ਐਮੀ ਵਿਰਕ : ਜਿਉਣਾ ਮੌੜ ਦੇ ਕਿਰਦਾਰ ਨਾਲ ਵਫ਼ਾਦਾਰੀ ਕਰਨ ਵਾਲਾ, ‘ਮੌੜ’ ਫ਼ਿਲਮ ਦੀ ਰੂਹ
Wednesday, Jun 21, 2023 - 02:05 PM (IST)
ਐਂਟਰਟੇਨਮੈਂਟ ਡੈਸਕ– ਪੰਜਾਬੀ ਸਿਨੇਮਾ ’ਚ ਐਮੀ ਵਿਰਕ ਦੀ ਪਛਾਣ ਇੰਨੀ ਵੱਡੀ ਬਣ ਗਈ ਹੈ ਕਿ ਉਸ ਬਾਰੇ ਕਿਸੇ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਕਿਉਂਕਿ ਉਸ ਦਾ ਕੰਮ ਖ਼ੁਦ-ਬ-ਖ਼ੁਦ ਬੋਲ ਦਿੰਦਾ ਹੈ ਕਿ ਉਹ ਇਕ ਵਧੀਆ ਅਦਾਕਾਰ ਤੇ ਗਇਕ ਹੈ। ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ਜਿਉਣਾ ਮੌੜ ਐਮੀ ਵਿਰਕ ਦੇ ਹੁਣ ਤੱਕ ਦੇ ਕਰੀਅਰ ’ਚ ਤਾਂ ਮੀਲ ਦਾ ਪੱਥਰ ਸਾਬਿਤ ਹੋਈ ਹੀ, ਸਗੋਂ ਪੰਜਾਬੀ ਸਿਨੇਮਾ ’ਚ ਵੀ ਉਸ ਨੇ ਆਪਣੀ ਅਲੱਗ ਛਾਪ ਛੱਡੀ ਹੈ।
ਫ਼ਿਲਮ ਦੇ ਪ੍ਰੋਡਿਊਸਰ ਕਾਰਜ ਗਿੱਲ ਦੀ ਅੱਖ ਨੇ ਪਛਾਣਿਆ ਕਿ ਐਮੀ ਵਿਰਕ ਜਿਉਣਾ ਮੌੜ ਦੇ ਕਿਰਦਾਰ ਨੂੰ ਬਾਖੂਬੀ ਨਿਭਾਅ ਸਕਦਾ ਹੈ ਤੇ ਇਹ ਸਾਨੂੰ ਫ਼ਿਲਮ ’ਚ ਦੇਖਣ ਨੂੰ ਮਿਲਿਆ ਵੀ ਕਿ ਐਮੀ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦੇ ਦਿਲਾਂ ਨੂੰ ਛੂਹਿਆ ਤੇ ਜਿਉਣਾ ਮੌੜ ਦੇ ਕਿਰਦਾਰ ਨਾਲ ਇਨਸਾਫ਼ ਕੀਤਾ, ਜਿਸ ਨੇ ਉਸ ਦਾ ਕੱਦ ਪੰਜਾਬੀ ਸਿਨੇਮਾ ’ਚ ਹੋਰ ਵੱਡਾ ਕੀਤਾ।
ਗਿੱਲ ਦੀ ਸੁਚੱਜੀ ਟੀਮ ਨੇ ਸਾਹਿਤ ਦੇ ਇਤਿਹਾਸ ’ਚ ਡੂੰਘਾਈ ਨਾਲ ਖੋਜ ਕੀਤੀ ਤੇ ਸੰਨ 1910 ਦੀਆਂ ਹੱਥ-ਲਿਖਤਾਂ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਜਿਉਣਾ ਮੌੜ ਦੀ ਸ਼ਖ਼ਸੀਅਤ ਨਾਲ ਮੇਲ ਖਾਂਦੇ ਐਮੀ ਵਿਰਕ ਨੂੰ ਇਸ ਕਿਰਦਾਰ ਦਾ ਪੱਲਾ ਫੜਾਇਆ। ਜਿਉਣਾ ਮੌੜ ਦੀ ਸਿਹਤ ਪੱਖੋਂ ਤੇ ਵਰਤੀਰੇ ਪੱਖੋਂ ਐਮੀ ਵਿਰਕ ਇਸ ਭੂਮਿਕਾ ਲਈ ਬਿਲਕੁਲ ਸਟੀਕ ਬੈਠਿਆ ਤੇ ਆਖਿਰਕਾਰ ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕਾਂ ਨੇ ਉਸ ਦੇ ਕੰਮ ਦੀ ਸਿਫ਼ਤ ਕਰਕੇ ਇਸ ਗੱਲ ਦਾ ਸਬੂਤ ਵੀ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੀ ਟੀਮ ’ਤੇ ਭੜਕੇ ਅਰੁਣ ਗੋਵਿਲ, ਫ਼ਿਲਮ ਨੂੰ ਕਿਹਾ ‘ਹਾਲੀਵੁੱਡ ਦਾ ਕਾਰਟੂਨ’, ਗੁੱਸੇ ’ਚ ਆਖੀਆਂ ਇਹ ਗੱਲਾਂ
