ਸੱਚੀ ਘਟਨਾ ਤੋਂ ਇੰਸਪਾਇਰਡ, ਡਰਾਮਾ, ਥ੍ਰਿਲ ਤੇ ਸਸਪੈਂਸ ਨਾਲ ਭਰਪੂਰ ਹੈ ਫ਼ਿਲਮ ‘ਰਨਵੇ 34’

Thursday, Apr 28, 2022 - 01:51 PM (IST)

ਸੱਚੀ ਘਟਨਾ ਤੋਂ ਇੰਸਪਾਇਰਡ, ਡਰਾਮਾ, ਥ੍ਰਿਲ ਤੇ ਸਸਪੈਂਸ ਨਾਲ ਭਰਪੂਰ ਹੈ ਫ਼ਿਲਮ ‘ਰਨਵੇ 34’

ਅਜੇ ਦੇਵਗਨ ਅਦਾਕਾਰੀ ਤੋਂ ਇਲਾਵਾ ਨਿਰਦੇਸ਼ਨ ਲਈ ਵੀ ਜਾਣੇ ਜਾਂਦੇ ਹਨ। ਉਹ ‘ਯੂ ਮੀ ਔਰ ਹਮ’ (2008) ਤੇ ‘ਸ਼ਿਵਾਏ’ (2016) ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਰਨਵੇ 34’ ਦੀ ਵੀ ਲੋਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ‘ਰਨਵੇ 34’ 2015 ’ਚ ਹੋਈ ਇਕ ਸੱਚੀ ਘਟਨਾ ’ਤੇ ਆਧਾਰਿਤ ਫ਼ਿਲਮ ਹੈ। ਇਸ ਦੀ ਕਹਾਣੀ 2015 ’ਚ ਜੈੱਟ ਏਅਰਵੇਜ਼ ਦੀ ਦੋਹਾ-ਕੋਚੀ ਉਡਾਣ ਨਾਲ ਸਬੰਧਤ ਹੈ, ਜਿਸ ’ਚ ਖ਼ਰਾਬ ਮੌਸਮ ਤੇ ਧੁੰਦ ਕਾਰਨ ਪਾਇਲਟ ਨੂੰ ਜਹਾਜ਼ ਚਲਾਉਣ ’ਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫ਼ਿਲਮ ’ਚ ਅਮਿਤਾਭ ਬੱਚਨ, ਬੋਮਨ ਈਰਾਨੀ, ਰਕੁਲਪ੍ਰੀਤ ਸਿੰਘ, ਆਕਾਂਸ਼ਾ ਸਿੰਘ ਤੇ ਯੂਟਿਊਬਰ ਕੈਰੀ ਮਿਨਾਤੀ ਵੀ ਹਨ। ਫ਼ਿਲਮ ਨੂੰ ਅਜੇ ਦੇਵਗਨ ਨੇ ਨਿਰਦੇਸ਼ਿਤ ਕਰਨ ਦੇ ਨਾਲ ਹੀ ਇਸ ਦਾ ਨਿਰਮਾਣ ਵੀ ਕੀਤਾ ਹੈ। ਇਹ ਫ਼ਿਲਮ ਈਦ ਮੌਕੇ 29 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਫ਼ਿਲਮ ਦੀ ਸਟਾਰਕਾਸਟ ਅਜੇ ਦੇਵਗਨ ਤੇ ਰਕੁਲਪ੍ਰੀਤ ਸਿੰਘ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਬੱਚਨ ਸਰ ਤੋਂ ਸਿੱਖਿਆ, ਕਿਸੇ ਵੀ ਮੁਕਾਮ ’ਤੇ ਪਹੁੰਚ ਜਾਓ ਕੰਮ ਪ੍ਰਤੀ ਡੈਡੀਕੇਸ਼ਨ ਘੱਟ ਨਹੀਂ ਹੋਣੀ ਚਾਹੀਦੀ : ਰਕੁਲਪ੍ਰੀਤ

