ਥਰਮਲ ਪਲਾਂਟ ਢਾਹੁਣ ਦੀ ਗੱਲ 'ਤੇ ਦੁੱਖੀ ਹੋਏ ਅਮਰਦੀਪ ਸਿੰਘ ਗੱਲ

06/24/2020 7:53:14 PM

ਜਲੰਧਰ(ਬਿਊਰੋ) - ਬਠਿੰਡਾ ਦੇ ਥਰਮਲ ਪਲਾਂਟ ਨੂੰ ਬੰਦ ਕਰਵਾਉਣ ਦਾ ਮਾਮਲਾ ਇਸ ਵੇਲੇ ਖੂਬ ਭੱਖਿਆ ਹੈ ਤੇ ਪੂਰੇ ਪੰਜਾਬ 'ਚ ਇਸ ਮੁੱਦੇ 'ਤੇ ਕਾਫੀ ਚਰਚਾ ਹੋ ਰਹੀ ਹੈ ਇਸ ਸਭ ਦੇ ਚਲਦਿਆਂ ਮਸ਼ਹੂਰ ਪੰਜਾਬੀ ਗੀਤਕਾਰ, ਫਿਲਮ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਇਕ ਪੋੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ ਜਿਸ 'ਚ ਉਹ ਥਰਮਲ ਪਲਾਂਟ ਦੀ ਅਹਿਮੀਅਤ ਨੂੰ ਦੱਸਦੇ ਹੋਏ ਉਸ ਨੂੰ ਢਾਹੇ ਜਾਣ 'ਤੇ ਆਪਣਾ ਦੁੱਖ ਵਿਅਕਤ ਕਰ ਰਹੇ ਨੇ । ਅਮਰਦੀਪ ਸਿੰਘ ਗਿੱਲ ਲਿਖਦੇ ਹਨ : 

