ਮਾਂ ਤਾਂ ਮਾਂ ਹੈ, ਮਾਂ ਵਰਗਾ ਦੁਨੀਆ ’ਚ ਕੋਈ ਨਹੀਂ : ਅਕਸ਼ਰਾ ਸਿੰਘ

Saturday, May 07, 2022 - 10:51 AM (IST)

ਕਟੜਾ (ਅਮਿਤ)– ਭੋਜਪੁਰੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਅਕਸ਼ਰਾ ਸਿੰਘ ਨੇ ਸ਼ੁੱਕਰਵਾਰ ਨੂੰ ਵੈਸ਼ਣੋ ਦੇਵੀ ਦੇ ਦਰਬਾਰ ’ਚ ਹਾਜ਼ਰੀ ਲਗਾਈ। ਉਨ੍ਹਾਂ ਨੇ ਸਵੇਰੇ ਕਟੜਾ ਤੋਂ ਸਾਂਝੀਛੱਤ ਤਕ ਦਾ ਸਫਰ ਹੈਲੀਕਾਪਟਰ ਨਾਲ ਤੈਅ ਕੀਤਾ। ਉਥੋਂ ਪੈਦਲ ਹੀ ਭਵਨ ਤੱਕ ਪਹੁੰਚ ਕੇ ਮਾਂ ਭਗਵਤੀ ਦੀਆਂ ਕੁਦਰਤੀ ਪਿੰਡੀਆਂ ਦੇ ਸਾਹਮਣੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਹੈਲੀਕਾਪਟਰ ਰਾਹੀਂ ਵਾਪਸ ਕਟੜਾ ਪਰਤੀ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਦੇ ਚਲਦਿਆਂ ਪਿਤਾ ਦੀ ਮੌਤ, ਕਰਜ਼ ’ਚ ਡੁੱਬਾ ਪਰਿਵਾਰ, ਨੇਪਾਲੀ ਲੜਕੀ ਲਈ ਮਸੀਹਾ ਬਣੇ ਸੋਨੂੰ ਸੂਦ

‘ਜਗ ਬਾਣੀ’ ਨਾਲ ਇੰਟਰਵਿਊ ਦੌਰਾਨ ਅਕਸ਼ਰਾ ਸਿੰਘ ਨੇ ਕਿਹਾ ਕਿ ਉਹ ਬਹੁਤ ਵੱਡੇ ਮੁਕਾਮ ’ਤੇ ਨਹੀਂ ਹੈ ਪਰ ਉਹ ਅੱਜ ਜਿਸ ਮੁਕਾਮ ’ਤੇ ਹੈ, ਉਸ ਦਾ ਸਾਰਾ ਸਿਹਰਾ ਉਸ ਦੇ ਮਾਪਿਆਂ ਤੇ ਦਰਸ਼ਕਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ’ਤੇ ਹਰ ਵੇਲੇ ਮਾਤਾ ਰਾਣੀ ਦੀ ਕਿਰਪਾ ਰਹੀ ਹੈ। ਆਪਣੇ ਕਰੀਅਰ ਦੇ ਸੰਘਰਸ਼ ਨੂੰ ਯਾਦ ਕਰਦਿਆਂ ਉਸ ਨੇ ਕਿਹਾ ਕਿ ਇਕ ਸਮਾਂ ਬਹੁਤ ਹੀ ਦੁਖਦਾਈ ਸੀ। ਉਸ ਦੌਰਾਨ ਉਹ ਮਾਤਾ ਰਾਣੀ ਦੇ ਦਰਸ਼ਨਾਂ ਲਈ ਆਈ ਸੀ। ਚੜ੍ਹਾਈ ਚੜ੍ਹ ਕੇ ਮਾਂ ਵੈਸ਼ਣੋ ਦੇਵੀ ਦੇ ਦਰਬਾਰ ’ਚ ਹਾਜ਼ਰੀ ਲਗਾਈ ਤੇ ਦਰਸ਼ਨ ਕਰਨ ਦੇ ਨਾਲ ਹੀ ਸਾਰੀਆਂ ਤਕਲੀਫਾਂ ਖ਼ਤਮ ਹੋ ਗਈਆਂ। ਉਸ ਨੇ ਕਿਹਾ ਕਿ ਮਾਂ ਤਾਂ ਮਾਂ ਹੈ, ਮਾਂ ਵਰਗਾ ਦੁਨੀਆ ’ਚ ਕੋਈ ਨਹੀਂ।

ਵੈਸ਼ਣੋ ਦੇਵੀ ਯਾਤਰਾ ਦਾ ਸਫਰ ਹਰ ਵਾਰ ਵੱਖਰੀ ਦਿਸ਼ਾ ਦਿੰਦੈ

ਅਕਸ਼ਰਾ ਸਿੰਘ ਨੇ ਕਿਹਾ ਕਿ ਹਰ ਵਾਰ ਵੈਸ਼ਣੋ ਦੇਵੀ ਦੇ ਦਰਬਾਰ ’ਚ ਆਉਣਾ ਉਸ ਦੇ ਜੀਵਨ ਨੂੰ ਵੱਖਰੀ ਦਿਸ਼ਾ ਦੇ ਕੇ ਜਾਂਦਾ ਹੈ। ਮਾਂ ਭਗਵਤੀ ਦੇ ਦਰਬਾਰ ਤੋਂ ਬਹੁਤ ਕੁਝ ਪਾ ਕੇ ਜਾਂਦੀ ਹਾਂ, ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਬਹੁਤ ਹੀ ਮੁਸ਼ਕਿਲ ਹੈ। ਮਾਂ ਵੈਸ਼ਣੋ ਦੇਵੀ ਜਦੋਂ ਵੀ ਬੁਲਾਉਂਦੀ ਹੈ, ਸਾਰੇ ਪਲਾਨ ਰੱਦ ਕਰਕੇ ਯਾਤਰਾ ਲਈ ਨਿਕਲ ਪੈਂਦੀ ਹਾਂ।

