ਸੰਗੀਤ ਦੇ ਜਨੂੰਨੀ ਬੱਪੀ ਨੇ 3 ਸਾਲ ਦੀ ਉਮਰ 'ਚ ਸਿੱਖਿਆ ਤਬਲਾ, ਦੇਸ਼ ਨੂੰ 'ਡਿਸਕੋ' ਨਾਲ ਕਰਾਇਆ ਰੂ-ਬ-ਰੂ
Wednesday, Feb 16, 2022 - 12:30 PM (IST)
ਮੁੰਬਈ (ਬਿਊਰੋ): ਬੁੱਧਵਾਰ ਦੀ ਸਵੇਰ ਮਤਲਬ 16 ਫਰਵਰੀ ਨੂੰ ਇਕ ਅਜਿਹੀ ਖ਼ਬਰ ਆਈ, ਜਿਸ ਨੇ ਹਰ ਕਿਸੇ ਨੂੰ ਸਦਮਾ ਦੇ ਦਿੱਤਾ। ਖ਼ਬਰ ਹੈ ਕਿ 80 ਅਤੇ 90 ਦੇ ਦਹਾਕੇ ਵਿਚ ਭਾਰਤ ਵਿਚ ਡਿਸਕੋ ਸੰਗੀਤ ਨੂੰ ਲੋਕਪ੍ਰਿਅ ਬਣਾਉਣ ਵਾਲੇ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦੁਨੀਆ ਨੂੰ ਅਲਵਿਦਾ ਕਹਿ ਗਏ। ਬੱਪੀ ਲਹਿਰੀ ਨੇ 69 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ।
ਹਸਪਤਾਲ ਦੇ ਨਿਰਦੇਸ਼ਕ ਡਾਕਟਰ ਦੀਪਕ ਨਾਮਜੋਸ਼ੀ ਨੇ ਪੀਟੀਆਈ ਨੂੰ ਦੱਸਿਆ ਕਿ ਲਹਿਰੀ ਨੂੰ ਇਕ ਮਹੀਨੇ ਲਈ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਅਤੇ ਸੋਮਵਾਰ ਨੂੰ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਮੰਗਲਵਾਰ ਨੂੰ ਉਹਨਾਂ ਦੀ ਤਬੀਅਤ ਵਿਗੜ ਗਈ ਅਤੇ ਉਹਨਾਂ ਦੇ ਪਰਿਵਾਰ ਨੇ ਇਕ ਡਾਕਟਰ ਨੂੰ ਘਰ ਬੁਲਾਇਆ। ਉਹਨਾਂ ਨੂੰ ਮੁੜ ਹਸਪਤਾਲ ਲਿਜਾਇਆ ਗਿਆ। ਉਹਨਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਸਨ। ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ਓ.ਐੱਸ.ਏ. (ਆਬਸਟ੍ਰਕਟਿਵ ਸਲੀਪ ਏਪਨੀਆ) ਕਾਰਨ ਉਹਨਾਂ ਦੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਨਾਲ ਫਿਲਮ ਜਗਤ ਵਿਚ ਸੋਗ ਦੀ ਲਹਿਰ ਹੈ।
ਇੱਥੇ ਦੱਸ ਦਈਏ ਕਿ ਓ.ਸੀ.ਏ.ਮਤਲਬ ਨੀਂਦ ਨਾ ਪੂਰੀ ਹੋਣ ਕਰਕੇ ਹੋਣ ਵਾਲੀ ਇਕ ਬਿਮਾਰੀ ਹੈ। ਇਸ ਵਿਚ ਨੀਂਦ ਦੌਰਾਨ ਸਾਹ ਲੈਣ ਵਿਚ ਵਾਰ-ਵਾਰ ਰੁਕਾਵਟ ਆਉਂਦੀ ਹੈ। ਇਸ ਕਾਰਨ ਨਾ ਸਿਰਫ ਵਜ਼ਨ ਵੱਧਦਾ ਹੈ ਸਗੋਂ ਖੂਨ ਵਿਚ ਆਕਸੀਜਨ ਦਾ ਪੱਧਰ ਵੀ ਘੱਟ ਜਾਂਦਾ ਹੈ। ਇਸੇ ਤਕਲੀਫ ਕਾਰਨ ਬੱਪੀ ਦੀ ਮੌਤ ਹੋ ਗਈ। ਬੱਪੀ ਲਹਿਰੀ ਨੂੰ ਲੋਕ ਪਿਆਰ ਨਾਲ ਬੱਪੀ ਦਾ ਬੁਲਾਉਂਦੇ ਸਨ। ਬੱਪੀ ਦਾ ਜਨਮ 27 ਨਵੰਬਰ, 1952 ਨੂੰ ਕੋਲਕਾਤਾ ਵਿਚ ਹੋਇਆ ਸੀ। ਉਹਨਾਂ ਦਾ ਅਸਲੀ ਨਾਮ ਆਲੋਕੇਸ਼ ਲਹਿਰੀ ਸੀ।
