‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਪ੍ਰੋਡਿਊਸਰ ਅਸਿਤ ਮੋਦੀ ਕੋਰੋਨਾ ਪਾਜ਼ੇਟਿਵ

11/21/2020 5:23:30 PM

ਜਲੰਧਰ (ਬਿਊਰੋ)– ਟੀ. ਵੀ. ਦੇ ਸਭ ਤੋਂ ਚਰਚਿਤ ਸ਼ੋਅਜ਼ ’ਚੋਂ ਇਕ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪ੍ਰੋਡਿਊਸਰ ਅਸਿਤ ਕੁਮਾਰ ਮੋਦੀ ਕੋਰੋਨਾ ਪਾਜ਼ੇਟਿਵ ਆਏ ਹਨ। ਸੋਸ਼ਲ ਮੀਡੀਆ ’ਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਲੋਕ ਪਿਛਲੇ ਕੁਝ ਦਿਨਾਂ ’ਚ ਉਨ੍ਹਾਂ ਨਾਲ ਸੰਪਰਕ ’ਚ ਹਨ, ਉਹ ਸਾਵਧਾਨੀ ਰੱਖਦਿਆਂ ਕੋਵਿਡ-19 ਟੈਸਟ ਕਰਵਾ ਲੈਣ।

ਅਸਿਤ ਦਾ ਕੋਰੋਨਾ ਪਾਜ਼ੇਟਿਵ ਆਉਣਾ ਸ਼ੋਅ ਲਈ ਚੰਗੀ ਖ਼ਬਰ ਨਹੀਂ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ‘ਜਦੋਂ ਮੈਨੂੰ ਆਪਣੇ ਅੰਦਰ ਕੋਰੋਨਾ ਦੇ ਲੱਛਣ ਲੱਗੇ ਤਾਂ ਮੈਂ ਆਪਣਾ ਟੈਸਟ ਕਰਵਾਇਆ। ਹੁਣ ਮੈਂ ਕੋਰੋਨਾ ਪਾਜ਼ੇਟਿਵ ਆਇਆ ਹਾਂ। ਮੈਂ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ। ਜੋ ਵੀ ਮੇਰੇ ਸੰਪਰਕ ’ਚ ਆਇਆ ਉਹ ਆਪਣਾ ਧਿਆਨ ਰੱਖੇ ਤੇ ਸਾਰੇ ਨਿਯਮਾਂ ਦੀ ਪਾਲਣਾ ਕਰਨ। ਤੁਸੀਂ ਮੇਰੀ ਚਿੰਤਾ ਨਾ ਕਰੋ, ਤੁਹਾਡੇ ਪਿਆਰ, ਦੁਆ ਤੇ ਆਸ਼ੀਰਵਾਦ ਨਾਲ ਮੈਂ ਛੇਤੀ ਠੀਕ ਹੋ ਜਾਵਾਂਗਾ। ਤੁਸੀਂ ਮਸਤ ਤੇ ਸਵਸਥ ਰਹੋ।’

ਸੋਸ਼ਲ ਮੀਡੀਆ ’ਤੇ ਉਨ੍ਹਾਂ ਲਈ ਕਈ ਟਵੀਟ ਕੀਤੇ ਜਾ ਰਹੇ ਹਨ। ਟੀ. ਆਰ. ਪੀ. ਚਾਰਟ ਦੇ ਟਾਪ 5 ਸ਼ੋਅਜ਼ ਦੀ ਲਿਸਟ ’ਚ ਵਾਪਸੀ ਕਰਨ ਤੋਂ ਬਾਅਦ ਇਹ ਖ਼ਬਰ ਸ਼ੋਅ ਦੇ ਕਲਾਕਾਰਾਂ ਦੇ ਨਾਲ-ਨਾਲ ਦਰਸ਼ਕਾਂ ਨੂੰ ਵੀ ਚਿੰਤਾ ’ਚ ਪਾਉਣ ਵਾਲੀ ਹੈ।

ਦੱਸਣਯੋਗ ਹੈ ਕਿ ਹਾਲ ਹੀ ’ਚ 45ਵੇਂ ਹਫਤੇ ਦੀ ਬੀ. ਏ. ਆਰ. ਸੀ. ਦੀ ਟੀ. ਆਰ. ਪੀ. ਰਿਪੋਰਟ ਸਾਹਮਣੇ ਆਈ ਹੈ, ਜਿਸ ’ਚ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਾਪ 5 ਟੀ. ਵੀ. ਸ਼ੋਅਜ਼ ਦੀ ਲਿਸਟ ’ਚ 5ਵਾਂ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲੇ ਹਫਤੇ ’ਚ ਸ਼ੋਅ ਇਸ ਲਿਸਟ ’ਚੋਂ ਬਾਹਰ ਸੀ।


Rahul Singh

Content Editor Rahul Singh