2011 ਤੋਂ ਹੋਈ ਫ਼ਿਲਮੀ ਕਰੀਅਰ ਦੀ ਸ਼ੁਰੂਆਤ

ਅਕਸ਼ਰਾ ਸਿੰਘ ਨੇ ਦੱਸਿਆ ਕਿ 2011 ’ਚ ‘ਸਤਯਮੇਵ ਜਯਤੇ’ ਫ਼ਿਲਮ ਨਾਲ ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਬਹੁਤ ਸਾਰੀਆਂ ਭੋਜਪੁਰੀ ਫ਼ਿਲਮਾਂ ਦੇ ਨਾਲ-ਨਾਲ ਕਈ ਟੀ. ਵੀ. ਸੀਰੀਅਲਜ਼ ’ਚ ਵੀ ਕੰਮ ਕੀਤਾ। ਉਸ ਨੇ ਜ਼ੀ. ਟੀ. ਵੀ. ਦੇ ‘ਕਾਲਾ ਟੀਕਾ’, ਸੋਨੀ ਟੀ. ਵੀ. ਦੇ ‘ਸਰਵਿਸ ਵਾਲੀ ਬਹੂ’, ‘ਬਿੱਗ ਬੌਸ’ ਸਮੇਤ ਕਈ ਸੀਰੀਅਲਜ਼ ’ਚ ਕਿਰਦਾਰ ਨਿਭਾਏ ਹਨ। ਉਸ ਨੇ ਕਿਹਾ ਕਿ ਉਸ ਨੂੰ ਹਰ ਦਿਨ ਕੁਝ ਨਵਾਂ ਸਿੱਖਣ ਦਾ ਮੌਕਾ ਮਿਲ ਰਿਹਾ ਹੈ।

ਆਉਣ ਵਾਲੇ ਦਿਨਾਂ ’ਚ ਬਹੁਤ ਸਾਰੀਆਂ ਫ਼ਿਲਮਾਂ ਤੇ ਗਾਣੇ ਹੋਣਗੇ ਰਿਲੀਜ਼

ਅਕਸ਼ਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਬਹੁਤ ਸਾਰੀਆਂ ਭੋਜਪੁਰੀ ਫ਼ਿਲਮਾਂ ਸਮੇਤ ਗਾਣੇ ਰਿਲੀਜ਼ ਹੋਣਗੇ। ਉਹ ਹਰ ਸਾਲ ਮਾਤਾ ਰਾਣੀ ਨੂੰ ਇਕ ਭਜਨ ਡੈਡੀਗੇਟ ਕਰਦੀ ਹੈ। ਉਨ੍ਹਾਂ ਨੇ ਮਾਤਾ ਰਾਣੀ ਦੇ ਸਾਹਮਣੇ ਹਾਜ਼ਰੀ ਲਗਾਉਂਦਿਆਂ ਇਕ ਭਜਨ ਵੀ ਗਾਇਆ।

ਆਪਣੀ ਮਿਹਨਤ ’ਤੇ ਹਮੇਸ਼ਾ ਭਰੋਸਾ ਰੱਖਣ ਨਵੇਂ ਅਦਾਕਾਰ

ਫ਼ਿਲਮ ਇੰਡਸਟਰੀ ’ਚ ਆਉਣ ਵਾਲੇ ਨਵੇਂ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਅਕਸ਼ਰਾ ਸਿੰਘ ਨੇ ਕਿਹਾ ਕਿ ਨਵੇਂ ਅਦਾਕਾਰ ਹਮੇਸ਼ਾ ਆਪਣੀ ਮਿਹਨਤ ’ਤੇ ਭਰੋਸਾ ਰੱਖਣ ਤੇ ਸਖ਼ਤ ਤੋਂ ਸਖ਼ਤ ਮਿਹਨਤ ਕਰਨ।

ਵਾਰ-ਵਾਰ ਆਵਾਂਗੀ ਮਾਂ ਵੈਸ਼ਣੋ ਦੇਵੀ ਦੇ ਦਰਬਾਰ

ਅਕਸ਼ਰਾ ਸਿੰਘ ਨੇ ਕਿਹਾ ਕਿ ਜੇਕਰ ਉਸ ਨੂੰ ਮਾਂ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ ਤਾਂ ਉਹ ਵਾਰ-ਵਾਰ ਉਨ੍ਹਾਂ ਦੇ ਦਰਬਾਰ ’ਚ ਹਾਜ਼ਰੀ ਲਗਾਉਣ ਲਈ ਆਉਂਦੀ ਰਹੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News