ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’

11/13/2022 10:42:37 AM

ਮੁੰਬਈ (ਬਿਊਰੋ)– ਅਦਾਕਾਰ ਅਕਸ਼ੇ ਕੁਮਾਰ ਨੇ ਸ਼ਨੀਵਾਰ ਨੂੰ ‘ਹੇਰਾ ਫੇਰੀ’ ਫ੍ਰੈਂਚਾਇਜ਼ੀ ਤੋਂ ਅਲੱਗ ਹੋਣ ਦੀ ਪੁਸ਼ਟੀ ਕੀਤੀ ਤੇ ਇਸ ਸੀਰੀਜ਼ ਦੀ ਤੀਜੀ ਫ਼ਿਲਮ ਦਾ ਹਿਸਾ ਨਹੀਂ ਬਣਨ ਲਈ ਰਚਨਾਤਮਕ ਮਤਭੇਦਾਂ ਨੂੰ ਵਜ੍ਹਾ ਦੱਸਿਆ। ਸਾਲ 2000 ’ਚ ਆਈ ‘ਹੇਰਾ ਫੇਰੀ’ ’ਚ ਅਕਸ਼ੇ ਨਾਲ ਅਦਾਕਾਰ ਪਰੇਸ਼ ਰਾਵਲ ਤੇ ਸੁਨੀਲ ਸ਼ੈੱਟੀ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਸਨ।

ਬਾਅਦ ’ਚ 2006 ’ਚ ‘ਫਿਰ ਹੇਰਾ ਫੇਰੀ’ ਆਈ। ਕੁਮਾਰ ਨੇ ਰਾਜੂ, ਰਾਵਲ ਨੇ ਬਾਬੂ ਭਈਆ ਤੇ ਸ਼ੈੱਟੀ ਨੇ ਸ਼ਿਆਮ ਦੀਆਂ ਭੂਮਿਕਾਵਾਂ ਨਿਭਾਈਆਂ ਸਨ। ਪਿਛਲੇ ਕੁਝ ਸਮੇਂ ਤੋਂ ਫ਼ਿਲਮ ਦੇ ਤੀਜੇ ਭਾਗ ’ਤੇ ਕੰਮ ਹੋ ਰਿਹਾ ਹੈ ਤੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਰਾਵਲ ਨੇ ਪੁਸ਼ਟੀ ਕੀਤੀ ਸੀ ਕਿ ਆਗਾਮੀ ਫ਼ਿਲਮ ’ਚ ਅਦਾਕਾਰ ਕਾਰਤਿਕ ਆਰੀਅਨ ਰਾਜੂ ਦੀ ਭੂਮਿਕਾ ’ਚ ਦਿਖਣਗੇ।

ਅਕਸ਼ੇ ਨੇ ਇਥੇ ‘ਐੱਚ. ਟੀ. ਲੀਡਰਸ਼ਿਪ ਸਮਿਟ’ ’ਚ ਕਿਹਾ, ‘‘ਮੈਂ ‘ਹੇਰਾ ਫੇਰੀ’ ਦਾ ਹਿੱਸਾ ਰਿਹਾ ਹਾਂ। ਇਸ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਹਨ ਤੇ ਮੇਰੇ ਕੋਲ ਵੀ ਇਸ ਦੀਆਂ ਚੰਗੀਆਂ ਯਾਦਾਂ ਹਨ ਪਰ ਮੈਨੂੰ ਦੁੱਖ ਹੈ ਕਿ ਇੰਨੇ ਸਾਲਾਂ ਤੋਂ ਅਸੀਂ ਤੀਜਾ ਭਾਗ ਨਹੀਂ ਬਣਾਇਆ। ਮੈਨੂੰ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਮੈਂ ਸਕ੍ਰੀਨਪਲੇਅ ਤੇ ਸਕ੍ਰਿਪਟ ਤੋਂ ਸੰਤੁਸ਼ਟ ਨਹੀਂ ਸੀ। ਮੈਂ ਇਸ ਤੋਂ ਖ਼ੁਸ਼ ਨਹੀਂ ਸੀ।’’

ਇਹ ਖ਼ਬਰ ਵੀ ਪੜ੍ਹੋ : ਕੀ ਹਿਮਾਂਸ਼ੀ ਖੁਰਾਣਾ ਦਾ ਆਸਿਮ ਰਿਆਜ਼ ਨਾਲ ਹੋਇਆ ਹੈ ਬ੍ਰੇਕਅੱਪ? ਸੋਸ਼ਲ ਮੀਡੀਆ 'ਤੇ ਛਿੜੀ ਚਰਚਾ

