ਕਾਸਟਿੰਗ ਕਾਊਚ ਦੀ ਅੰਕਿਤਾ ਲੋਖੰਡੇ ਨੇ ਸੁਣਾਈ ਹੱਡਬੀਤੀ, ਸਟ੍ਰਗਲ ਦੇ ਦਿਨਾਂ ਨੂੰ ਕੀਤਾ ਯਾਦ

Wednesday, Mar 24, 2021 - 12:38 PM (IST)

ਕਾਸਟਿੰਗ ਕਾਊਚ ਦੀ ਅੰਕਿਤਾ ਲੋਖੰਡੇ ਨੇ ਸੁਣਾਈ ਹੱਡਬੀਤੀ, ਸਟ੍ਰਗਲ ਦੇ ਦਿਨਾਂ ਨੂੰ ਕੀਤਾ ਯਾਦ

ਮੁੰਬਈ (ਬਿਊਰੋ)– ਟੀ. ਵੀ. ਦੀ ਦੁਨੀਆ ’ਚ ਨਾਂ ਕਮਾਉਣ ਤੋਂ ਬਾਅਦ ਹੁਣ ਬਾਲੀਵੁੱਡ ’ਚ ਅਦਾਕਾਰੀ ਦਾ ਲੋਹਾ ਮਨਵਾ ਰਹੀ ਅਦਾਕਾਰਾ ਅੰਕਿਤਾ ਲੋਖੰਡੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ। ਉਹ ਆਏ ਦਿਨ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਕਾਰਨ ਚਰਚਾ ’ਚ ਰਹਿੰਦੀ ਹੈ। ਉਹ ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੈਂਡ ਵੀ ਰਹਿ ਚੁੱਕੀ ਹੈ। ਹੁਣ ਅੰਕਿਤਾ ਨੇ ਸਾਲਾਂ ਬਾਅਦ ਇੰਡਸਟਰੀ ’ਚ ਹੋਣ ਵਾਲੇ ਕਾਸਟਿੰਗ ਕਾਊਚ ਨੂੰ ਲੈ ਕੇ ਆਪਣਾ ਡਰਾਵਨਾ ਤਜਰਬਾ ਸਾਂਝਾ ਕੀਤਾ ਹੈ।

ਅਸਲ ’ਚ ਅੰਕਿਤਾ ਲੋਖੰਡੇ ਨੇ ਹਾਲ ਹੀ ’ਚ ਬਾਲੀਵੁੱਡ ਬਬਲ ਨੂੰ ਦਿੱਤੇ ਇੰਟਰਵਿਊ ’ਚ ਇਸ ਖ਼ੂਬਸੂਰਤ ਜਗਤ ਦੇ ਕਾਲੇ ਚਿਹਰੇ ਦਾ ਖੁਲਾਸਾ ਕੀਤਾ ਹੈ। ਉਸ ਨੇ ਇੰਟਰਵਿਊ ’ਚ ਦੱਸਿਆ ਕਿ ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਇਕ ਫ਼ਿਲਮ ਪ੍ਰੋਡਿਊਸਰ ਨੇ ਉਸ ਨੂੰ ਕਾਸਟਿੰਗ ਕਾਊਚ ਲਈ ਮਜਬੂਰ ਕੀਤਾ ਸੀ ਪਰ ਉਸ ਨੂੰ ਅੰਕਿਤਾ ਨੇ ਕਰਾਰਾ ਜਵਾਬ ਦਿੱਤਾ ਸੀ।

ਇਹ ਵੀ ਪੜ੍ਹੋ : ਕੋਰੋਨਾ ਦੇ ਚਲਦਿਆਂ ‘ਪੁਆੜਾ’ ਦੀ ਟੀਮ ਦਾ ਵੱਡਾ ਫ਼ੈਸਲਾ, ਫ਼ਿਲਮ ਦੀ ਰਿਲੀਜ਼ ਕੀਤੀ ਮੁਲਤਵੀ

