‘ਸੌਂਕਣਾਂ’ ’ਚ ਫਸੇ ਐਮੀ ਵਿਰਕ ਦਾ ਕੀ ਬਣੇਗਾ, 13 ਮਈ ਨੂੰ ਸਿਨੇਮਾਘਰਾਂ ’ਚ ਲੱਗੇਗਾ ਪਤਾ

05/11/2022 1:25:25 PM

ਪੰਜਾਬੀ ਫ਼ਿਲਮ ‘ਸੌਂਕਣ ਸੌਂਕਣੇ’ 13 ਮਈ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ, ਨਿਰਮਲ ਰਿਸ਼ੀ, ਕਾਕਾ ਕੌਟਕੀ, ਸੁਖਵਿੰਦਰ ਚਾਹਲ, ਮੋਹਿਨੀ ਤੂਰ ਤੇ ਰਵਿੰਦਰ ਮੰਡ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫ਼ਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਹਾਲ ਹੀ ’ਚ ਫ਼ਿਲਮ ਦੀ ਪ੍ਰਮੋਸ਼ਨ ਲਈ ਐਮੀ, ਸਰਗੁਣ ਤੇ ਨਿਮਰਤ ਨੇ ‘ਜਗ ਬਾਣੀ’ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਫ਼ਿਲਮ ਦੇ ਕੰਸੈਪਟ ਬਾਰੇ ਦੱਸੋ? ਕਿਵੇਂ ਇਹ ਫ਼ਿਲਮ ਦਾ ਆਇਡੀਆ ਆਇਆ?
ਸਰਗੁਣ ਮਹਿਤਾ–
ਮੈਂ ਢਾਈ ਸਾਲ ਪਹਿਲਾਂ ਇਸ ਫ਼ਿਲਮ ਦੀ ਕਹਾਣੀ ਸੁਣੀ ਸੀ। ਅੰਬਰਦੀਪ ਸਿੰਘ ਨੇ ਕਿਸੇ ਹੋਰ ਨੂੰ ਇਹ ਫ਼ਿਲਮ ਸੁਣਾਈ ਸੀ। ਮੈਂ ਕੋਲ ਹੀ ਬੈਠੀ ਸੀ ਤੇ ਦੂਜੀ ਫ਼ਿਲਮ ਦੀ ਸਕ੍ਰਿਪਟ ਸੁਣ ਰਹੀ ਸੀ। ਮੇਰੇ ਦਿਮਾਗ ’ਚ ਇਹ ਫ਼ਿਲਮ ਸੀ ਤੇ ਮੈਂ ਉਸ ਨੂੰ ਕਿਹਾ ਕਿ ਇਹ ਫ਼ਿਲਮ ਮੈਂ ਜ਼ਰੂਰ ਕਰਨੀ ਹੈ। ਅੰਬਰਦੀਪ ਕੋਲ ਡਾਇਰੈਕਟ ਕਰਨ ਲਈ ਡੇਟਸ ਨਹੀਂ ਸਨ। ਫਿਰ ਮੈਂ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਕਿ ਅੰਬਰਦੀਪ ਕੋਲ ਬਹੁਤ ਵਧੀਆ ਸਕ੍ਰਿਪਟ ਹੈ। ਦੋਵਾਂ ਨੂੰ ਵਧੀਆ ਲੱਗਾ ਤੇ ਫਿਰ ਫ਼ਿਲਮ ਦੀ ਤਿਆਰੀ ਸ਼ੁਰੂ ਹੋਈ।