ਆਪਣੇ ਕਿਰਦਾਰ ਲਈ ਤੁਸੀਂ ਕਿਵੇਂ ਤਿਆਰੀ ਕੀਤੀ?
ਮੇਰਾ ਕਿਰਦਾਰ ਕੋ-ਪਾਇਲਟ ਦਾ ਹੈ। ਮੈਂ ਤੇ ਅਜੇ ਸਰ ਦੋਵਾਂ ਨੇ ਇਸ ਦੇ ਲਈ 4-5 ਦਿਨਾਂ ਦੀ ਕਾਕਪਿਟ ਟਰੇਨਿੰਗ ਲਈ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਪੈਨਲ ’ਤੇ ਕਿਥੇ ਕਿਹੜੇ ਬਟਨ ਹੁੰਦੇ ਹਨ ਕਿਉਂਕਿ ਤਾਂ ਹੀ ਸਾਡੀ ਬਾਡੀ ਲੈਂਗਵੇਜ ਸਹੀ ਰਹੇਗੀ। ਇਸ ਤੋਂ ਇਲਾਵਾ ਇਕ ਕੈਪਟਨ ਵੀ ਸਾਡੇ ਸੈੱਟ ’ਤੇ ਰਹਿੰਦੇ ਸਨ ਪਰ ਜਦੋਂ ਤੁਸੀਂ ਯੂਨੀਫਾਰਮ ਪਹਿਨਦੇ ਹੋ ਤਾਂ ਉਹ ਆਤਮ ਵਿਸ਼ਵਾਸ ਤੁਹਾਡੇ ’ਚ ਖ਼ੁਦ ਹੀ ਆ ਜਾਂਦਾ ਹੈ।

ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਐਕਸਪੀਰੀਐਂਸ ਕਿਹੋ ਜਿਹਾ ਰਿਹਾ? ਉਨ੍ਹਾਂ ਦੀ ਕੋਈ ਕੁਆਲਿਟੀ ਦੱਸੋ।
ਮੇਰੇ ਲਈ ਤਾਂ ਅਮਿਤਾਭ ਜੀ ਨਾਲ ਕੰਮ ਕਰਨਾ ਸੁਪਨੇ ਦੇ ਪੂਰਾ ਹੋਣ ਵਰਗਾ ਹੈ। ਜਦੋਂ ਇੰਡਸਟਰੀ ’ਚ ਕੋਈ ਆਉਂਦਾ ਹੈ ਤਾਂ ਉਸ ਦਾ ਸੁਪਨਾ ਹੁੰਦਾ ਹੈ ਕਿ ਇਕ ਵਾਰ ਉਹ ਬੱਚਨ ਜੀ ਨੂੰ ਮਿਲ ਲਵੇ। ਉਸ ਤੋਂ ਬਾਅਦ ਜਦੋਂ ਉਸ ਨੂੰ ਕੰਮ ਮਿਲਣ ਲੱਗਦਾ ਹੈ ਤਾਂ ਉਸ ਦਾ ਸੁਪਨਾ ਹੁੰਦਾ ਹੈ ਕਿ ਇਕ ਵਾਰ ਬੱਚਨ ਸਰ ਨਾਲ ਕੰਮ ਕਰਨ ਦਾ ਮੌਕਾ ਮਿਲ ਜਾਵੇ। ਮੈਂ ਦੱਸਣਾ ਚਾਹੁੰਦੀ ਹਾਂ ਕਿ ਬੱਚਨ ਜੀ ’ਚ ਕੰਮ ਲਈ ਅੱਜ ਵੀ ਬਹੁਤ ਡੈਡੀਕੇਸ਼ਨ ਹੈ। ਉਹ ਸੈੱਟ ’ਤੇ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੇ ਹਨ, ਉਹ ਵੈਨਿਟੀ ਵੈਨ ’ਚ ਨਹੀਂ ਜਾਂਦੇ, ਰਿਹਰਸਲ ਕਰਦੇ ਰਹਿੰਦੇ ਹਨ। ਇਕ ਕਿੱਸਾ ਦੱਸਦੀ ਹਾਂ। ਸਾਡਾ 21 ਸਫਿਆਂ ਦਾ ਇਕ ਸੀਨ ਸੀ, ਜੋ ਇਕੱਠੇ ਕਰਨਾ ਸੀ। ਜਦੋਂ ਬੱਚਨ ਸਰ ਆਏ ਤਾਂ ਉਨ੍ਹਾਂ ਨੂੰ ਸਾਰੇ ਡਾਇਲਾਗਸ ਯਾਦ ਸਨ। ਮੈਨੂੰ ਨਹੀਂ ਲੱਗਦਾ ਕਿ ਇੰਝ ਕੋਈ ਹੋਰ ਅਦਾਕਾਰ ਇੰਨਾ ਤਿਆਰ ਹੋਵੇਗਾ। ਉਨ੍ਹਾਂ ਨੂੰ ਕਦੇ ਵੀ ਘਰ ਜਾਣ ਦੀ ਜਲਦੀ ਨਹੀਂ ਹੁੰਦੀ। ਮੈਂ ਉਨ੍ਹਾਂ ਕੋਲੋਂ ਸਿੱਖਿਆ ਹੈ ਕਿ ਤੁਸੀਂ ਕਿਸੇ ਵੀ ਮੁਕਾਮ ’ਤੇ ਪਹੁੰਚ ਜਾਓ ਪਰ ਤੁਹਾਡਾ ਕੰਮ ਪ੍ਰਤੀ ਡੈਡੀਕੇਸ਼ਨ ਘੱਟ ਨਹੀਂ ਹੋਣਾ ਚਾਹੀਦਾ।