ਓਦੋਂ ਮੈਂ ਸਕੂਲ ਵੀ ਨਹੀਂ ਲੱਗਿਆ ਜਦ ਬਠਿੰਡੇ ਥਰਮਲ ਪਲਾਂਟ ਬਣਨ ਲੱਗਿਆ ਸੀ 'ਤੇ ਜਦ ਉਹ ਬਣ ਕੇ ਪੂਰਾ ਹੋਇਆ ਤਾਂ ਮੈਂ ਦੱਸਵੀਂ ਪਾਸ ਕਰ ਲਈ ਸੀ , ਭਾਵ ਲਗਭਗ ਬਾਰਾਂ ਸਾਲ ਥਰਮਲ ਨੂੰ ਬਣਦਿਆਂ ਲੱਗ ਗਏ । ਥਰਮਲ ਬਠਿੰਡੇ ਦੀ ਸ਼ਾਨ ਵੀ ਬਣਿਆ , ਬਾਬਾ ਬਲਵੰਤ ਗਾਰਗੀ ਜੀ ਨੇ ਏਹਦੇ 'ਤੇ " ਰੱਬ ਦਾ ਘੱਗਰਾ " ਵਰਗਾ ਖ਼ੂਬਸੂਰਤ ਲੇਖ ਲਿਖਿਆ । ਪੰਜਾਬੀ ਗੀਤਾਂ 'ਚ ਇਸਦਾ ਜ਼ਿਕਰ ਹੋਇਆ , ਫੇਰ ਏਸੇ ਥਰਮਲ ਦੀ ਸੁਆਹ ਇਲਾਕਾ ਨਿਵਾਸੀਆਂ ਨੂੰ ਰੜਕਣ ਵੀ ਲੱਗ ਪਈ । ਮੈਂ ਆਪਣੀਆਂ ਦੋਹਾਂ ਫ਼ਿਲਮਾਂ " ਜੋਰਾ ਦਸ ਨੰਬਰੀਆ " ਅਤੇ "ਜੋਰਾ - ਦੂਜਾ ਅਧਿਆਇ " 'ਚ ਥਰਮਲ ਨੂੰ ਵਿਸ਼ੇਸ਼ ਤੌਰ 'ਤੇ ਸ਼ੂਟ ਕੀਤਾ ਕਿਓਂਕਿ ਥਰਮਲ ਅਤੇ ਬਠਿੰਡੇ ਦਾ ਕਿਲ੍ਹਾ ਦੋਨੋਂ ਬਠਿੰਡੇ ਦੇ ਮੁੱਖ ਚਿੰਨ ਹਨ । ਦੋਹਾਂ ਤੋਂ ਬਠਿੰਡਾ ਪਛਾਣਿਆ ਜਾਂਦਾ ਹੈ । ਬਠਿੰਡੇ ਦਾ ਕਿਲ੍ਹਾ ਸਦੀਆਂ ਪੁਰਾਣਾ ਹੈ ਅਤੇ ਥਰਮਲ ਸਿਰਫ ਅੱਧੀ ਸਦੀ ਪੁਰਾਣਾ , ਹੁਣ ਕਹਿੰਦੇ ਥਰਮਲ ਦੀ ਮਿਆਦ ਪੁੱਗ ਗਈ ਹੈ , ਇਸਨੂੰ ਢਾਹ ਦਿੱਤਾ ਜਾਵੇਗਾ , ਝੀਲਾਂ ਪੂਰ ਦਿੱਤੀਆਂ ਜਾਣਗੀਆਂ । ਮੈਨੂੰ ਨਹੀਂ ਪਤਾ ਕਿ ਅਸਲ 'ਚ ਕੀ ਹੋਵੇਗਾ , ਪਰ ਇਹ ਸੱਚ ਹੈ ਕਿ ਇਹ ਸੁਣਕੇ ਹੀ ਮੈਨੂੰ ਮੁੰਬਈ ਬੈਠੇ ਨੂੰ ਬਹੁਤ ਦੁੱਖ ਹੋਇਆ ਹੈ । ਬਠਿੰਡੇ ਮੇਰਾ ਘਰ ਹੈ , ਏਥੇ ਮੇਰਾ ਜਨਮ ਹੋਇਆ ਹੈ । ਹੁਣ ਦੂਰ ਬੈਠੇ ਨੂੰ ਸਾਰਾ ਬਠਿੰਡਾ ਹੀ ਆਪਣਾ ਘਰ ਲਗਦਾ ਹੈ , ਇਸ ਲਈ ਮੇਰਾ ਜਜ਼ਬਾਤੀ ਹੋਣਾ ਕੁਦਰਤੀ ਵੀ ਹੈ । ਮੈਨੂੰ ਯਾਦ ਹੈ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਕਿ ਝੀਲਾਂ ਪੱਟਣ ਦਾ ਠੇਕਾ ਠੇਕੇਦਾਰ ਅਮਰਨਾਥ ਕੋਲ ਹੈ ਅਤੇ ਅਮਰਨਾਥ ਹੀ ਅਲੰਕਾਰ ਸਿਨੇਮਾ ਬਣਾ ਰਿਹਾ ਹੈ । ਇੱਕ ਪਾਸੇ ਝੀਲਾਂ ਤਿਆਰ ਹੋਈਆਂ , ਦੂਜੇ ਪਾਸੇ ਬਠਿੰਡੇ ਦਾ ਸਭ ਤੋਂ ਵੱਡਾ ਸਿਨੇਮਾ ਤਿਆਰ ਹੋ ਗਿਆ । ਇਸ ਸਿਨੇਮਾ 'ਚ ਵੀ ਮੈਂ " ਜੋਰਾ ਦਸ ਨੰਬਰੀਆ " ਦੀ ਸ਼ੂਟਿੰਗ ਕੀਤੀ ਸੀ । ਕੁੱਝ ਸਮਾਂ ਪਹਿਲਾਂ ਇਹ ਸਿਨੇਮਾ ਵੀ ਢਾਹ ਦਿੱਤਾ ਗਿਆ ਤੇ ਹੁਣ ਥਰਮਲ ਢਾਹੁਣ ਤੇ ਝੀਲਾਂ ਪੂਰਨ ਦੀ ਖ਼ਬਰ ... ! ਸਮਾਂ ਬੜਾ ਬਲਵਾਨ ਹੈ , ਬਹੁਤ ਕੁੱਝ ਢਾਹੁੰਦਾ ਹੈ ਬਹੁਤ ਕੁੱਝ ਨਵਾਂ ਬਣਾਉਂਦਾ ਹੈ । ਸਮੇਂ ਦੀਆਂ ਸਰਕਾਰਾਂ ਬਾਰੇ ਤਾਂ ਆਪ ਸਭ ਨੂੰ ਪਤਾ ਹੀ ਹੈ , ਉਹ ਦੇਸ਼ ਨੂੰ ਗਹਿਣੇ ਰੱਖਣ ਤੱਕ ਪਹੁੰਚ ਗਈਆਂ ਹਨ , ਸੋ ਇੱਕ ਥਰਮਲ ਦੀ ਕੀ ਔਕਾਤ ਹੈ !
ਬਾਬਾ ਗਾਰਗੀ ਜਿਉਂਦਾ ਹੁੰਦਾ ਤਾਂ ਉਸਨੇ ਲਿਖਣਾ ਸੀ , " ਓਏ ਭਲਿਓ ਮਾਣਸੋ.. ਬਠਿੰਡੇ ਦਾ ਰੱਬ ਨੰਗਾ ਨਾ ਕਰੋ ! "

ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਅਮਰਦੀਪ ਸਿੰਘ ਗਿੱਲ ਕਈ ਪੰਜਾਬੀ ਹਿੱਟ ਗੀਤ ਲਿੱਖ ਚੁੱਕੇ ਹਨ। ਅਮਰਦੀਪ ਸਿੰਘ ਗਿੱਲ ਦੇ ਲਿੱਖੇ ਗੀਤਾਂ ਨੂੰ ਕਈ ਨਾਮੀ ਗਾਇਕਾਂ ਨੇ ਆਵਾਜ਼ ਦਿੱਤੀ ਹੈ। ਉਹਨਾਂ ਨੇ ਦੋ ਪੰਜਾਬੀ ਫਿਲਮਾਂ ਤੇ ਲਘੂ ਫਿਲਮਾਂ ਵੀ ਡਾਇਰੈਕਟ ਕੀਤੀਆਂ ਹਨ। 


Lakhan

Content Editor

Related News