ਵੱਧਦੀ ਮਹਿੰਗਾਈ ਦੇ ਵਿਚਾਲੇ ਅਨੁਪਮ ਨੇ ਪੈਦਲ ਚੱਲਣ ਵਾਲਿਆਂ ਨੂੰ ਦੱਸਿਆ ''ਸਭ ਤੋਂ ਖਤਰਨਾਕ'', ਜਾਣੋ ਪੂਰਾ ਮਾਮਲਾ
Friday, Apr 22, 2022 - 11:17 AM (IST)
ਮੁੰਬਈ- ਦੇਸ਼ 'ਚ ਇਨੀਂ ਦਿਨੀਂ ਲੋਕਾਂ 'ਤੇ ਮਹਿੰਗਾਈ ਦੀ ਖੂਬ ਮਾਰ ਪੈ ਰਹੀ ਹੈ। ਖਾਣ-ਪੀਣ ਦੇ ਸਮਾਨ ਤੋਂ ਲੈ ਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਕਈ ਲੋਕ ਆਪਣੇ ਵਾਹਨਾਂ ਨੂੰ ਛੱਡ ਸਾਈਕਲ ਚਲਾਉਣ ਅਤੇ ਪੈਦਲ ਚੱਲਣ 'ਤੇ ਮਜ਼ਬੂਰ ਹੋ ਗਏ ਹਨ। ਅਜਿਹੇ 'ਚ ਲੋਕਾਂ 'ਤੇ ਮਹਿੰਗਾਈ ਦੀ ਮਾਰ ਨੂੰ ਦੇਖਦੇ ਹੋਏ ਅਦਾਕਾਰ ਅਨੁਪਮ ਖੇਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਅਨੁਪਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਕਹਿ ਰਹੇ ਹਨ-'ਸਾਈਕਲਿੰਗ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਭਾਵ ਕਿ ਜੀ.ਡੀ.ਪੀ. ਲਈ ਬਹੁਤ ਹਾਨੀਕਾਰਕ ਹੈ। ਇਹ ਹਾਸੋਹੀਣਾ ਲੱਗਦਾ ਹੈ ਪਰ ਇਹ ਸੱਚ ਹੈ, ਕੱਟੂ ਸੱਚ ਹੈ। ਇਕ ਸਾਈਕਲ ਚਲਾਉਣ ਵਾਲਾ ਦੇਸ਼ ਲਈ ਬਹੁਤ ਵੱਡੀ ਆਫਤ ਹੈ, ਕਿਉਂਕਿ ਉਹ ਗੱਡੀ ਨਹੀਂ ਖਰੀਦਦਾ, ਲੋਨ ਨਹੀਂ ਲੈਂਦਾ, ਉਹ ਗੱਡੀ ਦਾ ਬੀਮਾ ਨਹੀਂ ਕਰਵਾਉਂਦਾ। ਉਹ ਤੇਲ ਨਹੀਂ ਖਰੀਦਦਾ, ਉਹ ਗੱਡੀ ਦੀ ਸਰਵਿਸ ਨਹੀਂ ਕਰਵਾਉਂਦਾ ਉਹ ਪੈਸੇ ਦੇ ਕੇ ਗੱਡੀ ਪਾਰਕ ਵੀ ਨਹੀਂ ਕਰਵਾਉਂਦਾ ਹੋਰ ਤਾਂ ਹੋਰ ਉਹ ਮੋਟਾ ਵੀ ਨਹੀਂ ਹੁੰਦਾ'।