ਤੁਸੀਂ ਆਪਣੇ ਸੁਭਾਅ ਦੇ ਬਿਲਕੁਲ ਉਲਟ ਕਿਰਦਾਰ ’ਚ ਨਜ਼ਰ ਆ ਰਹੇ ਹੋ? ਕੀ ਕਹੋਗੇ ਇਸ ਬਾਰੇ?
ਨਿਮਰਤ ਖਹਿਰਾ–
ਮੈਨੂੰ ਲੱਗਦਾ ਹੈ ਕਿ ਕੁਝ ਵੱਖਰਾ ਕਰਾਂਗੇ ਫਿਰ ਹੀ ਪਰਦੇ ’ਤੇ ਦਿਖਾਂਗੇ। ਮੈਂ ‘ਜੋੜੀ’ ਫ਼ਿਲਮ ਕੀਤੀ ਹੈ, ਜਿਸ ’ਚ ਮੇਰਾ ਸਾਦਾ ਜਿਹਾ ਕਿਰਦਾਰ ਹੈ, ਜੇ ਮੈਂ ਮੁੜ ਉਸੇ ਕਿਰਦਾਰ ਵਾਲੀ ਫ਼ਿਲਮ ਕਰ ਲੈਂਦੀ ਤਾਂ ਸ਼ਾਇਦ ਉਹ ਚੀਜ਼ ਇੰਨਾ ਕੰਮ ਨਾ ਕਰਦੀ। ਮੈਨੂੰ ਲੱਗਾ ਕੁਝ ਵੱਖਰਾ ਕਰਨਾ ਚਾਹੀਦਾ ਹੈ, ਇਸ ਕਰਕੇ ਮੈਂ ਇਹ ਫ਼ਿਲਮ ਕੀਤੀ।

ਫ਼ਿਲਮ ’ਚ ਤੁਸੀਂ ਪ੍ਰੇਸ਼ਾਨ ਦਿਖ ਰਹੇ ਹੋ? ਕੀ ਇਹ ਦੋਵੇਂ ਸੈੱਟ ’ਤੇ ਵੀ ਤੁਹਾਨੂੰ ਪ੍ਰੇਸ਼ਾਨ ਕਰਦੀਆਂ ਸਨ?
ਐਮੀ ਵਿਰਕ–
ਨਹੀਂ ਜੀ, ਮੈਂ ਪ੍ਰੇਸ਼ਾਨ ਹੁੰਦਾ ਹੀ ਨਹੀਂ। ਜੋ ਸਾਡਾ ਕਿਰਦਾਰ ਹੈ, ਉਹ ਪ੍ਰੇਸ਼ਾਨ ਹੋਇਆ ਹੋਵੇਗਾ ਤੇ ਜਿਸ ਨਾਲ ਅਸਲ ’ਚ ਹੁੰਦੀ ਹੋਵੇਗੀ, ਉਹ ਵੀ ਪ੍ਰੇਸ਼ਾਨ ਹੁੰਦਾ ਹੋਵੇਗਾ ਪਰ ਮੈਂ ਇਨ੍ਹਾਂ ਦੋਵਾਂ ਤੋਂ ਕਦੇ ਪ੍ਰੇਸ਼ਾਨ ਨਹੀਂ ਹੋਇਆ, ਬਹੁਤ ਪਿਆਰੀਆਂ ਕੁੜੀਆਂ ਹਨ।

ਤੁਸੀਂ ਬੱਚਾ ਨਾ ਹੋਣ ਵਰਗਾ ਮੁੱਦਾ ਵੀ ਫ਼ਿਲਮ ’ਚ ਚੁੱਕਿਆ ਹੈ? ਇਸ ਬਾਰੇ ਦੱਸੋ।
ਸਰਗੁਣ–
ਦੇਖੋ, ਜਿਸ ਤਰ੍ਹਾਂ ਦਾ ਸਮਾਂ ਹੁੰਦਾ, ਉਸ ਹਿਸਾਬ ਦਾ ਹੱਲ ਹੁੰਦਾ। ਉਸ ਸਮੇਂ ਉਨ੍ਹਾਂ ਕੋਲ ਬੱਚਾ ਨਾ ਹੋਣ ਦਾ ਕੋਈ ਹੱਲ ਨਹੀਂ ਸੀ, ਇਸ ਲਈ ਉਹ ਸੌਂਕਣ ਲਿਆਂਦੇ ਸਨ। ਉਸ ਸਮੇਂ ਉਨ੍ਹਾਂ ਨੂੰ ਇਸ ਤੋਂ ਵੱਧ ਨਹੀਂ ਪਤਾ ਸੀ। ਹੁਣ ਲੋਕਾਂ ਨੂੰ ਪਤਾ ਕਿ ਜੇ ਬੱਚਾ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ ਕਿਉਂਕਿ ਹੁਣ ਤਾਂ ਤਰੀਕੇ ਵੀ ਬਹੁਤ ਆ ਗਏ, ਜਿਵੇਂ ਆਈ. ਵੀ. ਐੱਫ., ਸਰੋਗੇਸੀ ਤੇ ਗੋਦ ਲੈਣਾ ਹੋ ਗਿਆ। ਲੋਕ ਹੁਣ ਓਪਨ ਮਾਈਂਡਿਡ ਹੋ ਗਏ ਹਨ।

