ਐਲਵਿਸ਼ ਤੋਂ ਬਾਅਦ ਇਸ ਮਸ਼ਹੂਰ ਗਾਇਕ ਤੋਂ ਪੁੱਛਗਿੱਛ, ਸੱਪਾਂ ਦਾ ਜ਼ਹਿਰ ਸਪਲਾਈ ਕਰਨ ’ਤੇ ਦਿੱਤਾ ਇਹ ਬਿਆਨ

Thursday, Nov 09, 2023 - 01:58 PM (IST)

ਐਲਵਿਸ਼ ਤੋਂ ਬਾਅਦ ਇਸ ਮਸ਼ਹੂਰ ਗਾਇਕ ਤੋਂ ਪੁੱਛਗਿੱਛ, ਸੱਪਾਂ ਦਾ ਜ਼ਹਿਰ ਸਪਲਾਈ ਕਰਨ ’ਤੇ ਦਿੱਤਾ ਇਹ ਬਿਆਨ

ਮੁੰਬਈ (ਬਿਊਰੋ)– ਰੇਵ ਪਾਰਟੀ ਤੇ ਸੱਪ ਸਪਲਾਈ ਮਾਮਲੇ ’ਚ ਫੜੇ ਗਏ ਯੂਟਿਊਬਰ ਐਲਵਿਸ਼ ਯਾਦਵ ਨੇ ਕਈ ਰਾਜ਼ ਖੋਲ੍ਹੇ ਹਨ। ਜਦੋਂ ਪੁਲਸ ਨੇ ਐਲਵਿਸ਼ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਗਾਇਕ ਫਾਜ਼ਿਲਪੁਰੀਆ ਦਾ ਨਾਮ ਵੀ ਲਿਆ। ਇਸ ’ਤੇ ਹੁਣ ਗਾਇਕ ਫਾਜ਼ਿਲਪੁਰੀਆ ਨੇ ਸਪੱਸ਼ਟੀਕਰਨ ਦਿੱਤਾ ਹੈ। ਫਾਜ਼ਿਲਪੁਰੀਆ ਨੇ ਦੱਸਿਆ ਕਿ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਸਾਡੇ ਗੀਤ ਦੇ ਸ਼ੂਟ ਦੀ ਹੈ। ਦੇਖੇ ਗਏ ਸਾਰੇ ਸੱਪਾਂ ਦੀ ਇਜਾਜ਼ਤ ਸੀ। ਇਹ ਸਾਰੇ ਵਿਦੇਸ਼ੀ ਸੱਪ ਹਨ। ਉਨ੍ਹਾਂ ਸੱਪਾਂ ਦਾ ਰੇਵ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

ਫਾਜ਼ਿਲਪੁਰੀਆ ਐਲਵੀਸ਼ ਯਾਦਵ ਨੂੰ ਕਿਵੇਂ ਜਾਣਦੇ ਹਨ?
ਐਲਵਿਸ਼ ਯਾਦਵ ਨਾਲ ਉਸ ਦੀ ਦੋਸਤੀ ਕਿਵੇਂ ਹੋਈ, ਇਸ ਬਾਰੇ ਗਾਇਕ ਫਾਜ਼ਿਲਪੁਰੀਆ ਨੇ ਕਿਹਾ ਕਿ ਐਲਵਿਸ਼ ਯਾਦਵ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਮੈਂ ਉਸ ਨੂੰ ਬਚਪਨ ਤੋਂ ਜਾਣਦਾ ਹਾਂ। ਹੁਣ ਪਹਿਲੀ ਵਾਰ ਪਤਾ ਲੱਗਾ ਕਿ ਸੱਪ ਦਾ ਜ਼ਹਿਰ ਵੀ ਨਸ਼ਾ ਹੁੰਦਾ ਹੈ। ਹੁਣ ਤੱਕ ਮੈਨੂੰ ਪਤਾ ਸੀ ਕਿ ਲੋਕ ਸੱਪ ਦੇ ਜ਼ਹਿਰ ਨਾਲ ਮਰਦੇ ਹਨ। ਪੁਲਸ ਨੇ ਮੈਨੂੰ ਪੁੱਛਗਿੱਛ ਲਈ ਕਿਹਾ ਹੈ। ਹਾਲਾਂਕਿ ਅਜੇ ਜਾਂਚ ਦੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਦੀ ਜ਼ਿੰਦਗੀ ਹੋਈ ਰੰਗੀਨ, ਡੇਟ 'ਤੇ ਗਈ ਅਦਾਕਾਰਾ ਨੇ ਵੀਡੀਓ ਸਾਂਝੀ ਕਰ ਦੱਸੀ ਦਿਲ ਦੀ ਗੱਲ

