ਐਮਾਜ਼ੋਨ ਨੇ 61.5 ਹਜ਼ਾਰ ਕਰੋੜ ਰੁਪਏ ’ਚ ਖਰੀਦਿਆ 97 ਸਾਲ ਪੁਰਾਣਾ ਐੱਮ. ਜੀ. ਐੱਮ. ਸਟੂਡੀਓਜ਼

Thursday, May 27, 2021 - 01:17 PM (IST)

ਐਮਾਜ਼ੋਨ ਨੇ 61.5 ਹਜ਼ਾਰ ਕਰੋੜ ਰੁਪਏ ’ਚ ਖਰੀਦਿਆ 97 ਸਾਲ ਪੁਰਾਣਾ ਐੱਮ. ਜੀ. ਐੱਮ. ਸਟੂਡੀਓਜ਼

ਮੁੰਬਈ (ਬਿਊਰੋ)– ਹਾਲੀਵੁੱਡ ਦੇ ਸੁਨਹਿਰੀ ਦੌਰ ਦਾ ਗਵਾਹ ਮੈਟਰੋ-ਗੋਲਡਵਿਨ-ਮੇਅਰ (ਐੱਮ. ਜੀ. ਐੱਮ.) ਸਟੂਡੀਓਜ਼ ਛੇਤੀ ਹੀ ਐਮਾਜ਼ੋਨ ਦਾ ਹੋ ਜਾਵੇਗਾ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਇਕ ਡੀਲ ਵੀ ਸਾਈਨ ਹੋ ਚੁੱਕੀ ਹੈ। ਇਹ ਡੀਲ 845 ਕਰੋੜ ਡਾਲਰ (ਲਗਭਗ 61,500 ਕਰੋੜ ਰੁਪਏ) ’ਚ ਹੋਈ ਹੈ। ਰੈਗੂਲੇਟਰੀ ਬਾਡੀਜ਼ ਦੀ ਇਜਾਜ਼ਤ ਮਿਲਦਿਆਂ ਹੀ ਇਹ ਅਮਲ ’ਚ ਆ ਜਾਵੇਗਾ।

ਐੱਮ. ਜੀ. ਐੱਮ. ਸਟੂਡੀਓਜ਼ ਸਾਰੀਆਂ ਜੇਮਜ਼ ਬਾਂਡ ਫ਼ਿਲਮਾਂ ਦੇ ਅਧਿਕਾਰਾਂ ਦਾ ਮਾਲਕ ਹੈ। ਐੱਮ. ਜੀ. ਐੱਮ. ਦੀ ਸਥਾਪਨਾ 17 ਅਪ੍ਰੈਲ 1924 ਨੂੰ ਮਾਰਕਸ ਲੋਏ ਤੇ ਲੁਈਸ ਬੀ ਮੇਅਰ ਵਲੋਂ ਕੀਤੀ ਗਈ ਸੀ। ਮਨੋਰੰਜਨ ਦੀ ਦੁਨੀਆ ’ਚ ਫ਼ਿਲਮਾਂ, ਵੈੱਬ ਸੀਰੀਜ਼ ਤੇ ਹੋਰ ਕੰਟੈਂਟ ਦੇ ਸਿੱਧੇ ਓ. ਟੀ. ਟੀ. ’ਤੇ ਸ਼ੁਰੂ ਹੋਏ ਡਿਸਟ੍ਰੀਬਿਊਸ਼ਨ ਦੇ ਦੌਰ ’ਚ ਦੋ ਵੱਡੀਆਂ ਕੰਪਨੀਆਂ ਦਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਮੇਲ ਹੈ। ਐਮਾਜ਼ਾਨ ਨੇ ਬੁੱਧਵਾਰ ਨੂੰ ਕਿਹਾ ਕਿ ਐੱਮ. ਜੀ. ਐੱਮ. ਬੇਸ਼ਕੀਮਤੀ ਹੈ, ਇਸ ਲਈ ਇਸ ਨੇ ਸੰਭਾਵਿਤ ਹੋਰ ਖਰੀਦਦਾਰਾਂ ਜਿਵੇਂ ਕਿ ਐਪਲ ਤੇ ਕਾਮਕਾਸਟ ਨਾਲੋਂ 40 ਫੀਸਦੀ ਵਧੇਰੇ ਦਾ ਭੁਗਤਾਨ ਕਰਕੇ ਸੌਦਾ ਕੀਤਾ।