ਅਕਸ਼ੇ ਨੇ ਕਿਾਹ ਕਿ ‘ਹੇਰਾ ਫੇਰੀ’ ਸੀਰੀਜ਼ ਦੀਆਂ ਫ਼ਿਲਮਾਂ ਉਨ੍ਹਾਂ ਦੀ ਜ਼ਿੰਦਗੀ ਤੇ ਯਾਤਰਾ ਦਾ ਇਕ ਵੱਡਾ ਹਿੱਸਾ ਰਹੀ ਹੈ ਤੇ ਉਹ ਆਗਾਮੀ ਫ਼ਿਲਮ ’ਚ ਯੋਗਦਾਨ ਨਾ ਦੇਣ ਕਾਰਨ ਨਿਰਾਸ਼ ਹਨ। ਕੁਮਾਰ ਨੇ ਕਿਹਾ, ‘‘ਮੈਂ ਉਹੀ ਕਰਨਾ ਹੈ, ਜੋ ਲੋਕ ਦੇਖਣਾ ਚਾਹੁੰਦੇ ਹਨ। ਇਸ ਲਈ ਮੈਂ ਪਿੱਛੇ ਹੱਟ ਗਿਆ। ਮੇਰੇ ਲਈ ‘ਹੇਰਾ ਫੇਰੀ’ ਜ਼ਿੰਦਗੀ ਦਾ ਇਕ ਹਿੱਸਾ ਹੈ, ਮੇਰੀ ਯਾਤਰਾ ਬਹੁਤ ਵੱਡੀ ਹੈ। ਮੈਂ ਇਸ ਬਾਰੇ ਉਨਾ ਹੀ ਨਿਰਾਸ਼ ਹਾਂ ਤੇ ਮੈਂ ਤੀਜਾ ਭਾਗ ਕਰਨ ਲਈ ਸਮਰੱਥ ਨਹੀਂ ਹਾਂ ਪਰ ਜਿਸ ਤਰ੍ਹਾਂ ਨਾਲ ਚੀਜ਼ਾਂ ਰਚਨਾਤਮਕ ਰੂਪ ਨਾਲ ਆਕਾਰ ਲੈ ਰਹੀ ਹੈ, ਉਸ ਤੋਂ ਮੈਂ ਖ਼ੁਸ਼ ਨਹੀਂ ਹਾਂ।’’

ਕੁਮਾਰ ਨੇ ਕਿਹਾ, ‘‘ਦਰਸ਼ਕ ਕੁਝ ਅਲੱਗ ਚਾਹੁੰਦੇ ਹਨ, ਸਾਨੂੰ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਉਹ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਸਾਡੀ ਗਲਤੀ ਹੈ। ਇਹ ਦਰਸ਼ਕਾਂ ਦੀ ਗਲਤੀ ਨਹੀਂ ਹੈ ਕਿ ਉਹ ਨਹੀਂ ਆ ਰਹੇ ਹਨ। ਸਾਨੂੰ ਮੁੜ ਵਿਚਾਰ ਕਰਨਾ ਹੋਵੇਗਾ ਤੇ ਪਿਛੋਕੜ ’ਚ ਜੋ ਅਸੀਂ ਬਣਾਇਆ ਹੈ, ਉਸ ਨੂੰ ਖ਼ਤਮ ਕਰਨਾ ਹੋਵੇਗਾ। ਸਾਨੂੰ ਸਿਰਫ ਇਸ ਨੂੰ ਹੇਠਾਂ ਰੱਖਣਾ ਹੈ ਤੇ ਫਿਰ ਤੋਂ ਸ਼ੁਰੂ ਕਰਨਾ ਹੈ।’’

ਅਦਾਕਾਰ ਨੇ ਕਿਹਾ, ‘‘ਹੋਰ ਵੀ ਕਈ ਕਾਰਨ ਹਨ। ਇਹ ਅਜਿਹਾ ਕੁਝ ਨਹੀਂ ਹੈ, ਜੋ ਸਿਰਫ ਅਦਾਕਾਰ ਹੀ ਕਰ ਸਕਦੇ ਹਨ ਪਰ ਨਿਰਮਾਤਾਵਾਂ ਤੇ ਥਿਏਟਰ ਮਾਲਕਾਂ ਨੂੰ ਵੀ ਇਸ ਬਾਰੇ ਸੋਚਣਾ ਹੋਵੇਗਾ। ਵਿਅਕਤੀਗਤ ਰੂਪ ਨਾਲ ਮੈਨੂੰ ਆਪਣੀ ਫੀਸ 30-40 ਫ਼ੀਸਦੀ ਤਕ ਕੰਮ ਕਰਨੀ ਹੋਵੇਗੀ। ਇਸੇ ਤਰ੍ਹਾਂ ਥਿਏਟਰ ਮਾਲਕਾਂ ਨੂੰ ਵੀ ਇਹ ਸਮਝਣਾ ਹੋਵੇਗਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News