ਪਹਿਲਾਂ ਵੀ ਤੁਸੀਂ ਅਜੇ ਦੇਵਗਨ ਨਾਲ ਕੰਮ ਕਰ ਚੁੱਕੇ ਹੋ। ਇਸ ਫ਼ਿਲਮ ’ਚ ਡਾਇਰੈਕਟਰ ਦੇ ਤੌਰ ’ਤੇ ਉਨ੍ਹਾਂ ਨਾਲ ਕਿਹੋ ਜਿਹਾ ਐਕਸਪੀਰੀਐਂਸ ਰਿਹਾ?
ਹਾਂ, ਸ਼ੂਟ ਦੇ ਦੂਜੇ ਦਿਨ ਮੈਂ ਅਜੇ ਸਰ ਨੂੰ ਕਿਹਾ ਕਿ ਤੁਸੀਂ ਇੰਨਾ ਸਭ ਕਿਵੇਂ ਕਰ ਰਹੇ ਹੋ, ਐਕਟ ਵੀ ਕਰ ਰਹੇ ਹੋ, ਡਾਇਰੈਕਸ਼ਨ ਵੀ। ਸਾਰੇ ਕੈਮਰੇ ਵੀ ਉਹੀ ਚੈੱਕ ਕਰਦੇ ਸਨ। ‘ਰਨਵੇ’ ਸ਼ੂਟ ਕਰਨਾ ਬਹੁਤ ਮੁਸ਼ਕਿਲ ਹੈ। ਅਜੇ ਸਰ ਨੂੰ ਚੈਲੇਂਜ ਬਹੁਤ ਪਸੰਦ ਹਨ।