ਉਹਨਾਂ ਨੇ ਸਿਰਫ 3 ਸਾਲ ਦੀ ਉਮਰ ਵਿਚ ਤਬਲਾ ਵਜਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਦੇਖ ਕੇ ਪਿਤਾ ਅਪਰੇਸ਼ ਲਹਿਰੀ ਨੇ ਉਹਨਾਂ ਨੂੰ ਹੋਰ ਵੀ ਗੁਣ ਸਿਖਾਏ। ਬਾਲੀਵੁੱਡ ਇੰਡਸਟਰੀ ਨੂੰ ਬੱਪੀ ਦਾ ਨੇ ਇਕ ਨਵਾਂ ਮਿਊਜ਼ਿਕ ਦਿੱਤਾ ਸੀ। ਉਹਨਾਂ ਨੇ ਹਿੰਦੀ ਸਿਨੇਮਾ ਨੂੰ ਰੌਕ ਅਤੇ ਡਿਸਕੋ ਮਿਊਜ਼ਿਕ ਤੋਂ ਰੂਬਰੂ ਕਰਾਇਆ ਸੀ। 70-80 ਦੇ ਦਹਾਕੇ ਵਿਚ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਦੇ ਗੀਤਾਂ 'ਤੇ ਨੱਚਣ ਲਈ ਮਜਬੂਰ ਕਰ ਦਿੱਤਾ ਸੀ। ਬੱਪੀ ਦਾ ਨੇ ਸਾਲ 1977 ਵਿਚ ਚਿਤਰਾਨੀ ਨਾਲ ਵਿਆਹ ਕੀਤਾ।
ਬੱਪੀ ਲਹਿਰੀ ਮਸ਼ਹੂਰ ਗੀਤਕਾਰ ਐਸਡੀ ਬਰਮਨ ਤੋਂ ਪ੍ਰੇਰਿਤ ਸਨ ਅਤੇ 17 ਸਾਲ ਦੀ ਉਮਰ ਵਿਚ ਹੀ ਉਹਨਾਂ ਨੇ ਸੰਗੀਤਕਾਰ ਬਣਨ ਦਾ ਫ਼ੈਸਲਾ ਲਿਆ ਸੀ। ਉਹ ਐਸਡੀ ਬਰਮਨ ਦੇ ਗੀਤ ਸੁਣਦੇ ਅਤੇ ਰਿਆਜ਼ ਕਰਦੇ ਸਨ। ਬਤੌਰ ਸੰਗੀਤਕਾਰ ਬੱਪੀ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲ 1972 ਵਿਚ ਰਿਲੀਜ਼ ਬੰਗਲਾ ਫਿਲਮ 'ਦਾਦੂ' ਤੋਂ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, 13 ਲੱਖ ਪ੍ਰਵਾਸੀਆਂ ਲਈ ਖੁੱਲ੍ਹਣਗੇ ਦਰਵਾਜ਼ੇ
ਉਹਨਾਂ ਦੀ ਪਹਿਲੀ ਹਿੰਦੀ ਫਿਲਮ ਜਿਸ ਲਈ ਉਹਨਾਂ ਨੇ ਸੰਗੀਤ ਤਿਆਰ ਕੀਤਾ ਉਹ ਨਨ੍ਹਾ ਸ਼ਿਕਾਰੀ (1973) ਸੀ। ਜਿਹੜੀ ਫਿਲਮ ਨੇ ਉਹਨਾਂ ਨੂੰ ਬਾਲੀਵੁੱਡ ਵਿਚ ਸਥਾਪਿਤ ਕੀਤਾ, ਉਹ ਤਾਹਿਰ ਹੁਸੈਨ ਦੀ ਹਿੰਦੀ ਫਿਲਮ ਜ਼ਖ਼ਮੀ (1975) ਸੀ, ਜਿਸ ਲਈ ਉਹਨਾਂ ਨੇ ਸੰਗੀਤ ਤਿਆਰ ਕੀਤਾ ਅਤੇ ਇਕ ਪਲੇਬੈਕ ਗਾਇਕ ਦੇ ਤੌਰ 'ਤੇ ਪਛਾਣ ਬਣਾਈ।