ਮਸ਼ਹੂਰ ਗਾਇਕ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਮੰਗੀ 15 ਲੱਖ ਰੁਪਏ ਦੀ ਫਿਰੌਤੀ
Monday, Oct 27, 2025 - 09:55 AM (IST)
ਜ਼ੀਰਕਪੁਰ (ਧੀਮਾਨ) : ਭਜਨ ਗਾਇਕ ਹੰਸ ਰਾਜ ਰਘੁਵੰਸ਼ੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ 15 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਪੁਲਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਧਮਕੀ ਦੇਣ ਵਾਲਾ ਕੋਈ ਬਾਹਰੀ ਗੈਂਗਸਟਰ ਨਹੀਂ, ਸਗੋਂ ਉਹੀ ਵਿਅਕਤੀ ਹੈ ਜੋ ਆਪਣੇ ਆਪ ਨੂੰ ਗਾਇਕ ਦਾ ਕੱਟੜ ਪ੍ਰਸ਼ੰਸਕ ਦੱਸਦਾ ਸੀ। ਗਾਇਕ ਦੇ ਨਿੱਜੀ ਸੁਰੱਖਿਆ ਕਰਮੀ ਵਿਜੈ ਕਟਾਰੀਆ ਦੀ ਸ਼ਿਕਾਇਤ ’ਤੇ ਪੁਲਸ ਨੇ ਦੋਸ਼ੀ ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਡੀ.ਐਸ.ਪੀ. (ਸਪੈਸ਼ਲ ਕਰਾਈਮ) ਨੂੰ ਸੌਂਪੀ ਗਈ ਹੈ।

ਸ਼ਿਕਾਇਤ ਅਨੁਸਾਰ ਮੱਧ ਪ੍ਰਦੇਸ਼ ਦੇ ਉੱਜੈਨ ਵਾਸੀ ਰਾਹੁਲ ਕੁਮਾਰ ਨਾਗਡੇ ਨੇ 2021-22 ’ਚ ਸ੍ਰੀ ਮਹਾਕਾਲ ਮੰਦਰ ’ਚ ਹੰਸ ਰਾਜ ਰਘੁਵੰਸ਼ੀ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਉਸ ਦਾ ਕੱਟੜ ਫੈਨ ਦੱਸ ਕੇ ਗਾਇਕ ਨਾਲ ਨਜ਼ਦੀਕੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਜ਼ਬਰਦਸਤੀ ਹੰਸ ਰਾਜ ਰਘੁਵੰਸ਼ੀ ਨੂੰ ਇੰਸਟਾਗ੍ਰਾਮ ’ਤੇ ਫਾਲੋ ਕਰਨ ਲਈ ਮਜਬੂਰ ਕੀਤਾ ਤੇ ਰਾਹੁਲ ਰਘੁਵੰਸ਼ੀ ਨਾਂ ਨਾਲ ਨਕਲੀ ਖਾਤਾ ਬਣਾ ਕੇ ਉਨ੍ਹਾਂ ਦੀ ਪਛਾਣ ਦਾ ਗਲਤ ਫਾਇਦਾ ਲੈਣਾ ਸ਼ੁਰੂ ਕੀਤਾ। ਰਾਹੁਲ ਇੱਥੇ ਤੱਕ ਬੇਬਾਕ ਹੋ ਗਿਆ ਕਿ 2023 ’ਚ ਬਿਨਾਂ ਸੱਦੇ ਗਾਇਕ ਦੇ ਵਿਆਹ ’ਚ ਪਹੁੰਚ ਗਿਆ ਤੇ ਉਥੋਂ ਪਰਿਵਾਰ ਤੇ ਟੀਮ ਮੈਂਬਰਾਂ ਦੇ ਮੋਬਾਈਲ ਨੰਬਰ ਲੈ ਗਿਆ।