ਅਸੀਂ ਤੁਹਾਨੂੰ ਅੱਗੇ ਕਿਨ੍ਹਾਂ-ਕਿਨ੍ਹਾਂ ਫ਼ਿਲਮਾਂ ’ਚ ਦੇਖ ਸਕਾਂਗੇ?
ਮੇਰੀਆਂ ਕਈ ਫ਼ਿਲਮਾਂ ਆ ਰਹੀਆਂ ਹਨ, ਜਿਨ੍ਹਾਂ ’ਚ ਮੇਰੇ ਵੰਨ-ਸੁਵੰਨੇ ਕਿਰਦਾਰ ਹਨ। ਆਯੂਸ਼ਮਾਨ ਖੁਰਾਣਾ ਨਾਲ ਫ਼ਿਲਮ ‘ਡਾਕਟਰ ਜੀ’ ਹੈ, ਜਿਸ ’ਚ ਮੈਂ ਡਾਕਟਰ ਦੀ ਭੂਮਿਕਾ ’ਚ ਹਾਂ। ਇਕ ਅਜੇ ਦੇਵਗਨ ਤੇ ਸਿਧਾਰਥ ਮਲਹੋਤਰਾ ਦੀ ‘ਥੈਂਕ ਗੌਡ’ ਵੀ ਹੈ। ਨਾਲ ਹੀ ਇਕ ਫ਼ਿਲਮ ‘ਛੱਤਰੀ ਵਾਲੀ’ ਵੀ ਹੈ, ਜਿਸ ’ਚ ਮੈਂ ਕੰਡੋਮ ਟੈਸਟਰ ਬਣੀ ਹਾਂ।

ਮਿਸਟਰ ਬੱਚਨ ਨੂੰ ਆਪਣੀ ਫਿਲਮ ’ਚ ਡਾਇਰੈਕਟ ਕਰਨਾ ਹਰ ਡਾਇਰੈਕਟਰ ਦਾ ਡ੍ਰੀਮ ਹੁੰਦਾ ਹੈ : ਅਜੇ ਦੇਵਗਨ

ਫ਼ਿਲਮ ’ਚ ਕੀ ਖ਼ਾਸ ਹੋਣ ਵਾਲਾ ਹੈ?
ਫ਼ਿਲਮ ਇਕ ਸੱਚੀ ਘਟਨਾ ਤੋਂ ਇੰਸਪਾਇਰਡ ਹੈ। ਇਸ ’ਚ ਬਹੁਤ ਸਾਰਾ ਡਰਾਮਾ, ਥ੍ਰਿਲ ਤੇ ਸਸਪੈਂਸ ਹੈ। ਇਹ ਕਾਫੀ ਵੱਖਰੀ ਤਰ੍ਹਾਂ ਦੀ ਫ਼ਿਲਮ ਹੈ।

ਕੀ ਤੁਸੀਂ ਫ਼ਿਲਮ ਬਣਾਉਣ ਤੋਂ ਪਹਿਲਾਂ ਇਸ ਘਟਨਾ ਬਾਰੇ ਜਾਣਦੇ ਸੀ?
ਨਹੀਂ, ਮੈਂ ਇਸ ਬਾਰੇ ਪਹਿਲਾਂ ਕੁਝ ਨਹੀਂ ਜਾਣਦਾ ਸੀ। ਤੁਸੀਂ ਜਦੋਂ ਫ਼ਿਲਮ ਦੇਖੋਗੇ ਤਾਂ ਪਤਾ ਲੱਗੇਗਾ ਕਿ ਇਹ ਕਿੰਨੀ ਦਿਲਚਸਪ ਹੈ।

ਅਮਿਤਾਭ ਬੱਚਨ ਨੂੰ ਡਾਇਰੈਕਟ ਕਰਨਾ ਕਿਹੋ ਜਿਹਾ ਰਿਹਾ?
ਮਿਸਟਰ ਬੱਚਨ ਨੂੰ ਆਪਣੀ ਫ਼ਿਲਮ ’ਚ ਡਾਇਰੈਕਟ ਕਰਨਾ ਹਰ ਡਾਇਰੈਕਟਰ ਦਾ ਡ੍ਰੀਮ ਹੁੰਦਾ ਹੈ। ਉਨ੍ਹਾਂ ਨਾਲ ਕੰਮ ਕਰਨਾ ਬਹੁਤ ਵਧੀਆ ਰਿਹਾ। ਤੁਸੀਂ ਉਮੀਦ ਕਰਦੇ ਹੋ ਕਿ ਸਾਹਮਣੇ ਵਾਲਾ ਤੁਹਾਨੂੰ 100 ਪਰਸੈਂਟ ਦੇਵੇ ਪਰ ਮਿਸਟਰ ਬੱਚਨ ਤਾਂ 150 ਪਰਸੈਂਟ ਦਿੰਦੇ ਹਨ।