ਅੰਕਿਤਾ ਨੇ ਇਸ ਇੰਟਰਵਿਊ ’ਚ ਆਪਣੇ ਸਟ੍ਰਗਲ ਬਾਰੇ ਗੱਲ ਕਰਦਿਆਂ ਕਾਸਟਿੰਗ ਕਾਊਚ ਦਾ ਤਜਰਬਾ ਸਾਂਝਾ ਕੀਤਾ। ਅੰਕਿਤਾ ਨੇ ਕਿਹਾ, ‘ਜਦੋਂ ਮੇਰੀ ਉਮਰ ਸਿਰਫ 19-20 ਸਾਲ ਦੀ ਸੀ, ਇਸ ਦੌਰਾਨ ਮੈਂ ਅਦਾਕਾਰੀ ਕਰੀਅਰ ਲਈ ਕਈ ਜਗ੍ਹਾ ਕੋਸ਼ਿਸ਼ ਕਰ ਰਹੀ ਸੀ। ਇਸ ਵਿਚਾਲੇ ਮੈਨੂੰ ਸਾਊਥ ਫ਼ਿਲਮਾਂ ਲਈ ਬੁਲਾਇਆ ਗਿਆ ਸੀ। ਜਦੋਂ ਮੈਂ ਗਈ ਤਾਂ ਇਕ ਵਿਅਕਤੀ ਨੇ ਮੈਨੂੰ ਕਮਰੇ ’ਚ ਬੁਲਾਇਆ ਤੇ ਕਿਹਾ ਕਿ ਅਸੀਂ ਤੁਹਾਨੂੰ ਕੁਝ ਪੁੱਛਣਾ ਚਾਹੁੰਦੇ ਹਾਂ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਤੁਹਾਨੂੰ ਸਮਝੌਤਾ ਕਰਨਾ ਪਵੇਗਾ। ਇਸ ਤੋਂ ਬਾਅਦ ਮੈਂ ਹਿੰਮਤ ਦਿਖਾਈ ਤੇ ਮੁੜ ਕੇ ਪੁੱਛਿਆ ਕਿ ਠੀਕ ਹੈ ਦੱਸੋ ਕਿਸ ਤਰ੍ਹਾਂ ਦਾ ਸਮਝੌਤਾ ਕਰਨਾ ਹੋਵੇਗਾ ਮੈਨੂੰ? ਕੀ ਮੈਨੂੰ ਪਾਰਟੀਆਂ ’ਚ ਜਾਣਾ ਹੋਵੇਗਾ ਜਾਂ ਡਿਨਰ ਲਈ?’

ਅੰਕਿਤਾ ਨੇ ਅੱਗੇ ਕਿਹਾ, ‘ਉਹ ਵਿਅਕਤੀ ਇਕ ਵੱਡਾ ਅਦਾਕਾਰ ਸੀ। ਉਸ ਨੇ ਇਸ ਤੋਂ ਬਾਅਦ ਕਿਹਾ ਸੀ ਕਿ ਤੁਹਾਨੂੰ ਪ੍ਰੋਡਿਊਸਰ ਨਾਲ ਸੌਣਾ ਪਵੇਗਾ।’ ਅੰਕਿਤਾ ਨੇ ਇਹ ਗੱਲ ਸੁਣਨ ਤੋਂ ਬਾਅਦ ਉਸ ਵਿਅਕਤੀ ਦੀ ਕਲਾਸ ਲਗਾ ਦਿੱਤੀ। ਅੰਕਿਤਾ ਨੇ ਜਵਾਬ ਦਿੰਦਿਆਂ ਕਿਹਾ ਸੀ, ‘ਸ਼ਾਇਦ ਤੁਹਾਡੇ ਪ੍ਰੋਡਿਊਸਰ ਨੂੰ ਸੌਣ ਲਈ ਇਕ ਕੁੜੀ ਚਾਹੀਦੀ ਹੈ ਨਾ ਕਿ ਕੋਈ ਟੈਲੇਂਟਿਡ ਕੁੜੀ।’

ਜਦੋਂ ਉਹ ਇਹ ਕਹਿ ਕੇ ਉਥੋਂ ਨਿਕਲਣ ਲੱਗੀ ਤਾਂ ਵਿਅਕਤੀ ਨੇ ਅੰਕਿਤਾ ਕੋਲੋਂ ਮੁਆਫੀ ਮੰਗੀ ਤੇ ਕਿਹਾ ਕਿ ਉਹ ਉਸ ਨੂੰ ਆਪਣੀ ਫ਼ਿਲਮ ’ਚ ਲੈਣ ਦੀ ਕੋਸ਼ਿਸ਼ ਕਰੇਗਾ ਪਰ ਅੰਕਿਤਾ ਨੇ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਜੇਕਰ ਹੁਣ ਉਹ ਉਸ ਨੂੰ ਫ਼ਿਲਮ ’ਚ ਲੈਣਾ ਵੀ ਚਾਹੁਣਗੇ ਤਾਂ ਵੀ ਉਹ ਫ਼ਿਲਮ ਨਹੀਂ ਕਰੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News