ਇਸ ਤੋਂ ਬਾਅਦ 2024 ’ਚ ਰਾਹੁਲ ਨੇ ਖੁਦ ਨੂੰ ਗਾਇਕ ਦਾ ਛੋਟਾ ਭਰਾ ਦੱਸ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਪੈਸੇ ਅਤੇ ਤੋਹਫ਼ੇ ਵਸੂਲਣੇ ਸ਼ੁਰੂ ਕਰ ਦਿੱਤੇ। ਜਦ ਸ਼ਿਕਾਇਤਾਂ ਵੱਧ ਗਈਆਂ ਤਾਂ ਮਈ 2025 ’ਚ ਹੰਸ ਰਾਜ ਰਘੁਵੰਸ਼ੀ ਨੇ ਉਸ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ। ਇਸ ਗੱਲ ਨਾਲ ਨਾਰਾਜ਼ ਹੋ ਕੇ ਦੋਸ਼ੀ ਨੇ ਗਾਇਕ ਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਦੋਸ਼ੀ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਦੀ ਦੂਜੀ ਕਾਪੀ ਦੱਸਿਆ ਤੇ ਦਾਅਵਾ ਕੀਤਾ ਕਿ ਉਸ ਦੇ ਸੰਬੰਧ ਗੋਲਡੀ ਬਰਾੜ ਗਿਰੋਹ ਨਾਲ ਹਨ। ਉਸ ਨੇ ਵੱਖ-ਵੱਖ ਨੰਬਰਾਂ ਤੋਂ ਹੰਸ ਰਾਜ ਦੀ ਪਤਨੀ, ਮਾਂ ਤੇ ਮੈਨੇਜਰ ਨੂੰ ਕਾਲਾਂ ਤੇ ਵ੍ਹਟਸਐਪ ਸੁਨੇਹੇ ਭੇਜ ਕੇ 15 ਲੱਖ ਰੁਪਏ ਦੀ ਫਿਰੌਤੀ ਮੰਗੀ ਤੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਹ ਪੂਰੇ ਪਰਿਵਾਰ ਨੂੰ ਮਰਵਾ ਦੇਵੇਗਾ। ਇੱਥੋਂ ਤੱਕ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਗਾਇਕ ਦੀ ਛਵੀ ਖ਼ਰਾਬ ਕਰਨ ਦੀ ਵੀ ਧਮਕੀ ਦਿੱਤੀ ਤੇ ਕਿਹਾ ਕਿ ਉਸ ਨੂੰ ਹੰਸ ਰਾਜ ਰਘੁਵੰਸ਼ੀ ਨੂੰ ਮਾਰਨ ਲਈ ਪਹਿਲਾਂ ਹੀ 2 ਲੱਖ ਰੁਪਏ ਮਿਲ ਚੁੱਕੇ ਹਨ।
ਪੁਲਸ ਅਧਿਕਾਰੀਆਂ ਅਨੁਸਾਰ, ਸ਼ਿਕਾਇਤਕਰਤਾ ਵਿਜੈ ਕਟਾਰੀਆ ਵੱਲੋਂ ਧਮਕੀ ਭਰੀਆਂ ਕਾਲਾਂ ਤੇ ਆਡੀਓ ਰਿਕਾਰਡਿੰਗ ਸਬੂਤ ਵਜੋਂ ਦਿੱਤੀਆਂ ਗਈਆਂ ਹਨ। ਦੋਸ਼ੀ ਨੂੰ ਕਈ ਵਾਰ ਫ਼ੋਨ ’ਤੇ ਵ੍ਹਟਸਐਪ ਰਾਹੀਂ ਨੋਟਿਸ ਭੇਜੇ ਗਏ ਪਰ ਉਸ ਨੇ ਜਾਂਚ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਵੇਲੇ ਪੁਲਸ ਉਸ ਦੀ ਸਥਿਤੀ ਟ੍ਰੇਸ ਕਰ ਰਹੀ ਹੈ ਤੇ ਉਸ ਦੀ ਜਲਦ ਗ੍ਰਿਫ਼ਤਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਸ ਵੱਲੋਂ ਉਸ ਦੇ ਸੋਸ਼ਲ ਮੀਡੀਆ ਖਾਤਿਆਂ ਤੇ ਆਰਥਿਕ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੀ ਸਾਜ਼ਿਸ਼ ਦਾ ਖੁਲਾਸਾ ਹੋ ਸਕੇ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾ ਸਕੇ।
