟੀ ਦੇ ਸੰਸਥਾਪਕ ਕੁਲਾਧਿਪਤੀ ਸਵ. ਜੇਪਿਆਰ ਨੂੰ ਵੀ ਭਾਵੁਕ ਸ਼ਰਧਾਂਜਲੀ ਦਿੱਤੀ ਤੇ ਕਿਹਾ, “ਉਹ ਸਿਰਫ ਮੇਰੀ ਪੜ੍ਹਾਈ ਵਿੱਚ ਨਹੀਂ, ਸਗੋਂ ਮੇਰੀ ਕਲਾ ਦੀ ਵੀ ਕਦਰ ਕਰਦੇ ਸਨ। ਇੱਕ ਵਾਰ ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇੱਕ ਸ਼ਾਰਟ ਫਿਲਮ ਬਣਾਉਣਾ ਚਾਹੁੰਦਾ ਹਾਂ, ਤਾਂ ਉਨ੍ਹਾਂ ਨੇ ਕੇਵਲ ਇੰਨਾ ਕਿਹਾ - ‘ਕੈਮਰਾ ਚੁੱਕੋ ਅਤੇ ਨਿਰਦੇਸ਼ਕ ਬਣੋ। ਓਹੀ ਪਲ ਮੇਰੀ ਜ਼ਿੰਦਗੀ ਬਦਲ ਗਿਆ।”

PunjabKesari

ਪਰਿਵਾਰ ਦੀ ਭੂਮਿਕਾ

ਐਟਲੀ ਨੇ ਆਪਣੇ ਪਰਿਵਾਰ ਦਾ ਵੀ ਦਿਲੋਂ ਧੰਨਵਾਦ ਕਰਦਿਆਂ ਕਿਹਾ, "ਮੇਰੇ ਮਾਪਿਆਂ ਨੇ ਮੇਰਾ ਸਾਥ ਦਿੱਤਾ ਜਦੋਂ ਤੱਕ ਮੈਂ ਇੱਕ ਫਿਲਮ ਨਿਰਮਾਤਾ ਨਹੀਂ ਬਣਿਆ ਪਰ ਜਿਸ ਨੇ ਮੈਨੂੰ ਸੱਚਮੁੱਚ ਸੰਵਾਰਿਆ, ਉਹ ਮੇਰੀ ਪਤਨੀ ਪ੍ਰਿਆ ਐਟਲੀ ਹੈ ਅਤੇ ਜਿਸ ਨੇ ਮੈਨੂੰ ਇੱਕ ਚੰਗਾ ਇਨਸਾਨ ਬਣਾਇਆ, ਉਹ ਮੇਰਾ ਬੇਟਾ ਹੈ।"

ਅਗਲੀ ਫਿਲਮ ਦੀ ਤਿਆਰੀ

‘ਜਵਾਨ’ ਦੀ ਭਾਰੀ ਸਫਲਤਾ ਤੋਂ ਬਾਅਦ ਹੁਣ ਐਟਲੀ ਆਪਣੀ ਅਗਲੀ ਪੈਨ-ਇੰਡੀਆ ਐਕਸ਼ਨ ਡ੍ਰਾਮਾ ਫਿਲਮ ’ਤੇ ਕੰਮ ਕਰ ਰਹੇ ਹਨ, ਜਿਸ ਵਿੱਚ ਅੱਲੂ ਅਰਜੁਨ ਅਤੇ ਦੀਪਿਕਾ ਪਾਦੂਕੋਣ ਮੁੱਖ ਭੂਮਿਕਾ ਵਿੱਚ ਹੋਣਗੇ। ਫਿਲਮ ਕਲਾਨਿਧੀ ਮਾਰਨ ਦੀ 'ਸਨ ਪਿਕਚਰਜ਼' ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ ਅਤੇ ਇਸ ਦਾ ਵਰਕਿੰਗ ਟਾਈਟਲ AA22xA6 ਹੈ।


author

cherry

Content Editor

Related News