ਸੱਪ ਦੀ ਵੀਡੀਓ ’ਤੇ ਫਾਜ਼ਿਲਪੁਰੀਆ ਨੇ ਕੀ ਕਿਹਾ?
ਫਾਜ਼ਿਲਪੁਰੀਆ ਨੇ ਵੀਡੀਓ ’ਚ ਸੱਪਾਂ ਦੀ ਮੌਜੂਦਗੀ ’ਤੇ ਵੀ ਸਪੱਸ਼ਟੀਕਰਨ ਦਿੱਤਾ ਹੈ। ਸਾਡੇ ਗੀਤਾਂ ’ਚ ਵੀ ਬੰਦੂਕਾਂ ਹਨ, ਜਾਅਲੀ ਕਰੰਸੀ ਵੀ ਹੈ, ਸ਼ਰਾਬ ਵੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਨੂੰ ਸਪਲਾਈ ਕਰਦੇ ਹਾਂ। ਇਹ ਸਭ ਪ੍ਰੋਡਕਸ਼ਨ ਯੂਨਿਟ ਦੁਆਰਾ ਕੀਤਾ ਜਾਂਦਾ ਹੈ। ਇੰਟਰਨੈੱਟ ’ਤੇ ਵਿਦੇਸ਼ੀ ਸੱਪਾਂ ਦੀਆਂ ਹਜ਼ਾਰਾਂ ਵੀਡੀਓਜ਼ ਹਨ। ਜੇ ਸੱਪਾਂ ਨਾਲ ਵੀਡੀਓ ਬਣਾਉਣਾ ਗਲਤ ਹੈ ਤਾਂ ਉਨ੍ਹਾਂ ਨੂੰ ਪਾਲਤੂ ਜਾਨਵਰਾਂ ਦੀ ਇਜਾਜ਼ਤ ਕਿਉਂ ਦਿੱਤੀ ਜਾਂਦੀ ਹੈ?

ਐਲਵੀਸ਼ ਯਾਦਵ ਨੇ ਪੁੱਛਗਿੱਛ ਦੌਰਾਨ ਖੋਲ੍ਹਿਆ ਰਾਜ਼
ਜ਼ਿਕਰਯੋਗ ਹੈ ਕਿ ਰੇਵ ਪਾਰਟੀ ਤੇ ਸੱਪ ਦੇ ਜ਼ਹਿਰ ਦੀ ਸਪਲਾਈ ਦੇ ਦੋਸ਼ਾਂ ’ਚ ਘਿਰੇ ਯੂਟਿਊਬਰ ਐਲਵਿਸ਼ ਯਾਦਵ ਦੇ ਮਾਮਲੇ ’ਚ ਵੱਡਾ ਮੋੜ ਆਇਆ ਹੈ। ਸੂਤਰਾਂ ਮੁਤਾਬਕ ਨੋਇਡਾ ਪੁਲਸ ਦੀ ਪੁੱਛਗਿੱਛ ਦੌਰਾਨ ਐਲਵਿਸ਼ ਯਾਦਵ ਨੇ ਦੱਸਿਆ ਕਿ ਬਾਲੀਵੁੱਡ ਗਾਇਕ ਫਾਜ਼ਿਲਪੁਰੀਆ ਆਪਣੀ ਸ਼ੂਟਿੰਗ ਲਈ ਸੱਪਾਂ ਦਾ ਇੰਤਜ਼ਾਮ ਕਰਦਾ ਸੀ। ਹਾਲਾਂਕਿ ਹੁਣ ਫਾਜ਼ਿਲਪੁਰੀਆ ਨੇ ਸਪੱਸ਼ਟੀਕਰਨ ਦਿੱਤਾ ਹੈ। ਪੁਲਸ ਵਲੋਂ ਅਜੇ ਉਸ ਤੋਂ ਪੁੱਛਗਿੱਛ ਕਰਨੀ ਬਾਕੀ ਹੈ।

ਐਲਵਿਸ਼ ਕੋਲੋਂ ਪੁੱਛੇ ਗਏ 30 ਸਵਾਲ
ਦੱਸ ਦਈਏ ਕਿ ਮੰਗਲਵਾਰ ਰਾਤ ਕਰੀਬ ਤਿੰਨ ਘੰਟੇ ਤੱਕ ਐਲਵਿਸ਼ ਯਾਦਵ ਤੋਂ ਪੁੱਛਗਿੱਛ ਦੌਰਾਨ ਕਰੀਬ 30 ਸਵਾਲ ਪੁੱਛੇ ਗਏ, ਜਿਨ੍ਹਾਂ ’ਚੋਂ ਕੁਝ ਦੇ ਜਵਾਬ ਉਸ ਨੇ ਪੁਲਸ ਨੂੰ ਦਿੱਤੇ। ਨੋਇਡਾ ਪੁਲਸ ਦੇ ਸੂਤਰਾਂ ਅਨੁਸਾਰ ਵਾਇਰਲ ਵੀਡੀਓ ਦੇ ਸਬੰਧ ’ਚ ਸਵਾਲ-ਜਵਾਬ ਸੈਸ਼ਨ ਦੌਰਾਨ ਐਲਵੀਸ਼ ਨੇ ਦੱਸਿਆ ਕਿ ਫਾਜ਼ਿਲਪੁਰੀਆ ਨੇ ਉਸ ਦੇ ਸ਼ੂਟ ਲਈ ਸੱਪਾਂ ਦਾ ਪ੍ਰਬੰਧ ਕੀਤਾ ਸੀ। ਲੋਕਾਂ ਨੇ ਉਸੇ ਸੈੱਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ। ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਐਲਵਿਸ਼ ਨੇ ਸ਼ੁਰੂਆਤੀ ਆਸਾਨ ਸਵਾਲਾਂ ਦੇ ਜਵਾਬ ਆਰਾਮ ਨਾਲ ਦਿੱਤੇ ਪਰ ਬਾਅਦ ’ਚ ਉਹ ਅਸਪੱਸ਼ਟ ਗੱਲਾਂ ਕਰਨ ਲੱਗਾ। ਐਲਵਿਸ਼ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News