ਨਿਰਦੇਸ਼ਕ ਜਤਿੰਦਰ ਮੌਹਰ ਨੇ ਇਕ ਇੰਟਰਵਿਊ ’ਚ ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਉਣ ਲਈ ਐਮੀ ਵਿਰਕ ਦੇ ਸਮਰਪਣ ਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਮੀ ਨੇ ਇਸ ਭੂਮਿਕਾ ਨੂੰ ਨਿਭਾਉਣ ਲਈ ਆਪਣੀ ਪੂਰੀ ਜਿੰਦ-ਜਾਨ ਲਗਾ ਦਿੱਤੀ ਤੇ ਉਸ ਦਾ ਨਤੀਜਾ ਤੁਹਾਨੂੰ ਪਰਦੇ ’ਤੇ ਸਾਫ਼-ਸਾਫ਼ ਦਿਖਾਈ ਦਿੱਤਾ ਹੋਵੇਗਾ ਕਿ ਕਿਸ ਤਰ੍ਹਾਂ ਐਮੀ ਵਿਰਕ ਨੇ ਜਿਉਣਾ ਮੌੜ ਦੇ ਕਿਰਦਾਰ ਨਾਲ ਵਫ਼ਾਦਾਰੀ ਕੀਤੀ ਹੈ।
ਫ਼ਿਲਮ ਦੇ ਅਖੀਰਲੇ ਦ੍ਰਿਸ਼ਾਂ ’ਚ ਐਮੀ ਨੂੰ ਅਣਗਿਣਤ ਭਾਵਨਾਵਾਂ ਸਿਰਫ਼ ਆਪਣੀਆਂ ਭਾਵਪੂਰਤ ਅੱਖਾਂ ਰਾਹੀਂ ਸੰਚਾਰ ਕਰਨ ਦੀ ਡੂੰਘੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਸਿਲਵਰ ਸਕ੍ਰੀਨ ’ਤੇ ਸ਼ਾਇਦ ਹੀ ਪਹਿਲਾਂ ਕਦੇ ਦੇਖਿਆ ਗਿਆ ਹੋਵੇ। ਫ਼ਿਲਮ ਦਾ ਅੰਤ ਐਮੀ ਵਿਰਕ ਦੀ ਕਲਾ ਨੂੰ ਹੋਰ ਸੋਹਣੀ ਤਰ੍ਹਾਂ ਦਰਸਾਉਂਦਾ ਹੈ ਤੇ ਉਸ ਦੀ ਮਿਹਨਤ ਕੀਤੀ ਦਾ ਪਤਾ ਲੱਗਦਾ ਹੈ। ਦੁਨੀਆ ਭਰ ਦੇ ਦਰਸ਼ਕਾਂ ਨੇ ਇਸ ਗੱਲ ਦੀ ਤਾਰੀਫ਼ ਕੀਤੀ ਕਿ ਫ਼ਿਲਮ ’ਚ ਜਿਉਣਾ ਮੌੜ ਦੇ ਕਿਰਦਾਰ ਨੂੰ ਐਮੀ ਵਿਰਕ ਨੇ ਹਰ ਪੱਖੋਂ ਬਾਖੂਬੀ ਨਾਲ ਨਿਭਾਇਆ ਹੈ।
ਇਸ ਫ਼ਿਲਮ ਤੋਂ ਪਹਿਲਾਂ ਐਮੀ ਵਿਰਕ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ ‘ਹਰਜੀਤਾ’ ’ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕਿਆ ਹੈ, ਜੋ ਕਿ ਪੰਜਾਬ ਦੇ ਹਾਕੀ ਖਿਡਾਰੀ ਦੀ ਜ਼ਿੰਦਗੀ ’ਤੇ ਆਧਾਰਿਤ ਸੀ, ਜਿਸ ’ਚ ਐਮੀ ਦੀ ਦਿੱਖ ਨੇ ਇਹ ਸਾਬਿਤ ਕੀਤਾ ਕਿ ਉਹ ਫ਼ਿਲਮ ’ਚ ਚੰਗਾ ਕਿਰਦਾਰ ਨਿਭਾਉਣ ’ਚ ਹਰ ਤਰ੍ਹਾਂ ਦੀ ਮਿਹਨਤ ਕਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਉਸ ਤੋਂ ਬਾਅਦ ਐਮੀ ਦੀ ਝੋਲੀ ‘ਸੁਫ਼ਨਾ’, ‘ਸੌਂਕਣ ਸੌਂਕਣੇ’, ‘ਅੰਗਰੇਜ਼’, ‘ਬੰਬੂਕਾਟ’ ਤੇ ‘ਨਿੱਕਾ ਜ਼ੈਲਦਾਰ’ ਵਰਗੀਆਂ ਸ਼ਾਨਦਾਰ ਫ਼ਿਲਮਾਂ ਪਈਆਂ, ਜਿਸ ਨਾਲ ਉਸ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ’ਚ ਤਾਂ ਜਗ੍ਹਾ ਬਣਾਈ ਹੀ, ਸਗੋਂ ਬਾੱਲੀਵੁੱਡ ’ਚ ਸੰਨ 1983 ’ਚ ਭਾਰਤੀ ਕ੍ਰਿਕਟ ਟੀਮ ਵਲੋਂ ਜਿੱਤੇ ਵਿਸ਼ਵ ਕੱਪ ’ਤੇ ਬਣੀ ਫ਼ਿਲਮ ‘83’ ’ਚ ਕ੍ਰਿਕਟਰ ਬਲਵਿੰਦਰ ਸਿੰਘ ਦਾ ਕਿਰਦਾਰ ਨਿਭਾਅ ਕੇ ਉਥੇ ਵੀ ਆਪਣੀ ਸ਼ਾਨਦਾਰ ਅਦਾਕਾਰੀ ਦੀ ਛਾਪ ਛੱਡੀ।
ਐਮੀ ਅਦਾਕਾਰ ਤੋਂ ਪਹਿਲਾਂ ਇਕ ਮੰਝਿਆ ਹੋਇਆ ਗਾਇਕ ਹੈ, ਜਿਸ ਦੀ ਆਵਾਜ਼ ਨੇ ਸਭ ਤੋਂ ਪਹਿਲਾਂ ਪੰਜਾਬੀ ਦਰਸ਼ਕਾਂ ਦੇ ਦਿਲਾਂ ’ਚ ਥਾਂ ਬਣਾਈ ਸੀ ਤੇ ਉਸ ਤੋਂ ਬਾਅਦ ਉਸ ਦੀ ਸ਼ਾਨਦਾਰ ਅਦਾਕਾਰੀ ਨੇ ਲੋਕਾਂ ਦੇ ਦਿਲ ਜਿੱਤੇ। ਉਸ ਦਾ ਸਹਿਜ ਸੁਭਾਅ ਤੇ ਨਿਮਰਤਾ ਨਾ ਸਿਰਫ਼ ਪਰਦੇ ’ਤੇ ਦੇਖਣ ਨੂੰ ਮਿਲਦੀ ਹੈ, ਸਗੋਂ ਉਹ ਅਸਲ ਜ਼ਿੰਦਗੀ ’ਚ ਵੀ ਹਰ ਇਕ ਨਾਲ ਨਿਮਰ ਸੁਭਾਅ ਨਾਲ ਮਿਲਦਾ ਵਰਤਦਾ ਹੈ। ਜਿਉਣਾ ਮੌੜ ਦੇ ਕਿਰਦਾਰ ਨੂੰ ਨਿਭਾਅ ਕੇ ਐਮੀ ਵਿਰਕ ਪੰਜਾਬੀ ਸਿਨੇਮਾ ਦੇ ਇਤਿਹਾਸ ’ਚ ਅੱਗੇ ਚੱਲ ਕੇ ਹਮੇਸ਼ਾ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਰਹੇਗਾ। ਉਸ ਦੀ ਮਿਹਨਤ ਇਹ ਦੱਸਦੀ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਨਾਲ ਵਫ਼ਾਦਾਰੀ ਕਰੋ ਤਾਂ ਯਕੀਨੀ ਤੌਰ ’ਤੇ ਦਰਸ਼ਕ ਤੁਹਾਨੂੰ ਆਪਣੇ ਦਿਲਾਂ ’ਚ ਜਗ੍ਹਾ ਦਿੰਦੇ ਹਨ ਤੇ ਇਹੀ ਵਜ੍ਹਾ ਹੈ ਕਿ ਐਮੀ ਵਿਰਕ ਹਰ ਪੰਜਾਬੀ ਦੇ ਦਿਲ ’ਤੇ ਰਾਜ ਕਰਦਾ ਹੈ ਤੇ ਅੱਗੇ ਵੀ ਕਰਦਾ ਰਹੇਗਾ।
ਨੋਟ– ਤੁਹਾਡਾ ‘ਮੌੜ’ ਫ਼ਿਲਮ ਨੂੰ ਲੈ ਕੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।