ਅਮਰ ਸੈਂਬੀ ਦਾ ਨਵਾਂ ਕਿਸਾਨੀ ਗੀਤ 'ਗੱਲਾਂ ਹੁਣ ਦੇ ਵਕਤ ਦੀਆਂ' ਹੋਇਆ ਰਿਲੀਜ਼

Saturday, Jan 23, 2021 - 04:09 PM (IST)

ਅਮਰ ਸੈਂਬੀ ਦਾ ਨਵਾਂ ਕਿਸਾਨੀ ਗੀਤ 'ਗੱਲਾਂ ਹੁਣ ਦੇ ਵਕਤ ਦੀਆਂ' ਹੋਇਆ ਰਿਲੀਜ਼

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਅਮਰ ਸੈਂਬੀ ਆਪਣੇ ਨਵੇਂ ਕਿਸਾਨੀ ਗੀਤ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਹਨ। ਉਹ 'ਗੱਲਾਂ ਹੁਣ ਦੇ ਵਕਤ ਦੀਆਂ' ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਹਨ, ਜਿਸ 'ਚ ਉਹ ਚੱਲ ਰਹੇ ਹਲਾਤਾਂ ਨੂੰ ਬਿਆਨ ਕਰ ਰਹੇ ਹਨ। ਇਸ ਗੀਤ ਰਾਹੀਂ ਹੰਕਾਰੀ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਈਆਂ ਹਨ। ਇਸ ਤੋਂ ਇਲਾਵਾ ਗੀਤ 'ਚ ਅਮਰ ਸੈਂਬੀ ਨੇ ਪੰਜਾਬੀਆਂ ਦੀ ਅਣਖ ਤੇ ਹਿੰਮਤਾਂ ਨੂੰ ਬਿਆਨ ਕੀਤਾ ਹੈ।  ਇਸ ਗੀਤ ਦੇ ਬੋਲ ਦਿਲ ਛੂਹ ਜਾਣ ਵਾਲੇ ਨਾਮੀ ਗੀਤਕਾਰ ਗਿੱਲ ਰੌਂਤਾ ਦੀ ਕਲਮ 'ਚੋਂ ਨਿਕਲੇ ਨੇ ਤੇ ਮਿਊਜ਼ਿਕ Bravo Music ਵਾਲਿਆਂ ਨੇ ਦਿੱਤਾ ਹੈ। ਗਾਣੇ ਦਾ ਲਿਰਿਕਲ ਵੀਡੀਓ The Videoholics ਵਾਲਿਆਂ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਮਰ ਸੈਂਬੀ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ, ਜਿੰਨ੍ਹਾਂ 'ਚ 'ਗੱਲ ਕਰਕੇ ਵੇਖੀ', 'ਅਣਖੀ', 'ਰੰਮ ਤੇ ਰਜਾਈ', 'ਮੁੰਡਾ ਸੋਹਣਾ ਜਿਹਾ' ਆਦਿ ਕਈ ਗੀਤ ਸ਼ਾਮਲ ਹਨ। ਪਿੱਛੇ ਜਿਹੇ ਉਹ ਸਿੱਖ ਧਰਮ ਦੇ ਇਤਿਹਾਸ ਤੇ ਅਣਖ ਨੂੰ ਬਿਆਨ ਕਰਦਾ ਕਿਸਾਨੀ ਗੀਤ 'ਨਲੂਏ ਦਾ ਖੰਡਾ' ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।

ਦੱਸ ਦਈਏ ਪਿਛਲੇ ਦੋ ਮਹੀਨਿਆਂ ਤੋਂ ਵੱਧ ਹੋ ਗਏ ਹਨ ਕਿਸਾਨਾਂ ਨੂੰ ਦਿੱਲੀ ਦੀ ਸਰਹੱਦਾਂ 'ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਪਰ ਕੇਂਦਰ ਸਰਕਾਰ ਆਪਣਾ ਹੰਕਾਰੀਪੁਣੇ ਦਾ ਮੁਜ਼ਹਾਰਾ ਕਰ ਰਹੀ ਹੈ। ਪੰਜਾਬੀ ਕਲਾਕਾਰ ਵੀ ਆਪਣੀ ਕਲਾ ਦੇ ਰਾਹੀਂ ਕਿਸਾਨਾਂ ਦੇ ਹੌਸਲੇ ਨੂੰ ਹੋਰ ਬੁਲੰਦ ਕਰ ਰਹੇ ਹਨ। ਇਸ ਧਰਨੇ ਪ੍ਰਦਰਸ਼ਨ ਨੂੰ ਪੰਜਾਬੀ ਕਲਾਕਾਰਾਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਜਿੱਥੇ ਦੇਸ਼ 'ਚ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਜਾਰੀ ਹਨ। ਉੱਥੇ ਹੀ ਵਿਦੇਸ਼ 'ਚ ਵੀ ਲੋਕਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਿਦੇਸ਼ਾਂ 'ਚ ਵੱਸਦੇ ਕਲਾਕਾਰ ਵੀ ਇਸ ਰੋਸ ਪ੍ਰਦਰਸ਼ਨ 'ਚ ਹਿੱਸਾ ਲੈ ਰਹੇ ਹਨ ।

ਖੇਤੀ ਕਾਨੂੰਨਾਂ ਨੇ ਇਕੋ ਮੰਚ 'ਤੇ ਇਕੱਠਾ ਕੀਤਾ ਪੰਜਾਬੀ ਕਲਾਕਾਰ ਭਾਈਚਾਰਾ 
ਤਾਲਾਬੰਦੀ 'ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ 'ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ 'ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ 'ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ 'ਤੇ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।

ਗੀਤਾਂ 'ਚ ਆਇਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ 'ਚ ਹੀ ਘੱਟ ਬਜਟ 'ਚ ਮੋਬਾਇਲਾਂ 'ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨ ਅੰਦੋਲਨ 'ਤੇ ਹੁਣ ਤਕ ਸੈਂਕੜੇ ਦੀ ਗਿਣਤੀ 'ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ 'ਚ ਵੀ ਅੱਗੇ ਹੁੰਦੇ ਹਨ। ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗਲ਼ਤ ਸਾਬਿਤ ਕਰ ਦਿਖਾਇਆ ਹੈ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।


author

sunita

Content Editor

Related News