ਟਰੇਲਰ ਤੋਂ ਇਹ ਫ਼ਿਲਮ ਹਾਲੀਵੁੱਡ ਦੇ ਲੈਵਲ ਦੀ ਲੱਗ ਰਹੀ ਹੈ। ਸੈੱਟ, ਇਫੈਕਟਸ ਸਭ ਕੁਝ ਕਿਵੇਂ ਅਚੀਵ ਕੀਤਾ?
ਜਦੋਂ ਲੋਕ ਕਹਿੰਦੇ ਹਨ ਕਿ ਸਾਡੀਆਂ ਫ਼ਿਲਮਾਂ ਉਨ੍ਹਾਂ (ਹਾਲੀਵੁੱਡ) ਵਰਗੀਆਂ ਨਹੀਂ ਬਣਦੀਆਂ ਤਾਂ ਉਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਹ ਫ਼ਿਲਮਾਂ ਹਜ਼ਾਰ ਕਰੋੜ ਦੇ ਬਜਟ ਦੀਆਂ ਬਣਾਉਂਦੇ ਹਨ ਤੇ ਅਸੀਂ 100 ਕਰੋੜ ’ਚ। ਸਾਡੀਆਂ ਬਹੁਤ ਲਿਮੀਟੇਸ਼ਨਜ਼ ਹਨ ਪਰ ਸਾਡੇ ਕੋਲ ਬਹੁਤ ਟੈਲੇਂਟ ਹੈ। ਅਜਿਹੇ ਦਿਮਾਗ ਹਨ ਕਿ ਅਸੀਂ ਸਭ ਆਪਣੇ ਬਜਟ ’ਚ ਕਰ ਸਕਦੇ ਹਾਂ। ਉਨ੍ਹਾਂ ਨਾਲ ਕੰਪੇਅਰ ਕਰਨਾ ਸੌਖਾ ਹੈ ਪਰ ਆਪਣੇ ਘੇਰੇ ’ਚ ਰਹਿ ਕੇ ਉਥੋਂ ਤਕ ਪਹੁੰਚਣਾ ਮੁਸ਼ਕਿਲ ਤਾਂ ਹੈ ਪਰ ਮਜ਼ਾ ਆਉਂਦਾ ਹੈ।

ਤੁਸੀਂ ਐਕਟਰ, ਡਾਇਰੈਕਟਰ, ਪ੍ਰੋਡਿਊਸਰ ਸਭ ਕੁਝ ਹੋ, ਅਜਿਹਾ ਹੋਰ ਕੀ ਹੈ ਜੋ ਤੁਸੀਂ ਅਜੇ ਕਰਨਾ ਚਾਹੁੰਦੇ ਹੋ?
ਪਤਾ ਨਹੀਂ... ਹਾਂ, ਅਜੇ ਬਹੁਤ ਕੁਝ ਕਰਨਾ ਬਾਕੀ ਰਹਿੰਦਾ ਹੈ। ਕੋਸ਼ਿਸ਼ ਇਹੀ ਹੈ ਕਿ ਚੰਗਾ ਕੰਮ ਕਰਨਾ ਹੈ, ਭਾਵੇਂ ਕਿਸੇ ਵੀ ਡਿਪਾਰਟਮੈਂਟ ’ਚ ਹੋਵੇ।