ਇਸ ਤੋਂ ਬਾਅਦ ਅਨੁਪਮ ਅੱਗੇ ਕਹਿੰਦੇ ਹਨ,'ਇਹ ਸੱਚ ਹੈ ਕਿ ਸਿਹਤਮੰਦ ਵਿਅਕਤੀ ਅਰਥਵਿਵਸਥਾ ਲਈ ਬਿਲਕੁੱਲ ਸਹੀ ਨਹੀਂ ਹੈ, ਕਿਉਂਕਿ ਉਹ ਦਵਾਈਆਂ ਨਹੀਂ ਲੈਂਦਾ,ਕਿਉਂਕਿ ਉਸ ਨੂੰ ਜ਼ਰੂਰਤ ਹੀ ਨਹੀਂ ਪੈਂਦੀ। ਉਹ ਹਸਪਤਾਲ ਨਹੀਂ ਜਾਂਦਾ, ਕਿਉਂਕਿ ਉਸ ਨੂੰ ਜ਼ਰੂਰਤ ਹੀ ਨਹੀਂ ਪੈਂਦੀ। ਉਹ ਡਾਕਟਰ ਨੂੰ ਨਹੀਂ ਮਿਲਦਾ, ਕਿਉਂਕਿ ਉਸ ਨੂੰ ਜ਼ਰੂਰਤ ਹੀ ਨਹੀਂ ਪੈਂਦੀ। ਉਹ ਰਾਸ਼ਟਰ ਦੀ ਜੀ.ਡੀ.ਪੀ. 'ਚ ਕੋਈ ਯੋਗਦਾਨ ਨਹੀਂ ਦੇ ਰਿਹਾ ਹੈ।
ਅਖ਼ੀਰ 'ਚ ਅਦਾਕਾਰ ਕਹਿੰਦੇ ਹਨ ਕਿ ਇਸ ਦੇ ਉਲਟ ਫਾਸਟ ਫੂਡ ਦੀ ਦੁਕਾਨ 30 ਨੌਕਰੀਆਂ ਪੈਦਾ ਕਰਦੀ ਹੈ। 10 ਦਿਲ ਦੇ ਡਾਕਟਰ, 10 ਮਨੋਵਿਗਿਆਨੀ , 10 ਭਾਰ ਘਟਾਉਣ ਵਾਲੇ ਵੱਖ-ਵੱਖ ਤਰੀਕੇ ਦੇ ਲੋਕ, ਪਰ ਪੈਦਲ ਚੱਲਣ ਵਾਲਾ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਪੈਦਲ ਚੱਲਣ ਵਾਲਾ ਸਾਈਕਲ ਵੀ ਨਹੀਂ ਖਰੀਦਦਾ ਹੈ। ਇਹ ਇਕ ਵਿਅੰਗ ਸੀ। ਇਸ 'ਚ ਕਈ ਲੋਕ ਇਸ ਨੂੰ ਸੀਰੀਅਸ ਨਾ ਲੈਣਾ। ਇਹ ਨਾ ਸਮਝ ਲੈਣਾ ਕਿ ਇਹ ਸਾਈਕਲ ਵਾਲਿਆਂ ਦਾ ਮਜ਼ਾਕ ਬਣਾ ਰਿਹਾ ਹੈ, ਗਰੀਬਾਂ ਦਾ ਮਜ਼ਾਕ ਬਣਾ ਰਿਹਾ ਹੈ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਅਨੁਪਮ ਨੇ ਕੈਪਸ਼ਨ 'ਚ ਲਿਖਿਆ, ਪੇਸ਼ ਹੈ ਇਕ ਵਿਅੰਗ! ਸਾਈਕਲਿੰਗ ਦੇ ਫਾਇਦੇ ਅਤੇ ਸਰਕਾਰ ਲਈ ਇਸ ਦੇ ਨੁਕਸਾਨ!!!'
ਦੱਸ ਦੇਈਏ ਕਿ ਅਨੁਪਮ ਖੇਰ ਪਿਛਲੇ ਮਹੀਨੇ ਰਿਲੀਜ਼ ਹੋਈ ਆਪਣੀ ਫਿਲਮ 'ਦਿ ਕਸ਼ਮੀਰ ਫਾਈਲਸ' ਨੂੰ ਲੈ ਕੇ ਖੂਬ ਚਰਚਾ 'ਚ ਆਏ ਸਨ। ਫਿਲਮ ਦਾ ਨਿਰਦੇਸ਼ਨ ਵਿਵੇਕ ਅਗਨੀਹੋਤਰੀ ਨੇ ਕੀਤਾ, ਜੋ ਕਸ਼ਮੀਰੀ ਪੰਡਿਤਾਂ 'ਤੇ ਹੋਏ ਕਤਲੇਆਮ ਦੀ ਕਹਾਣੀ ਬਿਆਨ ਕਰਦੀ ਹੈ।