ਇਹ ਖ਼ਬਰ ਵੀ ਪੜ੍ਹੋ : ‘ਦਿਓਰ ਦੇ ਵਿਆਹ ’ਚ ਨੱਚ ਲੈਣ ਦੇ’ ਗੀਤ ’ਤੇ ਸ਼ਹਿਨਾਜ਼ ਗਿੱਲ ਨੇ ਪਾਇਆ ਗਿੱਧਾ, ਵੀਡੀਓ ਹੋਈ ਵਾਇਰਲ

ਐਮਾਜ਼ੋਨ ਵਲੋਂ ਇਹ ਸਮਝੌਤਾ ਉਸ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਦੁਨੀਆ ਦੀ ਸਭ ਤੋਂ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀ ਏਟੀ ਐਂਡ ਟੀ ਨੇ ਇਕ ਨਵੀਂ ਮੀਡੀਆ ਦਿੱਗਜ ਬਣਾਉਣ ਲਈ ਵਾਰਨਰ ਮੀਡੀਆ ਨੂੰ ਡਿਸਕਵਰੀ ਨਾਲ ਮਿਲਾਉਣ ਦਾ ਐਲਾਨ ਕੀਤਾ ਹੈ। ਇਹ ਮੁੱਖ ਸਟ੍ਰੀਮਿੰਗ ਪਲੇਟਫਾਰਮ ਜਿਵੇਂ ਕਿ ਨੈੱਟਫਲਿਕਸ ਨਾਲ ਮੁਕਾਬਲਾ ਕਰੇਗੀ। ਇਹ ਡੀਲ ਵੱਡੀ ਤਕਨੀਕ ਤੇ ਮਨੋਰੰਜਨ ਉਦਯੋਗ ਦੇ ਅਭਿਆਸ ਦੇ ਯੁੱਗ ’ਚ ਮਹੱਤਵਪੂਰਨ ਮੰਨੀ ਜਾਂਦੀ ਹੈ। ਹੁਣ ਤੱਕ ਇੰਟਰਨੈਟ ਕੰਪਨੀਆਂ ਆਪਣੇ ਆਪ ਅੱਗੇ ਵਧੀਆਂ ਹਨ। ਉਨ੍ਹਾਂ ਨੇ ਕਦੇ ਹਾਲੀਵੁੱਡ ਸਟੂਡੀਓ ਦੀ ਮਦਦ ਨਹੀਂ ਲਈ।

ਸਟ੍ਰੀਮਿੰਗ ਪਲੇਟਫਾਰਮ ਦਾ ਦਰਸ਼ਕ ਮਹਾਮਾਰੀ ਦੇ ਸਮੇਂ ਬਹੁਤ ਜ਼ਿਆਦਾ ਵਧਿਆ, ਇਸ ਲਈ ਐਮਾਜ਼ੋਨ ਦਾ ਵੀ ਇਸ ਦਿਸ਼ਾ ਵੱਲ ਵਧੇਰੇ ਰੁਝਾਨ ਹੋ ਗਿਆ। ਕੰਪਨੀ ਨੇ ‘ਕਮਿੰਗ 2 ਅਮੇਰਿਕਾ’ ਦੇ ਅਧਿਕਾਰਾਂ ਲਈ ਤਕਰੀਬਨ 900 ਕਰੋੜ ਰੁਪਏ ਤੇ ‘ਦਿ ਟੁਮਾਰੋ ਵਾਰ’ ਲਈ 1450 ਕਰੋੜ ਰੁਪਏ ਦਿੱਤੇ। ਐਮਾਜ਼ੋਨ ਨੂੰ ਆਸਕਰ ਐਵਾਰਡਾਂ ਦੀ ਵੀ ਇੱਛਾ ਹੈ। ਇਸ ਲਈ ਕੰਪਨੀ ਨੇ ‘ਸਾਊਂਡ ਆਫ ਮੈਟਲ’ ਦੇ ਅਧਿਕਾਰ ਖਰੀਦੇ ਸਨ। ਫ਼ਿਲਮ ਨੇ ਸਰਵੋਤਮ ਧੁਨੀ ਤੇ ਸੰਪਾਦਨ ਦਾ ਆਸਕਰ ਐਵਾਰਡ ਜਿੱਤਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪਿਤਾ ਨੇ ਨੀਰੂ ਬਾਜਵਾ ਦੇ ਸਿਰ ’ਤੇ ਪੱਗ ਰੱਖ ਕੇ ਆਖੀ ਸੀ ਇਹ ਗੱਲ, ਭਾਵੁਕ ਹੁੰਦਿਆਂ ਕੀਤੀ ਸਾਂਝੀ

ਐੱਮ. ਜੀ. ਐੱਮ. ਕੋਲ ਇਸ ਦੀ ਲਾਇਬ੍ਰੇਰੀ ’ਚ 4 ਹਜ਼ਾਰ ਤੋਂ ਵੱਧ ਫ਼ਿਲਮਾਂ ਹਨ। ਇਨ੍ਹਾਂ ’ਚ 12 ‘ਐਂਗਰੀ ਮੈਨ’, ‘ਬੇਸਿਕ ਇੰਸਟਿੰਕਟ’, ‘ਕ੍ਰੀਡ’, ‘ਜੇਮਜ਼ ਬਾਂਡ’, ‘ਲੀਗਲੀ ਬਲੌਂਡ’, ‘ਮੂਨਸਟ੍ਰੱਕ’, ‘ਰੇਜ਼ਿੰਗ ਬੁੱਲ’, ‘ਰੋਬੋਕੌਪ’, ‘ਰੌਕੀ’, ‘ਸਾਈਲੈਂਸ ਆਫ ਦਿ ਲੈਂਬਸ’, ‘ਸਟਾਰਗੇਟ’, ‘ਥੈਲਮਾ ਐਂਡ ਲੁਇਸ’, ‘ਟੌਂਬ ਰਾਈਡਰ’, ‘ਦਿ ਮੈਗਨੀਫਿਸੈਂਟ ਸੇਵਨ’, ‘ਦਿ ਪਿੰਕ ਪੈਂਥਰ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।

ਇਸ ’ਚ 17 ਹਜ਼ਾਰ ਤੋਂ ਵੱਧ ਟੀ. ਵੀ. ਸ਼ੋਅਜ਼ ਸ਼ਾਮਲ ਹਨ। ਐੱਮ. ਜੀ. ਐੱਮ. ਵਲੋਂ ਸੁਪਰਹਿੱਟ ਟੀ. ਵੀ. ਸੀਰੀਅਲ ‘ਫਾਰਗੋ’, ‘ਦਿ ਹੈਂਡਸਮੇਡ ਟੇਲ’ ਤੇ ‘ਵਾਈਕਿੰਗਜ਼’ ਬਣਾਈ ਗਈ ਹੈ। ਸਾਰੀਆਂ ਐਨੀਮੇਸ਼ਨ ਫ਼ਿਲਮਾਂ ਦੇ ਅਧਿਕਾਰਾਂ ਤੋਂ ਇਲਾਵਾ ਕੰਪਨੀ ਨੇ ਸਾਰੀਆਂ ਜੇਮਜ਼ ਬਾਂਡ ਫ਼ਿਲਮਾਂ ਲਈ ਪ੍ਰਸਾਰਣ, ਪ੍ਰਦਰਸ਼ਨ ਤੇ ਵੰਡ ਦੇ ਅਧਿਕਾਰ ਵੀ ਦਿੱਤੇ ਹਨ। ਨਵੀਂ ਜੇਮਜ਼ ਬਾਂਡ ਸੀਰੀਜ਼ ਦੀ ਫ਼ਿਲਮ ‘ਨੋ ਟਾਈਮ ਟੂ ਡਾਈ’ ਤਿਆਰ ਹੈ ਤੇ ਇਸ ਦੀ ਰਿਲੀਜ਼ ਚਾਰ ਵਾਰ ਮੁਲਤਵੀ ਕੀਤੀ ਗਈ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News