ਇਸ ਮੁਕਾਮ ’ਤੇ ਆ ਕੇ ਅੱਜ ਤੁਹਾਡੇ ਲਈ ਫ਼ਿਲਮਾਂ ਦੇ ਮਾਇਨੇ ਕਿੰਨੇ ਬਦਲ ਗਏ ਹਨ?
ਹਾਲੀਵੁੱਡ ’ਚ ਕਦੇ ਕਿਸੇ ਅਦਾਕਾਰ ਨੂੰ ਨਹੀਂ ਪੁੱਛਿਆ ਜਾਂਦਾ ਕਿ ਤੁਸੀਂ ਛੋਟਾ ਰੋਲ ਕਿਉਂ ਕੀਤਾ ਪਰ ਸਾਡੇ ਇਥੇ ਅਜਿਹਾ ਹੁੰਦਾ ਹੈ। ਮੇਰੇ ਹਿਸਾਬ ਨਾਲ ਜੇ ਤੁਹਾਡਾ ਕਿਰਦਾਰ ਛੋਟਾ ਹੈ ਤੇ ਫ਼ਿਲਮ ਨੂੰ ਪੂਰੀ ਸੁਪੋਰਟ ਦਿੰਦਾ ਹੈ ਤਾਂ ਕਰਨਾ ਚਾਹੀਦਾ ਹੈ। ਮੈਂ ਹਮੇਸ਼ਾ ਉਹ ਕੰਮ ਕੀਤਾ ਹੈ, ਜੋ ਮੈਨੂੰ ਚੰਗਾ ਲੱਗਾ। ਇਕ ਅਦਾਕਾਰ ਹੋਣ ਦੇ ਨਾਤੇ ਕਦੇ ਇਕੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਤੁਸੀਂ ਉਸੇ ਤਰ੍ਹਾਂ ਦੇ ਕਿਰਦਾਰ ’ਚ ਬੱਝ ਜਾਂਦੇ ਹੋ। ਵੱਖ-ਵੱਖ ਚੀਜ਼ਾਂ ਕਰਨਾ ਜ਼ਰੂਰੀ ਹਨ।

ਡਾਇਰੈਕਟਰ ਵਜੋਂ ਤੁਹਾਨੂੰ ਕੀ ਲੱਗਦਾ ਹੈ ਕਿ ਓ. ਟੀ. ਟੀ. ਕਾਰਨ ਇੰਡਸਟਰੀ ’ਚ ਕੀ ਚੇਂਜ ਆਇਆ ਹੈ?
ਓ. ਟੀ. ਟੀ. ਆਉਣ ਨਾਲ ਇਹ ਚੇਂਜ ਆਇਆ ਹੈ ਕਿ ਸਾਡੀ ਆਡੀਅੰਸ ਦਾ ਐਕਸਪੋਜ਼ਰ ਕਾਫੀ ਵੱਧ ਗਿਆ ਹੈ। ਹੁਣ ਲੋਕ ਹਰ ਲੈਂਗਵੇਜ ਤੇ ਵੱਖ-ਵੱਖ ਤਰ੍ਹਾਂ ਦੇ ਸਿਨੇਮਾ ਨੂੰ ਦੇਖਣਾ ਪਸੰਦ ਕਰਦੇ ਹਨ। ਤੁਸੀਂ ਇਸ ਗੱਲ ਨੂੰ ਸਮਝੋ ਕਿ ਸਾਊਥ ਦੀਆਂ ਫ਼ਿਲਮਾਂ ਹੋਣ ਜਾਂ ਪੰਜਾਬੀ ਫ਼ਿਲਮਾਂ, ਸਾਰੀਆਂ ਭਾਰਤ ਦੀਆਂ ਹੀ ਹਨ। ਤਬਦੀਲੀ ਇਹ ਆਈ ਹੈ ਕਿ ਓ. ਟੀ. ਟੀ. ਕਾਰਨ ਹੁਣ ਸਾਰੇ ਆਸਾਨੀ ਨਾਲ ਦੇਖਣ ਲੱਗੇ ਹਨ।


author

Rahul Singh

Content Editor

Related News