ਸ਼ੂਟ ਦਾ ਤਜਰਬਾ ਕਿਵੇਂ ਦਾ ਰਿਹਾ?
ਨਿਮਰਤ–
ਪਹਿਲਾਂ ਦੋ-ਤਿੰਨ ਦਿਨ ਔਖਾ ਲੱਗਾ। ਫਿਰ ਮੇਰਾ ਸਰਗੁਣ ਨਾਲ ਕੰਫਰਟ ਲੈਵਲ ਵਧੀਆ ਬਣ ਗਿਆ। ਇਸ ਦੇ ਚਲਦਿਆਂ ਥੌੜ੍ਹਾ ਆਸਾਨ ਹੋ ਗਿਆ।

ਲੋਕ ਹਰ ਵਾਰ ਕੁਝ ਨਵਾਂ ਚਾਹੁੰਦੇ ਹਨ। ਇਸ ਦਾ ਤੁਹਾਡੇ ’ਤੇ ਕੋਈ ਪ੍ਰੈਸ਼ਰ ਹੁੰਦਾ ਹੈ?
ਐਮੀ–
ਸਿਰਫ ਲੋਕ ਹੀ ਨਹੀਂ, ਸਾਡਾ ਆਪਣਾ ਵੀ ਮਨ ਕੁਝ ਨਵਾਂ ਕਰਨ ਦਾ ਹੀ ਹੁੰਦਾ। ਹਰ ਵਧੀਆ ਅਦਾਕਾਰ ਇਹੀ ਕਹੇਗਾ ਕਿ ਕੁਝ ਨਵਾਂ ਕਰੀਏ। ਹਰ ਬੰਦੇ ਦੀ ਰੀਝ ਹੈ ਕਿ ਕੁਝ ਨਾ ਕੁਝ ਨਵਾਂ ਕਰਦੇ ਰਹੀਏ।

ਤੁਹਾਡਾ ਡ੍ਰੀਮ ਰੋਲ ਕਿਹੜਾ ਹੈ?
ਐਮੀ–
ਮੈਂ ਕਾਪ-ਕਾਮੇਡੀ ਕਰਨੀ ਹੈ। ਮੈਂ ਜਿਊਣਾ ਮੌੜ ਵਰਗਾ ਕਿਰਦਾਰ ਵੀ ਨਿਭਾਉਣਾ ਚਾਹੁੰਦਾ ਹਾਂ।

ਸਰਗੁਣ– ਮੈਨੂੰ ਲੱਗਦਾ ਅਜੇ ਤਾਂ ਅਸੀਂ ਸ਼ੁਰੂ ਹੀ ਕੀਤਾ ਹੈ। ਬਹੁਤ ਸਾਰੀਆਂ ਚੀਜ਼ਾਂ ਦਿਮਾਗ ’ਚ ਘੁੰਮ ਰਹੀਆਂ ਹਨ। ਸਮਾਂ ਆਉਣ ’ਤੇ ਸਭ ਕੁਝ ਕਰਾਂਗੇ।

ਨਿਮਰਤ– ਮੈਂ ਮਹਾਰਾਣੀ ਜਿੰਦ ਕੌਰ ਜੀ ਦੀ ਬਾਇਓਪਿਕ ਕਰਨਾ ਚਾਹੁੰਦੀ ਹਾਂ। ਪਤਾ ਨਹੀਂ ਇਹ ਕਦੋਂ ਸੰਭਵ ਹੋਵੇਗਾ ਪਰ ਮੈਂ ਇਹ ਕਿਰਦਾਰ ਕਰਨਾ ਚਾਹੁੰਦੀ ਹਾਂ।


Rahul Singh

Content Editor

Related News